ਰਾਤ ਨੂੰ ਕੰਬਾਈਨਾਂ ਨਾਲ ਕਣਕ ਦੀ ਕਟਾਈ ਕਰਨ ''ਤੇ ਪਾਬੰਦੀ
Thursday, Mar 29, 2018 - 01:43 PM (IST)

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਪ੍ਰਦੀਪ ਕੁਮਾਰ ਅਗਰਵਾਲ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਮੈਜਿਸਟ੍ਰੇਟ ਲੁਧਿਆਣਾ ਨੇ ਧਾਰਾ-144 ਤਹਿਤ ਜ਼ਿਲਾ ਲੁਧਿਆਣਾ 'ਚ ਸ਼ਾਮ 7 ਤੋਂ ਸਵੇਰੇ 7 ਵਜੇ ਤਕ ਕਣਕ ਕੱਟਣ ਲਈ ਕੰਬਾਈਨਾਂ ਚਲਾਉਣ 'ਤੇ ਮੁਕੰਮਲ ਪਾਬੰਦੀ ਲਾਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਣਕ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ, ਆਮ ਤੌਰ 'ਤੇ ਇਨ੍ਹਾਂ ਦਿਨਾਂ ਵਿਚ ਕਣਕ ਕੱਟਣ ਲਈ ਕੰਬਾਈਨਾਂ 24 ਘੰਟੇ ਕੰਮ ਕਰਦੀਆਂ ਹਨ। ਇਹ ਕੰਬਾਈਨਾਂ ਰਾਤ ਵੇਲੇ ਤਰੇਲ ਕਾਰਨ ਗਿੱਲੀ ਹੋਈ ਕਣਕ ਨੂੰ ਕੱਟ ਦਿੰਦੀਆਂ ਹਨ, ਜਿਸ ਨਾਲ ਸਿੱਧਾ ਨੁਕਸਾਨ ਕਿਸਾਨਾਂ ਨੂੰ ਹੁੰਦਾ ਹੈ ਤੇ ਅਸਿੱਧੇ ਤੌਰ 'ਤੇ ਇਸ ਦਾ ਦੇਸ਼ ਦੇ ਉਤਪਾਦਨ 'ਤੇ ਵੀ ਅਸਰ ਪੈਂਦਾ ਹੈ। ਇਸ ਤਰ੍ਹਾਂ ਕਣਕ ਵਿਚ ਨਮੀ ਸਰਕਾਰ ਦੇ ਨਿਰਧਾਰਤ ਮਾਪਦੰਡਾਂ ਤੋਂ ਉੱਪਰ ਹੁੰਦੀ ਹੈ ਤੇ ਖਰੀਦ ਏਜੰਸੀਆਂ ਉਸ ਕਣਕ ਨੂੰ ਖਰੀਦਣ ਤੋਂ ਅਸਮਰੱਥ ਹੁੰਦੀਆਂ ਹਨ। ਕਣਕ ਨਾ ਵਿਕਣ ਕਾਰਨ ਕਿਸਾਨਾਂ ਵਿਚ ਰੋਸ ਪੈਦਾ ਹੁੰਦਾ ਹੈ। ਇਸ ਨਾਲ ਮੰਡੀਆਂ ਵਿਚ ਤਣਾਅ ਪੈਦਾ ਹੁੰਦਾ ਹੈ ਤੇ ਕਈ ਵਾਰ ਅਮਨ ਤੇ ਕਾਨੂੰਨ ਦੀ ਸਥਿਤੀ ਵਿਗੜ ਜਾਣ ਦਾ ਵੀ ਖਤਰਾ ਪੈਦਾ ਹੋ ਜਾਂਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਕਣਕ ਦੀ ਕਟਾਈ ਤੋਂ ਬਾਅਦ ਬਚੀ ਰਹਿੰਦ-ਖੂੰਹਦ ਨੂੰ ਅਕਸਰ ਅੱਗ ਲਾ ਦਿੱਤੀ ਜਾਂਦੀ ਹੈ, ਜਿਸ ਨਾਲ ਆਸ-ਪਾਸ ਅੱਗ ਲੱਗਣ ਦਾ ਖ਼ਤਰਾ ਰਹਿੰਦਾ ਹੈ ਤੇ ਇਸ ਨਾਲ ਹਵਾ ਵਿਚ ਬਹੁਤ ਪ੍ਰਦੂਸ਼ਣ ਫੈਲਦਾ ਹੈ ਤੇ ਸਾਹ ਦੀਆਂ ਬੀਮਾਰੀਆਂ ਪੈਦਾ ਹੋ ਜਾਂਦੀਆਂ ਹਨ। ਧੂੰਏਂ ਕਾਰਨ ਆਵਾਜਾਈ ਵਿਚ ਵੀ ਵਿਘਨ ਪੈਂਦਾ ਹੈ ਤੇ ਲੋਕਾਂ ਦੀ ਜਾਨ-ਮਾਲ ਨੂੰ ਖ਼ਤਰਾ ਪੈਦਾ ਹੁੰਦਾ ਹੈ। ਇਹ ਹੁਕਮ 27 ਮਈ ਤਕ ਲਾਗੂ ਰਹੇਗਾ। ਇਕ ਹੋਰ ਵੱਖਰੇ ਹੁਕਮ ਵਿਚ ਡਿਪਟੀ ਕਮਿਸ਼ਨਰ ਵਲੋਂ (ਪੁਲਸ ਕਮਿਸ਼ਨਰੇਟ ਏਰੀਆ ਛੱਡ ਕੇ) ਕਿਸੇ ਅਣ-ਸੁਖਾਵੀਂ ਘਟਨਾ ਤੋਂ ਬਚਾਅ ਲਈ ਰਾਤ ਸਮੇਂ ਹਾਈਬੀਮ ਲਾਈਟਾਂ ਨਾਲ ਚਲਦੇ ਵਾਹਨਾਂ 'ਤੇ ਪੂਰਨ ਤੌਰ 'ਤੇ ਪਾਬੰਦੀ ਲਾਈ ਗਈ ਹੈ। ਇਕ ਹੋਰ ਵੱਖਰੇ ਹੁਕਮ ਵਿਚ ਅਗਰਵਾਲ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ 'ਚ ਮੈਰਿਜ ਪੈਲੇਸਾਂ ਤੇ ਆਮ ਜਨਤਕ ਥਾਵਾਂ 'ਤੇ ਆਯੋਜਿਤ ਵਿਆਹ ਸ਼ਾਦੀ ਆਦਿ ਪ੍ਰੋਗਰਾਮਾਂ ਦੌਰਾਨ ਹਰ ਕਿਸਮ ਦੇ ਅੱਗ ਵਾਲੇ ਸ਼ਾਸਤਰ, ਵਿਸਫੋਟਕ ਪਦਾਰਥ, ਜਲਣਸ਼ੀਲ ਚੀਜ਼ਾਂ ਤੇ ਤੇਜ਼ ਹਥਿਆਰ ਨਾਲ ਲੈ ਕੇ ਚੱਲਣ 'ਤੇ ਪੂਰਨ ਤੌਰ 'ਤੇ ਪਾਬੰਦੀ ਲਾਈ ਹੈ। ਇਹ ਹੁਕਮ ਪੈਰਾਮਿਲਟਰੀ ਫੋਰਸ, ਬਾ-ਵਰਦੀ ਪੁਲਸ ਕਰਮਚਾਰੀਆਂ ਤੇ ਜਿਨ੍ਹਾਂ ਨੂੰ ਧਾਰਮਿਕ ਜਾਂ ਕਾਨੂੰਨੀ ਤੌਰ 'ਤੇ ਰੀਤੀ ਰਿਵਾਜਾਂ ਕਾਰਨ ਹਥਿਆਰ ਰੱਖਣ ਦੇ ਅਧਿਕਾਰ ਹਨ 'ਤੇ ਲਾਗੂ ਨਹੀਂ ਹੋਣਗੇ। ਇਹ ਹੁਕਮ ਵੀ 27 ਮਈ ਤਕ ਲਾਗੂ ਰਹਿਣਗੇ।