ਪੰਜਾਬ 'ਚ ਠੰਡ ਤੇ ਧੁੰਦ ਨੇ ਫੜਿਆ ਜ਼ੋਰ, ਡਰਾਈਵਿੰਗ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ

Monday, Dec 19, 2022 - 01:26 PM (IST)

ਪੰਜਾਬ 'ਚ ਠੰਡ ਤੇ ਧੁੰਦ ਨੇ ਫੜਿਆ ਜ਼ੋਰ, ਡਰਾਈਵਿੰਗ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ

ਟਾਂਡਾ ਉੜਮੁੜ (ਪੰਡਿਤ)-ਸਰਦੀ ਲਗਾਤਾਰ ਵਧਣ ਲੱਗੀ ਹੈ। ਸਵੇਰ ਅਤੇ ਰਾਤ ਨੂੰ ਸੰਘਣੀ ਧੁੰਦ ਛਾਈ ਰਹਿੰਦੀ ਹੈ। ਅਜਿਹੇ ’ਚ ਹਾਦਸਿਆਂ ਤੋਂ ਬਚਣ ਲਈ ਡਰਾਈਵਰਾਂ ਨੂੰ ਜ਼ਿਆਦਾ ਸਾਵਧਾਨੀ ਵਰਤਣ ਅਤੇ ਟ੍ਰੈਫਿਕ ਨਿਯਮਾਂ ਨੂੰ ਧਿਆਨ ’ਚ ਰੱਖ ਕੇ ਵਾਹਨ ਚਲਾਉਣਾ ਜ਼ਰੂਰੀ ਹੋਵੇਗਾ।
ਟਾਂਡਾ ਯੂਨਾਈਟਿਡ ਸਪੋਰਟਸ ਕਲੱਬ ਦੇ ਸਰਪ੍ਰਸਤ ਗਗਨ ਵੈਦ, ਪ੍ਰਧਾਨ ਗੁਰਸੇਵਕ ਮਾਰਸ਼ਲ, ਰੀਅਲ ਵੈੱਲਫੇਅਰ ਕਲੱਬ ਦੇ ਚੇਅਰਮੈਨ ਪ੍ਰੋ. ਪਵਨ ਪਲਟਾ, ਚੇਅਰਮੈਨ ਰਜਿੰਦਰ ਸਿੰਘ ਮਾਰਸ਼ਲ ਅਤੇ ਕਿਸਾਨ ਆਗੂ ਜੰਗਵੀਰ ਸਿੰਘ ਚੌਹਾਨ ਨੇ ਵਾਹਨ ਚਾਲਕਾਂ ਨੂੰ ਧੁੰਦ ਦੌਰਾਨ ਸੜਕ ਹਾਦਸਿਆਂ ਤੋਂ ਸੁਚੇਤ ਕਰਦਿਆਂ ਕਿਹਾ ਹੈ ਕਿ ਮੌਸਮ ਦੀ ਤਬਦੀਲੀ ਕਾਰਨ ਅਕਸਰ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ। ਜੇਕਰ ਡਰਾਈਵਰ ਥੋੜ੍ਹਾ ਜਿਹਾ ਧਿਆਨ ਰੱਖਣ ਤਾਂ ਧੁੰਦ ’ਚ ਸੜਕ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਡਰਾਈਵਰਾਂ ਨੂੰ ਧੁੰਦ ਕੋਹਰੇ ਤੋਂ ਬਚਣ ਲਈ ਕੁਝ ਪਹਿਲੂਆਂ 'ਤੇ ਜ਼ਰੂਰੀ ਨਿਰਦੇਸ਼ਾਂ ਵੱਲ ਧਿਆਨ ਦੇਣ ਲਈ ਕਿਹਾ ਹੈ।

ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਯਾਤਰਾ ਹੋਵੇਗੀ ਸੁਰੱਖਿਅਤ
ਟ੍ਰੈਫਿਕ ਪੁਲਸ ਦੇ ਏ. ਐੱਸ. ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਸੰਘਣੀ ਧੁੰਦ ਵਿਚ ਸੜਕ ਦੇ ਖੱਬੇ ਪਾਸੇ ਵੱਲ ਵੇਖ ਕੇ ਗੱਡੀ ਚਲਾਓ। ਧੁੰਦ ਵਿਚ ਸੜਕ ’ਤੇ ਸੁਰੱਖਿਅਤ ਢੰਗ ਨਾਲ ਗੱਡੀ ਚਲਾਉਣ ਦਾ ਇਕ ਵਧੀਆ ਤਰੀਕਾ ਹੈ, ਸਾਹਮਣੇ ਵਾਲੇ ਵਾਹਨ ਤੋਂ ਕੁਝ ਦੂਰੀ ’ਤੇ ਗੱਡੀ ਚਲਾਉਣਾ। ਹਾਈ ਬੀਮ ’ਤੇ ਵਾਹਨ ਦੀ ਹੈੱਡ ਲਾਈਟ ਨਾ ਰੱਖੋ, ਅਜਿਹਾ ਕਰਨ ਨਾਲ ਧੁੰਦ ’ਚ ਲਾਈਟ ਖਿੱਲਰ ਜਾਂਦੀ ਹੈ ਅਤੇ ਸਾਹਮਣੇ ਕੁਝ ਵੀ ਵਿਖਾਈ ਨਹੀਂ ਦਿੰਦਾ। ਇਸ ਲਈ ਹੈੱਡ ਲਾਈਟ ਘੱਟ ਬੀਮ ’ਤੇ ਰੱਖੋ। ਇਸ ਨਾਲ ਵੇਖਣ ’ਚ ਆਸਾਨੀ ਹੋਵੇਗੀ ਅਤੇ ਸਾਹਮਣੇ ਵਾਲੇ ਵਿਅਕਤੀ ਨੂੰ ਵੀ ਵਾਹਨ ਦੀ ਸਹੀ ਸਥਿਤੀ ਦਾ ਪਤਾ ਲੱਗ ਸਕੇਗਾ।
ਸੜਕ ਦੇ ਕਿਨਾਰੇ ਪੀਲੀ ਲਾਈਨ ਦਾ ਪਾਲਣ ਕਰਕੇ ਹਾਈਵੇਅ ’ਤੇ ਆਸਾਨੀ ਨਾਲ ਗੱਡੀ ਚਲਾਈ ਜਾ ਸਕਦੀ ਹੈ। ਜੇਕਰ ਤੁਹਾਨੂੰ ਗੱਡੀ ਚਲਾਉਂਦੇ ਸਮੇਂ ਕਿਤੇ ਮੋੜਨਾ ਪਵੇ ਤਾਂ ਪਹਿਲਾਂ ਤੋਂ ਹੀ ਇੰਡੀਕੇਟਰ ਲਗਾ ਦਿਓ, ਤਾਂ ਜੋ ਪਿੱਛੇ ਜਾਂ ਸਾਹਮਣੇ ਤੋਂ ਆਉਣ ਵਾਲੇ ਵਾਹਨਾਂ ਨੂੰ ਸਮਾਂ ਮਿਲ ਸਕੇ। ਹੈੱਡਲਾਈਟਾਂ ਨੂੰ ਬੰਦ ਕਰਨਾ ਅਤੇ ਸਿਰਫ਼ ਧੁੰਦ ਦੀਆਂ ਲਾਈਟਾਂ ਨੂੰ ਚਾਲੂ ਕਰਨਾ ਖ਼ਤਰਨਾਕ ਹੋ ਸਕਦਾ ਹੈ, ਕਿਉਂਕਿ ਇਕੱਲੇ ਧੁੰਦ ਦੀਆਂ ਲਾਈਟਾਂ ਆਉਣ ਵਾਲੇ ਵਾਹਨ ਨੂੰ ਵਿਖਾਈ ਨਹੀਂ ਦਿੰਦੀਆਂ।

ਇਹ ਵੀ ਪੜ੍ਹੋ :  ‘ਆਪ’ ਵਿਧਾਇਕਾਂ ਲਈ ਭਾਜਪਾ ਕਰੋੜਾਂ ਦੀ ਬੋਲੀ ਲਾ ਰਹੀ ਪਰ ਕੋਈ ਵਿਕਣ ਨੂੰ ਤਿਆਰ ਨਹੀਂ: ਭਗਵੰਤ ਮਾਨ

ਧੁੰਦ ਦੀਆਂ ਲਾਈਟਾਂ ਨੂੰ ਚਾਲੂ ਕਰਨਾ ਚਾਹੀਦਾ ਹੈ
ਹਾਈਵੇਅ ਪੈਟਰੋਲਿੰਗ ਪੁਲਸ ਦੇ ਥਾਣੇਦਾਰ ਚਰਨਜੀਤ ਸਿੰਘ ਨੇ ਕਿਹਾ ਕਿ ਵਾਹਨ ਚਾਲਕ ਆਪਣੇ ਵਾਹਨਾਂ ਵਿਚ ਫੌਗ ਲਾਈਟਾਂ ਜ਼ਰੂਰ ਲਗਾਉਣ। ਇਹ ਧੁੰਦ ਨੂੰ ਕੱਟਣ ਵਿਚ ਮਦਦ ਕਰਦੀਆਂ ਹਨ। ਧੁੰਦ ਹੋਣ ’ਤੇ ਡਰਾਈਵਰ ਨੂੰ ਆਪਣੇ ਵਾਹਨ ਦੀ ਰਫ਼ਤਾਰ ਤੇਜ਼ ਨਹੀਂ ਰੱਖਣੀ ਚਾਹੀਦੀ। ਧੁੰਦ ਵਿਚ ਅੱਗੇ ਵੱਧ ਰਹੇ ਵਾਹਨ ਨੂੰ ਓਵਰਟੇਕ ਕਰਨ ਦੀ ਬਜਾਏ, ਸਹੀ ਦੂਰੀ ਬਣਾ ਕੇ ਉਸ ਦਾ ਪਾਲਣ ਕਰੋ। ਵਾਹਨ ਮਾਲਕਾਂ ਅਤੇ ਡਰਾਈਵਰਾਂ ਨੂੰ ਆਪਣੇ ਵਾਹਨਾਂ ਦੇ ਪਿੱਛੇ ਰਿਫਲੈਕਟਰ ਲਗਾਉਣੇ ਚਾਹੀਦੇ ਹਨ। ਖਾਸ ਕਰ ਕੇ ਟਰੱਕ ਜਾਂ ਟੈਂਪੂ ਚਾਲਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਵਾਹਨ ਕਿਸੇ ਵੀ ਹੋਟਲ ਜਾਂ ਢਾਬੇ ਦੇ ਸਾਹਮਣੇ ਸੜਕ ’ਤੇ ਨਾ ਖੜ੍ਹੇ ਕਰਨ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵਾਹਨ ਵਿਚ ਕੋਈ ਤਕਨੀਕੀ ਨੁਕਸ ਹੈ ਤਾਂ ਉਕਤ ਵਾਹਨ ਨੂੰ ਸੜਕ ਕਿਨਾਰੇ ਖੜ੍ਹਾ ਕਰਕੇ ਉਸ ਦੀਆਂ ਲਾਈਟਾਂ ਜਗਾਉਣੀਆਂ ਚਾਹੀਦੀਆਂ ਹਨ।

ਇਹ ਵੀ ਪੜ੍ਹੋ : ਪੰਜਾਬ 'ਚੋਂ ਹੋਵੇਗਾ ਗੈਂਗਸਟਰਾਂ ਦਾ ਸਫ਼ਾਇਆ, ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਭਗਵੰਤ ਮਾਨ ਨੇ ਆਖੀ ਵੱਡੀ ਗੱਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News