ਵੱਡੀ ਖ਼ਬਰ : ਕਾਲਜ ਦੀ ਪ੍ਰਧਾਨਗੀ ਦੇ ਜਸ਼ਨ ਦੌਰਾਨ 2 ਧਿਰਾਂ ’ਚ ਹੋਈ ਗੈਂਗਵਾਰ, ਫਾਇਰਿੰਗ ਦੌਰਾਨ 1 ਨੌਜਵਾਨ ਦੀ ਮੌਤ
Wednesday, Sep 29, 2021 - 11:53 AM (IST)
ਚੋਹਲਾ ਸਾਹਿਬ (ਜ.ਬ) - ਇਤਿਹਾਸਕ ਕਸਬਾ ਚੋਹਲਾ ਸਾਹਿਬ ਵਿਖੇ ਅੱਜ ਦੁਪਿਹਰ 12:30 ਵਜੇ ਦੇ ਕਰੀਬ ਇੱਥੋਂ ਦੇ ਖੇਡ ਸਟੇਡੀਅਮ ਦੇ ਬਾਹਰ 30-40 ਨੌਜਵਾਨਾਂ ਦੇ 2 ਗਰੁੱਪਾਂ ’ਚ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀ ਚੱਲਣ ਨਾਲ 1 ਨੌਜਵਾਨ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ, ਜਦਕਿ ਇਕ ਹੋਰ ਨੌਜਵਾਨ ਗੋਲੀ ਲੱਗਣ ਕਾਰਨ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ, ਜਿਸ ਨੂੰ ਤਰਨਤਾਰਨ ਦੇ ਇਕ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਮੌਕੇ ’ਤੇ ਪੁੱਜੀ ਪੁਲਸ ਪਾਰਟੀ ਨੇ ਕਾਰਵਾਈ ਕਰਦਿਆਂ, ਉਸੇ ਵਕਤ ਇਸ ਵਾਰਦਾਤ ਨਾਲ ਸਬੰਧਤ 2 ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ।
ਪੜ੍ਹੋ ਇਹ ਵੀ ਖ਼ਬਰ - ਸਾਊਦੀ ਅਰਬ ਗਏ ਗੁਰਦਾਸਪੁਰ ਦੇ 24 ਸਾਲਾ ਨੌਜਵਾਨ ਨੇ ਲਿਆ ਫਾਹਾ, ਪਰਿਵਾਰ ਨੇ ਦੱਸੀ ਖ਼ੁਦਕੁਸ਼ੀ ਦੀ ਅਸਲ ਵਜ੍ਹਾ
ਜਾਣਕਾਰੀ ਮੁਤਾਬਕ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਇਥੋਂ ਦੇ ਖੇਡ ਸਟੇਡੀਅਮ ਦੇ ਬਾਹਰ 15 ਤੋਂ 20 ਵੱਖ-ਵੱਖ ਗੱਡੀਆਂ ’ਚ ਸਵਾਰ ਹੋ ਕੇ ਵੱਡੀ ਗਿਣਤੀ ’ਚ ਨੌਜਵਾਨ ਇੱਥੇ ਆਏ ਤੇ ਦੂਸਰੇ ਪਾਸੇ ਪਹਿਲਾਂ ਤੋਂ ਮੌਜੂਦ ਬਹੁਤ ਸਾਰੇ ਨੌਜਵਾਨ ਪ੍ਰਧਾਨਗੀ ਦੀ ਚੋਣ ਕਰ ਕੇ ਖੁਸ਼ੀ ਮਨਾ ਰਹੇ ਸਨ ਅਤੇ ਵੇਖਦਿਆਂ ਹੀ ਵੇਖਦਿਆਂ ਇਨ੍ਹਾਂ ਦੋਵਾਂ ਗੁੱਟਾਂ ’ਚ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਚਮਸ਼ਦੀਦਾਂ ਮੁਤਾਬਕ ਨੌਜਵਾਨ ਰਿਵਾਲਵਰ, 12 ਬੋਰ ਰਾਈਫਲਾਂ ਤੇ 315 ਰਾਈਫਲਾਂ ਨਾਲ ਲੈਸ ਸਨ, ਜਿਨਾਂ ਨੇ ਰਾਹਗੀਰਾਂ ਦੀ ਪ੍ਰਵਾਹ ਨਾ ਕਰਦੇ ਹੋਏ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ’ਚ ਕੁਝ ਨੌਜਵਾਨ ਜ਼ਖਮੀ ਹੋ ਗਏ। ਘਟਨਾ ਸਥਾਨ ’ਤੇ ਮੌਕੇ ’ਤੇ ਪੁੱਜੀ ਪੁਲਸ ਪਾਰਟੀ ਨੇ ਗੰਭੀਰ ਰੂਪ ’ਚ ਜ਼ਖਮੀ ਨੌਜਵਾਨ ਨੂੰ ਇਲਾਜ ਲਈ ਤਰਨਤਾਰਨ ਹਸਪਤਾਲ ’ਚ ਭੇਜ ਦਿੱਤਾ।
ਪੜ੍ਹੋ ਇਹ ਵੀ ਖ਼ਬਰ - ਸਿੱਧੂ ਦੇ ਅਸਤੀਫੇ ’ਤੇ ਕੈਪਟਨ ਦਾ ਧਮਾਕੇਦਾਰ ਟਵੀਟ, ‘ਮੈਂ ਪਹਿਲਾਂ ਹੀ ਕਿਹਾ ਸੀ ਇਹ ਟਿਕ ਕੇ ਨਹੀਂ ਰਹਿ ਸਕਦਾ’
ਇਸ ਤੋਂ ਬਾਅਦ ਤਕਰੀਬਨ 4 ਵਜੇ ਦੇ ਕਰੀਬ ਇਥੋਂ ਨਜ਼ਦੀਕੀ ਪਿੰਡ ਮੋਹਨਪੁਰ ਸੂਏ ਦੀਆਂ ਝਾੜੀਆਂ ’ਚੋਂ 1 ਹੋਰ ਨੌਜਵਾਨ ਦੀ ਲਾਸ਼ ਪੁਲਸ ਪਾਰਟੀ ਨੂੰ ਮਿਲੀ, ਜਿਸ ਦੀ ਛਾਤੀ ’ਚ ਗੋਲੀ ਲੱਗੀ ਹੋਈ ਸੀ, ਜਿਸ ਨੂੰ ਵੀ ਇਸ ਘਟਨਾ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਘਟਨਾ ਸਥਾਨ ’ਤੇ ਪੁੱਜੇ ਡੀ. ਐੱਸ. ਪੀ. ਗੋਇੰਦਵਾਲ ਪ੍ਰੀਤਇੰਦਰ ਸਿੰਘ ਤੇ ਪੁਲਸ ਥਾਣਾ ਚੋਹਲਾ ਸਾਹਿਬ ਦੇ ਐੱਸ. ਐੱਚ. ਓ. ਬਲਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਮੋਹਨਪੁਰ ਦੇ ਸਰਪੰਚ ਨੇ ਫੋਨ ਰਾਹੀਂ ਸੂਚਿਤ ਕੀਤਾ ਕਿ ਇਕ ਨੌਜਵਾਨ ਦੀ ਲਾਸ਼ ਇਥੋਂ ਸੂਏ ਦੇ ਨਜ਼ਦੀਕ ਝਾੜੀਆਂ ’ਚ ਪਈ ਹੋਈ ਹੈ। ਜਦ ਉਨ੍ਹਾਂ ਨੇ ਮੌਕੇ ’ਤੇ ਜਾ ਕੇ ਵੇਖਿਆ ਤਾਂ ਨੌਜਵਾਨ ਜੋ ਮ੍ਰਿਤਕ ਹਾਲਤ ’ਚ ਉੱਥੇ ਪਿਆ ਸੀ, ਜਿਸ ਦੀ ਛਾਤੀ ’ਚ ਗੋਲੀ ਲੱਗੀ ਹੋਈ ਸੀ, ਜਿਸ ਨੂੰ ਪੋਸਟਮਾਰਟਮ ਲਈ ਤਰਨਤਾਰਨ ਭੇਜ ਦਿੱਤਾ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ - ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਨਵਜੋਤ ਸਿੱਧੂ ਦਾ ਜਾਣੋ ਹੁਣ ਤੱਕ ਦਾ ‘ਸਿਆਸੀ ਸਫ਼ਰ’
ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸਰਵਣ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਸਰਹਾਲੀ ਕਲਾਂ ਉਮਰ ਕਰੀਬ 22-23 ਸਾਲ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਚਾਚਾ ਭਗਵਾਨ ਸਿੰਘ ਦੇ ਬਿਆਨਾਂ ’ਤੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਸ ਨੌਜਵਾਨ ਦੀ ਹੋਈ ਮੌਤ ਨੂੰ ਵੀ ਕਾਲਜ ਦੀ ਪ੍ਰਧਾਨਗੀ ਲਈ ਚੱਲੀ ਗੋਲੀ ਵਾਲੀ ਘਟਨਾ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ, ਜਿਸ ਸਬੰਧੀ ਬਾਰੀਕੀ ਨਾਲ ਛਾਣਬੀਣ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ - ਮੌਤ ਤੋਂ ਡੇਢ ਮਹੀਨੇ ਬਾਅਦ ਕਬਰ ’ਚੋਂ ਕੱਢਣੀ ਪਈ ਗਰਭਵਤੀ ਦੀ ਲਾਸ਼,ਹੈਰਾਨ ਕਰ ਦੇਵੇਗਾ ਗੁਰਦਾਸਪੁਰ ਦਾ ਇਹ ਮਾਮਲਾ
ਮ੍ਰਿਤਕ ਦੇ ਚਾਚਾ ਭਗਵਾਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਜੋ ਕਿ ਘਰੋਂ 12 ਵਜੇ ਦੇ ਕਰੀਬ ਆਇਆ ਤੇ ਘਰ ਵਾਪਸ ਨਾ ਪਰਤਣ ਤੇ ਉਸ ਨੂੰ ਅਸੀਂ ਵਾਰ ਵਾਰ ਫੋਨ ਕੀਤੇ ਪਰ ਉਸ ਨੇ ਫੋਨ ਨਹੀਂ ਚੁੱਕਿਆ। ਅੱਜ 4 ਵਜੇ ਦੇ ਕਰੀਬ ਜਦ ਉਨ੍ਹਾਂ ਨੇ ਦੁਬਾਰਾ ਫੋਨ ਲਾਇਆ ਤਾਂ ਥਾਣਾ ਚੋਹਲਾ ਸਾਹਿਬ ਦੇ ਮੁਖੀ ਵੱਲੋਂ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਲੜਕੇ ਦੀ ਲਾਸ਼ ਮੋਹਨਪੁਰ ਵਿਖੇ ਪਈ ਹੈ। ਉਸ ਨੇ ਦੱਸਿਆ ਕਿ ਉਸ ਦਾ ਭਤੀਜਾ ਵਿਦੇਸ਼ ਜਾਣ ਲਈ ਆਈਲੈੱਟਸ ਕਰ ਰਿਹਾ ਸੀ, ਜਿਸ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਪੜ੍ਹੋ ਇਹ ਵੀ ਖ਼ਬਰ - ਬਟਾਲਾ : ਵਿਦੇਸ਼ ’ਚ ਰਹਿੰਦੀ ਫੇਸਬੁੱਕ ਫਰੈਂਡ ਵਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਟਿਕਟਾਕ ਸਟਾਰ ਨੇ ਖਾਧਾ ਜ਼ਹਿਰ