'ਰਵਨੀਤ ਬਿੱਟੂ' ਖਿਲਾਫ ਸਿੱਖ ਜੱਥੇਬੰਦੀਆਂ ਨੇ ਦਿੱਤੀ ਸ਼ਿਕਾਇਤ, ਜਾਣੋ ਪੂਰਾ ਮਾਮਲਾ (ਵੀਡੀਓ)

Friday, Feb 07, 2020 - 04:35 PM (IST)

ਲੁਧਿਆਣਾ (ਨਰਿੰਦਰ) : ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵਲੋਂ ਲਗਾਤਾਰ ਭਿੰਡਰਾਂਵਾਲੇ ਖਿਲਾਫ ਬਿਆਨਬਾਜ਼ੀ ਕਰਨ 'ਤੇ ਸ਼ਿਕਾਇਤ ਕੀਤੀ ਗਈ ਹੈ। ਰਵਨੀਤ ਬਿੱਟੂ ਖਿਲਾਫ ਬੀਤੇ ਦਿਨ ਸਿੱਖ ਜੱਥੇਬੰਦੀਆਂ ਦਾ ਇਕ ਵਫਦ ਲੁਧਿਆਣਾ ਦੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦੇਣ ਲਈ ਪੁੱਜਿਆ। ਵਫਦ ਨੇ ਕਿਹਾ ਕਿ ਰਵਨੀਤ ਬਿੱਟੂ ਲਗਾਤਾਰ ਭਿੰਡਰਾਂਵਾਲੇ ਖਿਲਾਫ ਬਿਆਨਬਾਜ਼ੀ ਕਰਕੇ ਉਸ ਨੂੰ ਹਜ਼ਾਰਾਂ ਲੋਕਾਂ ਦਾ ਕਾਤਲ ਦੱਸ ਰਹੇ ਹਨ, ਜੋ ਕਿ ਸਰਾਸਰ ਗਲਤ ਹੈ।

ਜੱਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਰਵਨੀਤ ਬਿੱਟੂ ਪਹਿਲਾਂ ਇਹ ਸਾਬਿਤ ਕਰ ਕੇ ਦਿਖਾਉਣ ਕਿ ਭਿੰਡਰਾਂਵਾਲੇ ਨੇ ਕਿਸੇ ਵੀ ਸ਼ਖਸ ਦਾ ਕਤਲ ਕੀਤਾ ਹੈ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਦੇ ਕਿਸੇ ਵੀ ਪੁਲਸ ਥਾਣੇ 'ਚ ਭਿੰਡਰਾਂਵਾਲੇ ਦੇ ਖਿਲਾਫ ਕੋਈ ਮਾਮਲਾ ਦਰਜ ਨਹੀਂ ਹੈ। ਇਸ ਮੌਕੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਲੈ ਕੇ ਵੀ ਸਿੱਖ ਜੱਥੇਬੰਦੀਆਂ ਨੇ ਕਿਹਾ ਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਢੱਡਰੀਆਂ ਵਾਲੇ ਨੂੰ ਆਪਣੀ ਗੱਲ ਰੱਖਣ ਲਈ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਤਾਂ ਉਹ ਆਪਣਾ ਸਪੱਸ਼ਟੀਕਰਨ ਕਿਉਂ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਕੁਝ ਸਿਆਸੀ ਆਗੂਆਂ ਦੀ ਸ਼ਹਿ 'ਤੇ ਢੱਡਰੀਆਂ ਵਾਲੇ ਇਹ ਸਭ ਪ੍ਰਚਾਰ ਕਰ ਰਹੇ ਹਨ।


author

Babita

Content Editor

Related News