ਮੁਕਤਸਰ-ਕੋਟਕਪੂਰਾ ਰੋਡ ''ਤੇ ਪਨਬਸ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ (ਤਸਵੀਰਾਂ)

11/14/2017 7:36:58 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਤਰਸੇਮ ਢੁੱਡੀ) : ਸਥਾਨਕ ਕੋਟਕਪੂਰਾ-ਮੁਕਤਸਰ ਰੋਡ 'ਤੇ ਟਰਾਲੇ ਅਤੇ ਪਨਬਸ ਦੀ ਹੋਈ ਆਹਮੋ-ਸਾਹਮਣੇ ਟੱਕਰ ਵਿਚ ਦਰਜਨ ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪਨਬਸ ਜੋ ਕਿ ਕੋਟਕਪੂਰਾ ਤੋਂ ਸ੍ਰੀ ਮੁਕਤਸਰ ਸਾਹਿਬ ਵੱਲ ਆ ਰਹੀ ਸੀ ਜਦੋਂ ਸਥਾਨਕ ਭਾਈ ਮਹਾਂ ਸਿੰਘ ਕਾਲਜ ਦੇ ਨੇੜੇ ਪਹੁੰਚੀ ਤਾਂ ਇਸਦੀ ਟੱਕਰ ਸਾਹਮਣੇ ਤੋਂ ਆ ਰਹੇ ਟਰਾਲੇ ਨਾਲ ਹੋ ਗਈ। ਪ੍ਰਤੱਖਦਰਸ਼ੀਆਂ ਅਨੁਸਾਰ ਇਹ ਟੱਕਰ ਬੱਸ ਦਾ ਅਚਾਨਕ ਟਾਇਰ ਫੱਟਣ ਕਰਕੇ ਹੋਈ। ਇਸ ਸੜਕ ਹਾਦਸੇ ਵਿਚ ਬੱਸ ਡਰਾਈਵਰ ਅਤੇ ਕੰਡਕਟਰ ਸਮੇਤ 12 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚੋਂ ਵੱਡੀ ਗਿਣਤੀ ਸਰਕਾਰੀ ਸਕੂਲਾਂ ਦੇ ਟੀਚਰਾਂ ਦੀ ਹੈ ਕਿਉਂਕਿ ਵਾਪਸੀ ਸਮੇਂ ਇਸ ਬਸ 'ਤੇ ਜ਼ਿਆਦਾਤਰ ਸਰਾਏਨਾਗਾ ਤੋਂ ਨੇੜਲੇ ਪਿੰਡਾਂ ਦੇ ਸਰਕਾਰੀ ਅਧਿਆਪਕ ਸ੍ਰੀ ਮੁਕਤਸਰ ਸਾਹਿਬ ਲਈ ਸਵਾਰ ਹੁੰਦੇ ਸਨ।
ਜ਼ਖ਼ਮੀ ਵਿਅਕਤੀਆਂ ਵਿਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਨ੍ਹਾਂ 'ਚੋਂ ਇਕ ਨੂੰ ਬਠਿੰਡਾ ਲਈ ਰੈਫਰ ਕਰ ਦਿੱਤਾ ਗਿਆ ਹੈ। ਜ਼ਖ਼ਮੀ ਵਿਅਕਤੀਆਂ ਵਿਚ ਬਠਿੰਡਾ ਵਿਖੇ ਇਲਾਜ ਅਧੀਨ ਕਰਨਜੀਤ ਲੈਕਚਰਾਰ ਸਰਕਾਰੀ ਸਕੂਲ ਖੋਖਰ ਤੋਂ ਇਲਾਵਾ ਸਰਕਾਰੀ ਹਸਪਤਾਲ ਵਿਖੇ ਇਲਾਜ ਅਧੀਨ ਵੀਰਪਾਲ ਕੌਰ, ਰਾਮ ਨਿਵਾਸ ਵਾਸੀ ਮਲੋਟ, ਰਾਮ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ, ਗੁਰਵਿੰਦਰ ਸਿੰਘ ਬੱਸ ਡਰਾਈਵਰ ਵਾਸੀ ਅਬੋਹਰ, ਨਰਿੰਦਰ ਸਿੰਘ ਬੱਸ ਕੰਡਕਟਰ ਤੋਂ ਇਲਾਵਾ ਸਥਾਨਕ ਕੋਟਕਪੂਰਾ ਰੋਡ ਸਥਿਤ ਬਾਂਸਲ ਨਰਸਿੰਗ ਹੋਮ ਵਿਖੇ ਸਰਕਾਰੀ ਅਧਿਆਪਕਾ ਪੂਨਮ (42), ਪਰੋਮਿਲਾ ਰਾਣੀ (31), ਪਰਮਜੀਤ ਕੌਰ (56), ਨਪਿੰਦਰਪਾਲ ਕੌਰ (50), ਇਕ ਬੱਚਾ ਲੋਕੇਸ਼ ਕੁਮਾਰ (15) ਇਲਾਜ ਅਧੀਨ ਹਨ। ਇਕ ਅਧਿਆਪਕਾ ਰੀਤੂ ਨੂੰ ਮੁੱਢਲੇ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ। ਸੜਕ ਹਾਦਸੇ ਵਾਲੀ ਥਾਂ 'ਤੇ ਥਾਣਾ ਸਦਰ ਇੰਚਾਰਜ ਪੈਰੀਵਿੰਕਲ ਗਰੇਵਾਲ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਘਟਨਾ ਦਾ ਜਾਇਜ਼ਾ ਲੈਣ ਉਪਰੰਤ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਟਰਾਲੇ ਦਾ ਡਰਾਈਵਰ ਅਜੇ ਤੱਕ ਫਰਾਰ ਹੈ।


Related News