ਪੈਸੇ ਲੈ ਕੇ ਘਰੋ ਕਾਲਜ ਦੀ ਫੀਸ ਭਰਨ ਗਏ ਵਿਦਿਆਰਥੀ ਦੀ ਮੋਟਰ ਦੇ ਕੋਠੇ ਤੋਂ ਮਿਲੀ ਲਾਸ਼, ਫੈਲੀ ਸਨਸਨੀ
Tuesday, Feb 09, 2021 - 05:45 PM (IST)
ਭਵਾਨੀਗੜ੍ਹ (ਵਿਕਾਸ, ਸੰਜੀਵ) : ਪਿੰਡ ਨਾਗਰਾ ਵਿਖੇ ਖੇਤ ਵਾਲੀ ਮੋਟਰ ਦੇ ਇੱਕ ਕਮਰੇ 'ਚੋਂ ਬੀ.ਟੈੱਕ. ਦੇ ਇੱਕ ਵਿਦਿਆਰਥੀ ਦੀ ਭੇਤਭਰੇ ਹਾਲਾਤਾਂ 'ਚ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਜਸ਼ਨਦੀਪ ਸਿੰਘ (23) ਵਜੋਂ ਹੋਈ ਹੈ, ਜੋ 20 ਹਜ਼ਾਰ ਰੁਪਏ ਲੈ ਕੇ ਘਰ ’ਚੋਂ ਕਾਲਜ ਫੀਸ ਭਰਨ ਲਈ ਗਿਆ ਹੋਇਆ ਸੀ। ਲਾਸ਼ ਮਿਲਣ ’ਤੇ ਮ੍ਰਿਤਕ ਦੇ ਪਿਤਾ ਨੇ ਦੋਸ਼ ਲਗਾਇਆ ਕਿ ਦੋ ਵਿਅਕਤੀ ਉਸਦੇ ਮੁੰਡੇ ਨੂੰ ਨਸ਼ਾ ਕਰਵਾ ਕੇ ਛੱਡ ਗਏ, ਜਿਸ ਕਾਰਨ ਉਸਦੀ ਮੌਤ ਹੋ ਗਈ। ਇਸ ਮਾਮਲੇ ਸਬੰਧੀ ਪੁਲਸ ਨੇ ਦੋ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ।
ਪੜ੍ਹੋ ਇਹ ਵੀ ਖ਼ਬਰ - ਬੱਸ ’ਚ ਦੋਸਤ ਨਾਲ ਹੋਈ ਤਕਰਾਰ ਤੋਂ ਬਾਅਦ ਕੁੜੀ ਨੇ ਨਿਗਲਿਆ ਜ਼ਹਿਰ, ਮੌਤ
ਇਸ ਸਬੰਧੀ ਬਲਜੀਤ ਸਿੰਘ ਵਾਸੀ ਉਭਾਵਾਲ ਹਾਲ ਆਬਾਦ ਪਿੰਡ ਨਾਗਰਾ ਨੇ ਦੱਸਿਆ ਕਿ ਉਹ ਆਪਣੇ ਸਹੁਰੇ ਘਰ ਨਾਗਰਾ ਵਿਖੇ ਰਹਿੰਦਾ ਹੈ। ਉਸਦੇ ਦੋ ਮੁੰਡੇ ਹਨ, ਵੱਡਾ ਮੁੰਡਾ ਜਸ਼ਨਦੀਪ ਸਿੰਘ ਤੇ ਛੋਟਾ ਸੰਗਰੂਰ ਵਿਖੇ 5ਵੀਂ 'ਚ ਪੜ੍ਹਦਾ ਹੈ। ਬਲਜੀਤ ਸਿੰਘ ਨੇ ਦੱਸਿਆ ਕਿ ਜਸ਼ਨਦੀਪ ਸਿੰਘ ਸ੍ਰੀ ਫਤਿਹਗੜ੍ਹ ਸਾਹਿਬ ਕਾਲਜ ਵਿੱਚ ਬੀ.ਟੈੱਕ ਦਾ ਚੌਥੇ ਸਾਲ ਦਾ ਵਿਦਿਆਰਥੀ ਸੀ। ਲੰਘੀ 7 ਫ਼ਰਵਰੀ ਨੂੰ ਜਸ਼ਨਦੀਪ ਸਿੰਘ ਫ਼ੀਸ ਭਰਨ ਲਈ ਘਰੋਂ 20 ਹਜ਼ਾਰ ਰੁਪਏ ਲੈ ਕੇ ਕਾਲਜ ਗਿਆ ਸੀ, ਜਿਸ ਤੋਂ ਬਾਅਦ ਉਹ ਸ਼ਾਮ ਤੱਕ ਘਰ ਵਾਪਸ ਨਹੀਂ ਆਇਆ।
ਪੜ੍ਹੋ ਇਹ ਵੀ ਖ਼ਬਰ - ਅੰਨ੍ਹੇ ਕਤਲ ਦੀ ਸੁਲਝੀ ਗੁੱਥੀ: ਪ੍ਰੇਮ ਸਬੰਧਾਂ ’ਚ ਰੋੜਾ ਬਣੇ ਪਤੀ ਦਾ ਆਸ਼ਕ ਨਾਲ ਮਿਲ ਪਤਨੀ ਨੇ ਕੀਤਾ ਸੀ ਕਤਲ
ਬੀਤੇ ਦਿਨ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਨੂੰ ਫੋਨ 'ਤੇ ਸੂਚਨਾ ਦਿੱਤੀ ਕਿ ਜਸ਼ਨਦੀਪ ਦੀ ਹਾਲਤ ਠੀਕ ਨਹੀਂ। ਉਸ ਨੇ ਮੌਕੇ 'ਤੇ ਜਾ ਕੇ ਦੇਖਿਆ ਕਿ ਪਿੰਡ ਦੇ ਇੱਕ ਵਿਅਕਤੀ ਜਗਸੀਰ ਸਿੰਘ ਦੀ ਖੇਤ ਵਾਲੀ ਮੋਟਰ ’ਤੇ ਉਸ ਦੇ ਮੁੰਡੇ ਦੀ ਲਾਸ਼ ਪਈ ਹੋਈ ਸੀ। ਮ੍ਰਿਤਕ ਦੇ ਪਿਤਾ ਬਲਜੀਤ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਰੋਹਿਤ ਵਾਸੀ ਜ਼ਿਲ੍ਹਾ ਹਮੀਰਪੁਰ (ਹਿਮਾਚਲ ਪ੍ਰੇਦਸ਼) ਜਸ਼ਨਦੀਪ ਨਾਲ ਉਸਦੇ ਕਾਲਜ ’ਚ ਪੜ੍ਹਦਾ ਸੀ, ਜੋ ਉਸਦਾ ਦੋਸਤ ਸੀ। ਜਗਸੀਰ ਸਿੰਘ ਵਾਸੀ ਨਾਗਰਾ ਵੀ ਇਨ੍ਹਾਂ ਨਾਲ ਰਹਿੰਦਾ ਸੀ।
ਪੜ੍ਹੋ ਇਹ ਵੀ ਖ਼ਬਰ - ਫਿਰੋਜ਼ਪੁਰ: ਦਰਿਆ ’ਚ ਛਾਲ ਮਾਰ ਕੇ ਵਿਅਕਤੀ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼, ਕਿਹਾ- ‘ਮੋਦੀ ਨਾਲ ਕਰਾਓ ਮੇਰੀ ਗੱਲ’
ਦੋਸ਼ ਹੈ ਕਿ ਉਕਤ ਦੋਵੇਂ ਵਿਅਕਤੀਆਂ ਨੇ ਜਸ਼ਨਦੀਪ ਸਿੰਘ ਨੂੰ ਆਪਣੇ ਨਾਲ ਲਿਆ ਕੇ ਜਗਸੀਰ ਦੀ ਮੋਟਰ 'ਤੇ ਕੋਈ ਨਸ਼ਾ ਵਗੈਰਾ ਕਰਵਾ ਕੇ ਛੱਡ ਗਏ, ਜਿਸ ਨਾਲ ਜਸ਼ਨਦੀਪ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਤੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਜਸ਼ਨਦੀਪ ਕੋਈ ਨਸ਼ਾ ਵਗੈਰਾ ਨਹੀਂ ਕਰਦਾ ਸੀ। ਓਧਰ ਇੰਸਪੈਕਟਰ ਗੁਰਦੀਪ ਸਿੰਘ ਸੰਧੂ ਥਾਣਾ ਮੁਖੀ ਭਵਾਨੀਗੜ੍ਹ ਨੇ ਦੱਸਿਆ ਕਿ ਪੁਲਸ ਵੱਲੋਂ ਬਲਜੀਤ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਰੋਹਿਤ ਤੇ ਜਗਸੀਰ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਸਬੰਧੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਉਪਰੰਤ ਹੀ ਮ੍ਰਿਤਕ ਦੀ ਮੌਤ ਦੇ ਅਸਲ ਕਾਰਨਾਂ ਬਾਰੇ ਪਤਾ ਚੱਲ ਸਕੇਗਾ।
ਪੜ੍ਹੋ ਇਹ ਵੀ ਖ਼ਬਰ - ਨਾਭਾ ਦੀ ਨਵੀਂ ਜ਼ਿਲ੍ਹਾ ਜੇਲ ’ਚ ਖੂਨੀ ਝੜਪ : ਹਵਾਲਾਤੀ ਨੇ ਕੈਦੀ ’ਤੇ ਹਮਲਾ ਕਰ ਕੀਤਾ ਲਹੂ-ਲੁਹਾਨ