ਧੋਖਾਧੜੀ ਦਾ ਸ਼ਿਕਾਰ ਹੋਏ ਖ਼ਪਤਕਾਰ ਨੂੰ ਮੁਆਵਜ਼ੇ ਸਮੇਤ ਰਕਮ ਵਾਪਸ ਕਰਨ ਦੇ ਹੁਕਮ
Saturday, Mar 29, 2025 - 03:16 PM (IST)

ਬਠਿੰਡਾ (ਵਰਮਾ) : ਸਾਲ-2020 ਦੌਰਾਨ ਬੈਂਕ ਧੋਖਾਧੜੀ ਦਾ ਸ਼ਿਕਾਰ ਹੋਏ ਇੱਕ ਖ਼ਪਤਕਾਰ ਦੀ ਸ਼ਿਕਾਇਤ 'ਤੇ ਜ਼ਿਲ੍ਹਾ ਖ਼ਪਤਕਾਰ ਫੋਰਮ ਨੇ ਬੈਂਕ ਨੂੰ ਖ਼ਾਤੇ ਵਿੱਚੋਂ ਕੱਢਵਾਈ ਗਈ ਰਕਮ ਵਿਆਜ ਸਮੇਤ ਦੇਣ ਅਤੇ 10,000 ਰੁਪਏ ਮੁਆਵਜ਼ੇ ਵਜੋਂ ਦੇਣ ਦੇ ਹੁਕਮ ਜਾਰੀ ਕੀਤੇ ਹਨ। ਸ਼ਿਕਾਇਤਕਰਤਾ ਦੇ ਵਕੀਲ ਅਰੁਣ ਮਿੱਤਲ ਅਤੇ ਜਤਿੰਦਰਾ ਵੈਦ ਨੇ ਦੱਸਿਆ ਕਿ ਖ਼ਪਤਕਾਰ ਸ਼ਿਖਾ ਅਰੋੜਾ ਪਤਨੀ ਰਾਜਨ ਕਟਾਰੀਆ ਦਾ ਬੈਂਕ ਖ਼ਾਤਾ ਐੱਸ. ਬੀ. ਆਈ. ਐੱਸ. ਐੱਸ. ਡੀ ਕਾਲਜ ਸ਼ਾਖਾ ਵਿਚ ਸੀ। ਇਕ ਜੂਨ 2020 ਨੂੰ ਕਿਸੇ ਨੇ ਧੋਖੇ ਨਾਲ ਉਸਦੇ ਖ਼ਾਤੇ ਵਿੱਚੋਂ 84794 ਰੁਪਏ ਕੱਢਵਾ ਲਏ।
ਬੈਂਕ ਨਾਲ ਸੰਪਰਕ ਕਰਨ 'ਤੇ ਬੈਂਕ ਨੇ ਆਪਣੀ ਕਾਰਵਾਈ ਪੂਰੀ ਕਰਕੇ ਉਸ ਨੂੰ 66694 ਰੁਪਏ ਵਾਪਸ ਕਰ ਦਿੱਤੇ ਪਰ ਕਰੀਬ 18 ਹਜ਼ਾਰ ਰੁਪਏ ਦੀ ਰਾਸ਼ੀ ਨਹੀਂ ਦਿੱਤੀ ਗਈ। ਇਸ ਤੋਂ ਬਾਅਦ ਉਸ ਨੇ ਖ਼ਪਤਕਾਰ ਫੋਰਮ 'ਚ ਮਾਮਲਾ ਦਰਜ ਕਰਵਾਇਆ। ਹੁਣ ਇਸ ਮਾਮਲੇ ਦਾ ਨਿਪਟਾਰਾ ਕਰਦੇ ਹੋਏ ਖ਼ਪਤਕਾਰ ਫੋਰਮ ਨੇ ਬੈਂਕ ਨੂੰ 7 ਫ਼ੀਸਦੀ ਸਲਾਨਾ ਵਿਆਜ ਸਮੇਤ ਸਾਰੀ ਬਾਕੀ ਰਕਮ ਖ਼ਪਤਕਾਰ ਨੂੰ ਵਾਪਸ ਕਰਨ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਫੋਰਮ ਨੇ ਖ਼ਪਤਕਾਰ ਨੂੰ 10000 ਰੁਪਏ ਮੁਆਵਜ਼ੇ ਵਜੋਂ ਦੇਣ ਦੇ ਹੁਕਮ ਵੀ ਜਾਰੀ ਕੀਤੇ ਹਨ।