ਚੰਡੀਗੜ੍ਹ ਨੂੰ ਮਿਲੀ ਕਾਮਨਵੈਲਥ ਗੇਮਜ਼ ''ਚ ਸ਼ੂਟਿੰਗ ਦੀ ਮੇਜ਼ਬਾਨੀ
Tuesday, Feb 25, 2020 - 03:04 PM (IST)
ਚੰਡੀਗੜ੍ਹ (ਲਲਨ) : ਚੰਡੀਗੜ੍ਹ ਸ਼ੂਟਿੰਗ ਐਸੋਸੀਏਸ਼ਨ ਦੀ ਅਣਥੱਕ ਮਿਹਨਤ ਦੀ ਬਦੌਲਤ ਕਾਮਨਵੈਲਥ ਗੇਮਜ਼-2022 'ਚ ਸ਼ੂਟਿੰਗ ਦੀ ਮੇਜ਼ਬਾਨੀ ਚੰਡੀਗੜ੍ਹ ਨੂੰ ਮਿਲੀ ਹੈ। ਇਹ ਗੇਮਜ਼ ਜਨਵਰੀ 2022 'ਚ ਖੇਡੀਆਂ ਜਾਣਗੀਆਂ। ਹਾਲਾਂਕਿ ਕਾਮਨਵੈਲਥ ਗੇਮਜ਼ ਲੰਡਨ 'ਚ ਹੋਣੀਆਂ ਸਨ ਪਰ ਕਾਮਨਵੈਲਥ ਗੇਮਜ਼ ਫੈੱਡਰੇਸ਼ਨ ਵੱਲੋਂ ਇਸਨੂੰ ਬਦਲ ਕੇ ਇੰਡੀਆ 'ਚ ਰੱਖਿਆ ਗਿਆ। ਇਸ ਤੋਂ ਬਾਅਦ ਇਸਦਾ ਐਲਾਨ ਚੰਡੀਗੜ੍ਹ 'ਚ ਕੀਤਾ ਗਿਆ। ਇਸਦੇ ਆਯੋਜਨ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਹੁਣੇ ਤੋਂ ਤਿਆਰੀਆਂ ਸ਼ੁਰੂ ਕਰਨੀਆਂ ਹੋਣਗੀਆਂ। ਕਿਉਂਕਿ ਇੰਟਰਨੈਸ਼ਨਲ ਪੱਧਰ ਦੀ ਚੈਂਪੀਅਨਸ਼ਿਪ ਦੇ ਪ੍ਰਬੰਧ ਲਈ ਵਰਲਡ ਕਲਾਸ ਦੀ ਸ਼ੂਟਿੰਗ ਰੇਂਜ ਦਾ ਹੋਣਾ ਜ਼ਰੂਰੀ ਹੈ। ਹਾਲਾਂਕਿ ਪ੍ਰਸ਼ਾਸਨ ਵੱਲੋਂ ਇਹ ਐਲਾਨ ਕੀਤਾ ਜਾ ਚੁੱਕਿਆ ਹੈ ਕਿ ਸੈਕਟਰ-25 ਸ਼ੂਟਿੰਗ ਰੇਂਜ ਨੂੰ ਛੇਤੀ ਅਪਗ੍ਰੇਡ ਕੀਤਾ ਜਾਵੇਗਾ। ਇਸਦੇ ਨਾਲ ਹੀ ਵਿਭਾਗ ਵੱਲੋਂ ਸਾਰੰਗਪੁਰ ਸ਼ੂਟਿੰਗ ਰੇਂਜ ਨੂੰ ਵੀ ਤਿਆਰ ਕਰਨਾ ਹੋਵੇਗਾ ਕਿਉਂਕਿ ਚੈਂਪੀਅਨਸ਼ਿਪ ਲਈ ਇਕੱਠੇ 60-80 ਟਾਰਗੈੱਟ ਪੁਆਇੰਟ ਹੋਣੇ ਜ਼ਰੂਰੀ ਹਨ। ਅਜਿਹੇ 'ਚ ਵਿਭਾਗ ਨੂੰ ਕਾਫ਼ੀ ਮਿਹਨਤ ਕਰਨੀ ਹੋਵੇਗੀ।
ਸਾਰੰਗਪੁਰ ਅਤੇ ਸੈਕਟਰ-25 ਸ਼ੂਟਿੰਗ ਰੇਂਜ 'ਚ ਖੇਡੀ ਜਾ ਸਕਦੀ ਹੈ ਚੈਂਪੀਅਨਸ਼ਿਪ
ਕਾਮਨਵੈਲਥ ਗੇਮਜ਼ ਦੇ ਜ਼ਿਆਦਾਤਰ ਮੁਕਾਬਲੇ ਸ਼ੂਟਿੰਗ ਰੇਂਜ-25 'ਚ ਹੀ ਹੋਣਗੇ। ਇਸ ਨੂੰ ਲੈ ਕੇ ਪ੍ਰਸ਼ਾਸਨ ਨੇ ਇਸ ਸ਼ੂਟਿੰਗ ਰੇਂਜ ਨੂੰ ਅਪਗ੍ਰੇਡ ਕਰਨ ਲਈ ਤਕਰੀਬਨ 5 ਕਰੋੜ ਰੁਪਏ ਵੀ ਪਾਸ ਕਰ ਦਿੱਤੇ ਹਨ ਪਰ ਇਸਦੇ ਨਾਲ ਹੀ ਪ੍ਰਸ਼ਾਸਨ ਨੂੰ ਸਾਰੰਗਪੁਰ ਸ਼ੂਟਿੰਗ ਰੇਂਜ ਨੂੰ ਵੀ ਜਲਦੀ ਤਿਆਰ ਕਰਨਾ ਪਵੇਗ, ਕਿਉਂਕਿ ਸ਼ੂਟਿੰਗ ਰੇਂਜ-25 'ਚ ਸ਼ਾਟਗੰਨ ਈਵੈਂਟ ਲਈ ਟਾਰਗੈੱਟ ਪੁਆਇੰਟ ਨਹੀਂ ਹਨ। ਅਜਿਹੇ 'ਚ ਸਾਰੰਗਪੁਰ ਸ਼ੂਟਿੰਗ ਰੇਂਜ ਨੂੰ 2 ਸਾਲਾਂ ਅੰਦਰ ਤਿਆਰ ਕਰਨਾ ਹੋਵੇਗਾ। ਹਾਲਾਂਕਿ ਵਿਭਾਗ ਵੱਲੋਂ ਨਕਸ਼ਾ ਤਿਆਰ ਕਰ ਲਿਆ ਗਿਆ ਹੈ। ਅਜਿਹੇ 'ਚ ਮੇਜ਼ਬਾਨੀ ਮਿਲਣ ਤੋਂ ਬਾਅਦ ਪ੍ਰਸ਼ਾਸਨ ਅਤੇ ਐਸੋਸੀਏਸ਼ਨ ਨੂੰ ਮਿਲ ਕੇ ਰੇਂਜ ਦੇ ਪੱਧਰ ਨੂੰ ਵਧਾਉਣਾ ਪਵੇਗਾ।
ਸੈਕਟਰ-25 ਸ਼ੂਟਿੰਗ ਰੇਂਜ ਨੂੰ ਕਰਨਾ ਪਵੇਗਾ ਅਪਗ੍ਰੇਡ
ਸੈਕਟਰ-25 ਸ਼ੂਟਿੰਗ ਰੇਂਜ ਨੂੰ ਕਾਮਨਵੈਲਥ ਗੇਮਜ਼ ਲਈ ਅਪਗ੍ਰੇਡ ਕਰਨਾ ਪਵੇਗਾ, ਕਿਉਂਕਿ ਇਹ ਸ਼ੂਟਿੰਗ ਰੇਂਜ 300 ਮੀਟਰ ਅਤੇ 1000 ਗਜ ਚੈਂਪੀਅਨਸ਼ਿਪ ਲਈ ਬਿਹਤਰ ਹੈ ਪਰ ਵਿਭਾਗ ਨੂੰ 50 ਮੀਟਰ, 10 ਮੀਟਰ ਅਤੇ 25 ਮੀਟਰ ਸ਼ੂਟਿੰਗ ਰੇਂਜ ਨੂੰ ਅਪਗ੍ਰੇਡ ਕਰਨਾ ਪਵੇਗਾ, ਕਿਉਂਕਿ ਹਾਲੇ ਇਥੇ ਵਰਲਡ ਕਲਾਸ ਸ਼ੂਟਿੰਗ ਰੇਂਜ ਦੀ ਸਹੂਲਤ ਨਹੀਂ ਹੈ। ਅਜਿਹੇ 'ਚ ਵਿਭਾਗ ਕੋਲ ਦੋ ਸਾਲ ਦਾ ਸਮਾਂ ਹੈ।
ਪ੍ਰੈਕਟਿਸ ਲਈ ਡੀ. ਏ. ਵੀ. ਕਾਲਜ ਅਤੇ ਪੀ. ਯੂ. ਸ਼ੂਟਿੰਗ ਰੇਂਜ ਉਪਲੱਬਧ
ਚੰਡੀਗੜ੍ਹ 'ਚ ਕਿਸੇ ਵੀ ਇੰਟਰਨੈਸ਼ਨਲ ਮੁਕਾਬਲੇ ਦੀ ਮੇਜ਼ਬਾਨੀ ਲਈ ਜਿਨ੍ਹਾਂ ਵੀ ਸਹੂਲਤਾਂ ਦੀ ਲੋੜ ਹੈ, ਉਹ ਉਪਲੱਬਧ ਹਨ। ਜਿਵੇਂ ਕਿ ਸ਼ਹਿਰ 'ਚ ਫਾਈਵ ਸਟਾਰ ਹੋਟਲ ਅਤੇ ਖਿਡਾਰੀਆਂ ਦੀ ਪ੍ਰੈਕਟਿਸ ਲਈ ਵੱਖਰੇ ਮੈਦਾਨ ਮੌਜੂਦ ਹਨ। ਜਾਣਕਾਰੀ ਅਨੁਸਾਰ ਚੰਡੀਗੜ੍ਹ 'ਚ ਇੰਟਰਨੈਸ਼ਨਲ ਖਿਡਾਰੀ ਪ੍ਰੈਕਟਿਸ ਲਈ ਪੀ. ਯੂ. ਸ਼ੂਟਿੰਗ ਰੇਂਜ ਦੇ ਨਾਲ ਹੀ ਡੀ. ਏ. ਵੀ. ਕਾਲਜ-10 'ਚ ਵੀ ਪ੍ਰੈਕਟਿਸ ਕਰ ਸਕਦੇ ਹਨ।
ਚੰਡੀਗੜ੍ਹ ਨੂੰ ਕਾਮਨਵੈਲਥ ਗੇਮਜ਼ 'ਚ ਸ਼ੂਟਿੰਗ ਦੀ ਮੇਜ਼ਬਾਨੀ ਮਿਲੀ ਹੈ ਪਰ ਹਾਲੇ ਆਫੀਸ਼ੀਅਲ ਕੁੱਝ ਨਹੀਂ ਹੈ। ਮੈਨੂੰ ਵੀ ਵੈੱਬਸਾਈਟ ਦੇ ਮਾਧਿਅਮ ਰਾਹੀਂ ਪਤਾ ਲੱਗਾ ਹੈ। ਇਸ ਬਾਰੇ ਮੰਗਲਵਾਰ ਨੂੰ ਪੂਰੀ ਜਾਣਕਾਰੀ ਮਿਲੇਗੀ। --ਤੇਜਦੀਪ ਸਿੰਘ ਸੈਣੀ, ਸਪੋਰਟਸ ਡਾਇਰੈਕਟਰ, ਯੂ. ਟੀ.