ਕਮਿਸ਼ਨ ਦੀ ਰਿਪੋਰਟ ਦੇ ਟੁਕੜੇ ਕਰ ਕੇ ਸੁੱਟਣ ਕਾਰਨ ਬਾਦਲਾਂ ''ਤੇ ਬੇਅਦਬੀ ਦਾ ਮਾਮਲਾ ਦਰਜ ਹੋਵੇ : ਦਾਦੂਵਾਲ

08/30/2018 8:58:03 AM

ਬਠਿੰਡਾ (ਵਰਮਾ, ਬਲਵਿੰਦਰ)— ਵਿਧਾਨ ਸਭਾ 'ਚ ਜਸਟਿਸ (ਰਿਟਾ.) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪਾੜ ਕੇ ਸੁੱਟਣ ਦੇ ਮਾਮਲੇ 'ਤੇ ਸੰਤ ਦਾਦੂਵਾਲ ਨੇ ਬੀਤੇ ਦਿਨ ਪ੍ਰੈੱਸ ਕਾਨਫਰੰਸ 'ਚ ਸਪੱਸ਼ਟ ਕੀਤਾ ਕਿ ਵਿਧਾਨ ਸਭਾ 'ਚ ਕਮਿਸ਼ਨ ਦੀ ਰਿਪੋਰਟ ਦੇ ਟੁਕੜਿਆਂ ਨੂੰ ਪੈਰਾਂ ਵਿਚ ਸੁੱਟ ਕੇ ਬਾਦਲਾਂ ਨੇ ਬੇਅਦਬੀ ਕੀਤੀ ਹੈ, ਇਸ ਲਈ ਉਨ੍ਹਾਂ 'ਤੇ ਮਾਮਲਾ ਦਰਜ ਕੀਤਾ ਜਾਵੇ। ਸੰਤ ਦਾਦੂਵਾਲ ਨੇ ਕਿਹਾ ਕਿ ਕਮਿਸ਼ਨ ਦੀ ਰਿਪੋਰਟ ਵਿਚ ਕਈ ਸਥਾਨਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜ਼ਿਕਰ ਸੀ ਪਰ ਉਸ ਦੇ ਟੁਕੜੇ ਕਰ ਕੇ ਪੈਰਾਂ ਵਿਚ ਰੋਲ ਦਿੱਤਾ ਗਿਆ। ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਥਾਣਾ ਬਾਜਾਖਾਨਾ 'ਚ ਵੀ ਬਾਦਲਾਂ ਖਿਲਾਫ ਰਿਪੋਰਟ ਦਰਜ ਕਰਵਾਈ ਹੈ। ਸੰਤ ਦਾਦੂਵਾਲ ਨੇ ਕਿਹਾ ਕਿ 10 ਸਾਲ ਦੇ ਸ਼ਾਸਨ ਵਿਚ ਬਾਦਲ ਪਰਿਵਾਰ ਨੇ ਬਣਾਈ ਬੇਹਿਸਾਬ ਪ੍ਰਾਪਰਟੀ ਦੀ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਈ ਜਾਵੇ, ਸੱਚ ਸਾਹਮਣੇ ਆਵੇਗਾ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਨੁਸਾਰ ਸੁਖਬੀਰ ਦੇ ਵਿਆਹ ਵੇਲੇ ਮਜੀਠੀਆ ਪਰਿਵਾਰ ਆਰਥਿਕ ਤੌਰ 'ਤੇ ਇੰਨਾ ਕਮਜ਼ੋਰ ਸੀ ਕਿ ਉਨ੍ਹਾਂ ਨੂੰ ਦਾਜ ਵਿਚ ਦਿੱਤੀ ਗਈ ਗੱਡੀ ਵੀ ਕਿਸ਼ਤਾਂ 'ਤੇ ਲਈ ਸੀ। ਅੱਜ ਉਹੀ ਮਜੀਠੀਆ ਪਰਿਵਾਰ ਅਰਬਾਂ-ਖਰਬਾਂ ਵਿਚ ਖੇਡ ਰਿਹਾ ਹੈ।

ਸੰਤ ਦਾਦੂਵਾਲ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਉਨ੍ਹਾਂ ਦੀ ਆਈ. ਐੱਸ. ਆਈ. ਨਾਲ ਮਿਲੀਭੁਗਤ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਖਾਤੇ 'ਚ 16 ਕਰੋੜ ਰੁਪਏ ਆਏ। ਸੱਚਾਈ ਇਹ ਹੈ ਕਿ ਉਨ੍ਹਾਂ ਦੇ ਖਾਤੇ 'ਚ ਕਦੇ 1 ਕਰੋੜ ਰੁਪਏ ਵੀ ਇਕੱਠਾ ਨਹੀਂ ਹੋਇਆ ਸਗੋਂ ਉਹ 4 ਗੁਰਦੁਆਰਾ ਸਾਹਿਬ ਦੀ ਸੇਵਾ-ਸੰਭਾਲ ਰਹੇ ਹਨ, ਜਿਸ 'ਤੇ ਲੱਖਾਂ ਰੁਪਏ ਖਰਚ ਆਉਂਦਾ ਹੈ ਤੇ ਉਹ ਸੰਗਤਾਂ ਕੋਲੋਂ ਇਕੱਠਾ ਕੀਤਾ ਜਾਂਦਾ ਹੈ। ਬਾਦਲ ਸਰਕਾਰ ਦੌਰਾਨ ਉਨ੍ਹਾਂ ਦੇ ਬੈਂਕ ਦੇ ਸਾਰੇ ਖਾਤੇ ਫ੍ਰੀਜ਼ ਕਰ ਦਿੱਤੇ ਗਏ ਸਨ ਪਰ ਉਨ੍ਹਾਂ ਅਦਾਲਤ ਵਿਚ ਜਾ ਕੇ ਖਾਤੇ ਤਾਂ ਖੁੱਲ੍ਹਵਾ ਲਏ ਪਰ ਬਾਦਲਾਂ ਨੂੰ ਉਨ੍ਹਾਂ 'ਚੋਂ ਕੁਝ ਨਹੀਂ ਮਿਲਿਆ। ਉਨ੍ਹਾਂ 20 ਲੱਖ ਰੁਪਏ ਬੈਂਕ ਤੋਂ ਲੋਨ ਲੈ ਕੇ ਆਪਣੇ ਰਹਿਣ ਦਾ ਸਥਾਨ ਬਣਾਇਆ, ਜਿਸ ਦੀਆਂ ਕਿਸ਼ਤਾਂ ਉਹ ਅਦਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਜਾਂਚ ਕਮਿਸ਼ਨ ਦੀ ਰਿਪੋਰਟ ਜਨਤਕ ਹੋ ਚੁੱਕੀ ਹੈ ਤੇ ਮੁਲਜ਼ਮਾਂ ਦੇ ਚਿਹਰਿਆਂ ਤੋਂ ਨਕਾਬ ਹਟ ਚੁੱਕਾ ਹੈ। ਕੈਪਟਨ ਅਮਰਿੰਦਰ ਸਿੰਘ ਤੁਰੰਤ ਮੁਲਜ਼ਮਾਂ ਵਿਰੁੱਧ ਕਾਰਵਾਈ ਕਰ ਕੇ ਉਨ੍ਹਾਂ ਨੂੰ ਸਲਾਖਾਂ ਪਿੱਛੇ ਬੰਦ ਕਰਨ, ਇਸ ਨਾਲ ਕਰੋੜਾਂ ਸਿੱਖਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ, ਜੇਕਰ ਕੈਪਟਨ ਨੇ ਕਾਰਵਾਈ ਨਾ ਕੀਤੀ ਤਾਂ ਸਿੱਖ ਸੰਗਤਾਂ ਕਦੇ ਮੁਆਫ ਨਹੀਂ ਕਰਨਗੀਆਂ।


Related News