ਕੁੜੀਆਂ ਦਾ ਵਿੱਦਿਆ ਹਾਸਲ ਕਰਨ ਲਈ ਅੱਗੇ ਆਉਣਾ ਨਵੀਂ ਜਾਗ੍ਰਿਤੀ ਦਾ ਸੂਚਕ : ਲਾਲ ਚੰਦ ਕਟਾਰੂਚੱਕ

Monday, May 23, 2022 - 05:06 PM (IST)

ਕੁੜੀਆਂ ਦਾ ਵਿੱਦਿਆ ਹਾਸਲ ਕਰਨ ਲਈ ਅੱਗੇ ਆਉਣਾ ਨਵੀਂ ਜਾਗ੍ਰਿਤੀ ਦਾ ਸੂਚਕ : ਲਾਲ ਚੰਦ ਕਟਾਰੂਚੱਕ

ਚੰਡੀਗੜ੍ਹ/ਨਰੋਟ ਜੈਮਲ ਸਿੰਘ (ਬਿਊਰੋ) : ‘‘ਅਜੋਕੇ ਦੌਰ ’ਚ ਕੁੜੀਆਂ ਦੀ ਹਰ ਖੇਤਰ ’ਚ ਸ਼ਮੂਲੀਅਤ ਵਧ ਰਹੀ ਹੈ ਅਤੇ ਉਹ ਵੱਖੋ-ਵੱਖ ਖੇਤਰਾਂ ’ਚ ਨਿੱਤ ਦਿਨ ਨਵੇਂ ਮੀਲ ਪੱਥਰ ਸਥਾਪਿਤ ਕਰ ਰਹੀਆਂ ਹਨ।’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਰੋਟ ਜੈਮਲ ਸਿੰਘ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵਿਖੇ ਅੱਜ ਇਕ ਸਮਾਗਮ ਦੌਰਾਨ ਪਹੁੰਚੇ ਪੰਜਾਬ ਦੇ ਖੁਰਾਕ, ਸਿਵਲ ਸਪਲਾਈ, ਖਪਤਕਾਰ ਮਾਮਲੇ ਅਤੇ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਆਪਣੇ ਸੰਬੋਧਨ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਕਾਲਜ ਦੇ ਪ੍ਰਬੰਧਕ ਇਸ ਗੱਲ ਲਈ ਵਧਾਈ ਦੇ ਪਾਤਰ ਹਨ ਕਿ ਇਸ ਕਾਲਜ ਵਿਖੇ ਵਿੱਦਿਆ ਹਾਸਲ ਕਰ ਰਹੇ ਵਿਦਿਆਰਥੀਆਂ ’ਚੋਂ 70 ਫ਼ੀਸਦੀ ਕੁੜੀਆਂ ਹਨ, ਜੋ ਸਮਾਜ ਵਿਚ ਆ ਰਹੀ ਨਵੀਂ ਜਾਗ੍ਰਿਤੀ ਦਾ ਪ੍ਰਤੀਕ ਹੈ।

ਇਹ ਵੀ ਪੜ੍ਹੋ : ‘ਫ਼ਤਿਹਵੀਰ’ ਵਾਂਗ ਜ਼ਿੰਦਗੀ ਦੀ ਜੰਗ ਹਾਰ ਗਿਆ 6 ਸਾਲਾ ‘ਰਿਤਿਕ’, ਕੋਸ਼ਿਸ਼ਾਂ ਦੇ ਬਾਵਜੂਦ ਨਹੀਂ ਬਚ ਸਕੀ ਜਾਨ

ਇਸ ਮੌਕੇ ਕਟਾਰੂਚੱਕ ਨੇ ਕਿਹਾ ਕਿ ਕਾਲਜ ਨੂੰ ਜੋ ਵੀ ਮੁੱਦੇ ਦਰਪੇਸ਼ ਹਨ, ਉਨ੍ਹਾਂ ਦਾ ਪਹਿਲ ਦੇ ਆਧਾਰ ਉੱਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਕਾਲਜ ’ਚ ਕਰਵਾਏ ਜਾਣ ਵਾਲੇ ਸਮਾਗਮਾਂ ਸਬੰਧੀ ਕੋਈ ਔਕੜ ਪੇਸ਼ ਨਾ ਆਵੇ, ਇਸ ਲਈ ਇਥੇ ਇਕ ਵੱਡਾ ਆਡੀਟੋਰੀਅਮ ਵੀ ਜਲਦ ਹੀ ਉਸਾਰਿਆ ਜਾਵੇਗਾ। ਉਨ੍ਹਾਂ ਇਹ ਵੀ ਵਚਨਬੱਧਤਾ ਦੁਹਰਾਈ ਕਿ ਕਾਲਜ ਦੇ ਗਰਾਊਂਡ ਨੂੰ ਪੱਧਰਾ ਕਰਕੇ ਖੇਡਾਂ ਦੇ ਕਾਬਿਲ ਬਣਾਇਆ ਜਾਵੇਗਾ ਤਾਂ ਜੋ ਨੌਜਵਾਨ ਮੁੰਡੇ ਅਤੇ ਕੁੜੀਆਂ ਇੱਥੇ ਆਪਣੀ ਖੇਡ ਪ੍ਰਤਿਭਾ ਨੂੰ  ਹੋਰ ਨਿਖਾਰ ਕੇ ਖੇਡਾਂ ਦੇ ਖੇਤਰ ਵਿੱਚ ਸੂਬੇ ਅਤੇ ਦੇਸ਼ ਦਾ ਨਾਂ ਉੱਚਾ ਕਰ ਸਕਣ। ਇਸ ਤੋਂ ਪਹਿਲਾਂ ਕਾਲਜ ਦੀ ਪ੍ਰਿੰਸੀਪਲ ਡਾ. ਅਰਪਨਾ ਨੇ ਲਾਲ ਚੰਦ ਕਟਾਰੂਚੱਕ ਦਾ ਸਵਾਗਤ ਕੀਤਾ ਅਤੇ ਅਧਿਆਪਕਾਂ ਨਾਲ ਉਨ੍ਹਾਂ ਦੀ ਜਾਣ-ਪਛਾਣ ਕਰਵਾਈ। ਉਨ੍ਹਾਂ ਇਸ ਮੌਕੇ ਕਾਲਜ ਵਿੱਚ ਪੜ੍ਹਾਏ ਜਾ ਰਹੇ ਕੋਰਸਾਂ ਬਾਰੇ ਮੰਤਰੀ ਨੂੰ ਜਾਣਕਾਰੀ ਦਿੰਦੇ ਹੋਏ ਇਹ ਵੀ ਦੱਸਿਆ ਕਿ ਨਵੇਂ ਸੈਸ਼ਨ ਵਿਚ ਕੁਝ ਹੋਰ ਨਵੇਂ ਕੋਰਸ ਕਾਲਜ ਵਿਖੇ ਸ਼ੁਰੂ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ।

ੲਿਹ ਵੀ ਪੜ੍ਹੋ : ਟਾਂਡਾ ਨੇੜੇ ਵਾਪਰਿਆ ਦਰਦਨਾਕ ਸੜਕ ਹਾਦਸਾ, ਕਾਰ ਦੇ ਉੱਡੇ ਪਰਖੱਚੇ, ਪਤੀ-ਪਤਨੀ ਦੀ ਮੌਤ

ਇਸ ਮੌਕੇ ਕਾਲਜ ਪ੍ਰਿੰਸੀਪਲ ਵੱਲੋਂ ਲਾਲ ਚੰਦ ਕਟਾਰੂਚੱਕ ਨੂੰ ਪੰਜਾਬੀ ਸੱਭਿਆਚਾਰ ਦੀ ਪ੍ਰਤੀਕ ਫੁਲਕਾਰੀ ਅਤੇ ਇਕ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਮੰਤਰੀ ਵੱਲੋਂ ਇਸ ਮੌਕੇ ਕਾਲਜ ’ਚ ਇਕ ਰੁੱਖ ਲਗਾ ਕੇ ਕੁਦਰਤ ਦਾ ਸ਼ੁਕਰਾਨਾ ਵੀ ਅਦਾ ਕੀਤਾ ਗਿਆ। ਮਹਿਮਾਨਾਂ ਦਾ ਧੰਨਵਾਦ ਪ੍ਰੋ. ਗੁਰਪ੍ਰੀਤ ਸਿੰਘ ਅਤੇ ਸਟੇਜ ਸੰਚਾਲਨ ਪ੍ਰੋ. ਸਰਬਜੀਤ ਸਿੰਘ ਨੇ ਕੀਤਾ। ਇਸ ਮੌਕੇ ਹਾਜ਼ਰ ਹੋਰਨਾਂ ਪਤਵੰਤਿਆਂ ’ਚ ਬਲਾਕ ਪ੍ਰਧਾਨ ਕੁਲਵੰਤ ਸਿੰਘ ਅਤੇ ਮਹਾਰਾਣਾ ਪ੍ਰਤਾਪ ਸਕੂਲ ਦੇ ਪ੍ਰਿੰਸੀਪਲ ਪਾਲ ਸਿੰਘ ਵੀ ਮੌਜੂਦ ਸਨ।
 


author

Manoj

Content Editor

Related News