ਭਿਆਨਕ ਟੱਕਰ 'ਚ ਕਾਰ ਦੇ ਉੱਡੇ ਪਰਖੱਚੇ, 2 ਦੀ ਮੌਤ

02/04/2020 6:17:31 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਬੀਤੀ ਦੇਰ ਰਾਤ ਸਥਾਨਕ ਬਠਿੰਡਾ-ਕੋਟਕਪੂਰਾ ਰੋਡ ਬਾਈਪਾਸ 'ਤੇ ਦੋ ਕਾਰਾਂ ਦੀ ਹੋਈ ਸਿੱਧੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਇਕ ਦੇ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਜਲਾਲਾਬਾਦ ਰੋਡ ਬਾਈਪਾਸ 'ਤੇ ਰਹਿਣ ਵਾਲਾ ਜਗਜੀਤ ਸਿੰਘ ਉਰਫ਼ ਰਾਜਾ (45) ਆਪਣੇ ਦੋ ਦੋਸਤਾਂ ਜਸਪਾਲ ਸਿੰਘ ਉਰਫ਼ ਰਾਜਾ ਤੇ ਓਮ ਪ੍ਰਕਾਸ਼ ਨਾਲ ਮਾਰੂਤੀ ਕਾਰ 'ਤੇ ਬਠਿੰਡਾ ਰੋਡ ਤੋਂ ਕੋਟਕਪੂਰਾ ਬਾਈਪਾਸ ਵੱਲੋਂ ਆ ਰਿਹਾ ਸੀ। ਉਥੇ ਹੀ ਦੂਸਰੇ ਪਾਸੇ ਤੋਂ ਸਥਾਨਕ ਨਾਰੰਗ ਕਲੋਨੀ ਨਿਵਾਸੀ ਦੁਪੇਸ਼ ਮਲਹਨ ਆਪਣੀ ਸਫਿਟ ਕਾਰ ਵਿਚ ਬਠਿੰਡਾ ਰੋਡ ਵੱਲ ਜਾ ਰਿਹਾ ਸੀ। ਥਾਂਦੇਵਾਲਾ ਰੋਡ ਚੁਰੱਸਤੇ ਦੇ ਕੋਲ ਦੋਵੇਂ ਕਾਰਾਂ ਦੀ ਆਪਸ ਵਿਚ ਸਿੱਧੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮਾਰੂਤੀ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਅਤੇ ਇਸ ਵਿਚ ਫਸੇ ਲੋਕਾਂ ਨੂੰ ਕਾਰ ਦੀ ਤਾਕੀ ਪੁੱਟ ਕੇ ਬਾਹਰ ਕੱਢਿਆ ਗਿਆ। ਲੋਕਾਂ ਨੇ ਤੁਰੰਤ ਹੀ ਜ਼ਖ਼ਮੀਆਂ ਨੂੰ ਕੋਟਕਪੂਰਾ ਰੋਡ 'ਤੇ ਸਥਿਤ ਬਾਂਸਲ ਨਰਸਿੰਗ ਹੋਮ ਵਿਚ ਭਰਤੀ ਕਰਵਾਇਆ ਪਰ ਉਥੇ ਪਹੁੰਚਦੇ ਹੀ ਜਗਜੀਤ ਸਿੰਘ ਉਰਫ ਰਾਜਾ ਨੇ ਦਮ ਤੋੜ ਦਿੱਤਾ। ਜਿਸ ਦੀ ਲਾਸ਼ ਪੋਸਟਮਾਟਮ ਲਈ ਸਿਵਲ ਹਸਪਤਾਲ ਵਿਚ ਭੇਜ ਦਿੱਤੀ।

ਇਸ ਦੌਰਾਨ ਡਾਕਟਰ ਨੇ ਦੂਸਰੇ ਦੋਵੇਂ ਜ਼ਖ਼ਮੀਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ। ਜਿਸ ਵਿਚੋਂ ਇਕ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਸੀ ਜਦਕਿ ਦੂਸਰੇ ਦੇ ਛਾਤੀ 'ਤੇ ਦਬਾਅ ਆਇਆ ਸੀ ਪਰ ਰਾਤ ਦੇ ਸਮੇਂ ਓਮ ਪ੍ਰਕਾਸ਼ ਨਿਵਾਸੀ ਖੇੜਾ ਕਲੌਨੀ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ। ਜਿਸ ਨੂੰ ਫਰੀਦਕੋਟ ਮੈਡੀਕਲ ਹਸਪਤਾਲ ਦੇ ਲਈ ਰੈਫਰ ਕਰ ਦਿੱਤਾ ਜਦੋਂ ਕਿ ਉਥੇ ਪਹੁੰਚਣ ਤੋਂ ਪਹਿਲਾਂ ਹੀ ਓਮ ਪ੍ਰਕਾਸ਼ ਨੇ ਵੀ ਦਮ ਤੋੜ ਦਿੱਤਾ। ਜਸਪਾਲ ਸਿੰਘ ਦਾ ਇਲਾਜ ਚੱਲ ਰਿਹਾ ਹੈ। ਥਾਣਾ ਸਦਰ ਦੇ ਇੰਚਾਰਜ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮ੍ਰਿਤਕ ਵਿਅਕਤੀ ਦੇ ਪਰਿਵਾਰ ਦੇ ਬਿਆਨਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ।


Gurminder Singh

Content Editor

Related News