ਪਟਿਆਲਾ ਸੀਤ ਲਹਿਰ ਦੀ ਚਪੇਟ ’ਚ, ਪਾਰਾ ਡਿੱਗ ਕੇ 4 ਡਿੱਗਰੀ ਤੱਕ ਪਹੁੰਚਿਆ

Wednesday, Jan 04, 2023 - 11:34 AM (IST)

ਪਟਿਆਲਾ ਸੀਤ ਲਹਿਰ ਦੀ ਚਪੇਟ ’ਚ, ਪਾਰਾ ਡਿੱਗ ਕੇ 4 ਡਿੱਗਰੀ ਤੱਕ ਪਹੁੰਚਿਆ

ਪਟਿਆਲਾ, ਰੱਖੜਾ (ਬਲਜਿੰਦਰ, ਰਾਣਾ) : ਲਗਾਤਾਰ ਪਈ ਸੰਘਣੀ ਧੁੰਦ ਅਤੇ ਚੱਲੀਆਂ ਠੰਡੀਆਂ ਹਵਾਵਾਂ ਕਾਰਨ ਪਟਿਆਲਾ ਸੀਤ ਲਹਿਰ ਦੀ ਚਪੇਟ ’ਚ ਆ ਗਿਆ ਹੈ। ਪਟਿਆਲਾ ਦਾ ਬੀਤੇ 24 ਘੰਟਿਆਂ ’ਚ ਘੱਟੋ-ਘੱਟ ਤਾਪਮਾਨ ਡਿੱਗ ਕੇ 4 ਡਿੱਗਰੀ ਤੱਕ ਪਹੁੰਚ ਗਿਆ ਹੈ। ਹਾਲਾਤ ਇਹ ਹਨ ਕਿ ਅੱਜ ਜ਼ਬਰਦਸਤ ਧੁੰਦ ਕਾਰਨ ਪੂਰਾ ਦਿਨ ਸੂਰਜ ਦੇਵਤਾ ਦੇ ਇਕ ਤਰ੍ਹਾਂ ਨਾਲ ਦਰਸ਼ਨ ਹੀ ਨਹੀਂ ਹੋਏ। ਲੋਕਾਂ ਨੇ ਜ਼ਿਆਦਾਤਰ ਸਮਾਂ ਘਰਾਂ ’ਚ ਬੈਠ ਕੇ ਹੀ ਬਿਤਾਇਆ। ਸਭ ਤੋਂ ਜ਼ਿਆਦਾ ਪ੍ਰੇਸ਼ਾਨ ਸੜਕਾਂ ’ਤੇ ਸੌਣ ਵਾਲੇ ਬੇਘਰ ਲੋਕ ਨਜ਼ਰ ਆਏ, ਹਾਲਾਂਕਿ ਨਗਰ-ਨਿਗਮ ਵੱਲੋਂ ਕੁਝ ਥਾਵਾਂ ’ਤੇ ਰੈਣ ਬਸੇਰੇ ਬਣਾਏ ਗਏ ਹਨ ਪਰ ਜਿੰਨੇ ਲੋਕ ਸੜਕਾਂ ’ਤੇ ਸੌ ਰਹੇ ਹਨ, ਲਈ ਬਣਾਏ ਗਏ ਰੈਣ ਬਸੇਰੇ ਥੋੜ੍ਹੇ ਪੈ ਰਹੇ ਹਨ। ਲਿਹਾਜ਼ਾ ਕੜਾਕੇ ਦੀ ਸਰਦੀ ਨੇ ਆਮ ਲੋਕਾਂ ਦਾ ਜਿਊਣਾ ਮੁਸ਼ਕਿਲ ਕੀਤਾ ਹੋਇਆ ਹੈ। ਸੜਕਾਂ ’ਤੇ ਸੌਣ ਵਾਲੇ ਲੋਕਾਂ ਲਈ ਇਸ ਸਰਦੀ ਦਾ ਸਾਹਮਣਾ ਕਰਨਾ ਕਿਸੇ ਵੱਡੀ ਚੁਣੌਤੀ ਤੋਂ ਘੱਟ ਨਹੀਂ ਹੈ। ਸੰਘਣੀ ਧੁੰਦ ਕਾਰਨ ਬੀਤੀ ਰਾਤ ਧੁੰਦ ਤੇ ਹਨੇਰੇ ਦੇ ਇਕੱਠੇ ਹੋਣ ਕਰ ਕੇ ਕਈ ਸੜਕਾਂ ’ਤੇ ਚੱਲਣ ਵਾਲੇ ਵਾਹਨ ਆਪਸ ’ਚ ਟਕਰਾ ਗਏ, ਜਿਸ ਕਾਰਨ ਕੋਈ ਵੀ ਜਾਨੀ ਨੁਕਸਾਨ ਹੋਣੋਂ ਬਚਾ ਰਿਹਾ। 

ਇਹ ਵੀ ਪੜ੍ਹੋ : ਮੁਫ਼ਤ ’ਚ ਕਣਕ ਲੈਣ ਵਾਲੇ ਲਾਭਪਾਤਰੀਆਂ ਲਈ ਬੁਰੀ ਖ਼ਬਰ, ਕੇਂਦਰ ਸਰਕਾਰ ਨੇ ਦਿੱਤਾ ਵੱਡਾ ਝਟਕਾ

ਬੀਤੇ ਦਿਨੀਂ ਤੜਕਸਾਰ ਸੰਘਣੀ ਧੁੰਦ ਦੀ ਚਪੇਟ ’ਚ ਸੰਗਰੂਰ ਰੋਡ ’ਤੇ ਚੰਨੋ ਨੇੜੇ ਵੱਡਾ ਹਾਦਸਾ ਵਾਪਰਿਆ ਜਿਸ ’ਚ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ, ਉਥੇ ਹੀ ਇਸ ਹਾਦਸੇ ਕਾਰਨ ਕਈ ਵਿਅਕਤੀ ਜ਼ਖ਼ਮੀ ਵੀ ਹੋਏ ਹਨ। ਮੌਕੇ ’ਤੇ ਹੀ ਰਾਜਿੰਦਰਾ ਹਸਪਤਾਲ ਵਿਖੇ ਲਿਆਂਦਾ ਗਿਆ ਪਰ ਜ਼ੇਰੇ ਇਲਾਜ ਤਲਵੰਡੀ ਸਾਬੋ ਦੇ ਸਾਬਕਾ ਕੌਂਸਲ ਪ੍ਰਧਾਨ ਅਜੀਜ ਖਾਨ ਦੀ ਮੌਤ ਹੋ ਗਈ। ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਬੀਤੀ ਰਾਤ ਜ਼ੀਰੋ ਸੀ। ਜਿਸ ਕਾਰਨ ਜਿਥੇ ਸੜਕਾਂ ’ਤੇ ਆਵਾਜਾਈ ਨੂੰ ਬ੍ਰੇਕ ਲੱਗੀ ਹੈ, ਉਥੇ ਹੀ ਇਸ ਦਾ ਅਸਰ ਰੇਲਵੇ ’ਤੇ ਵੀ ਪਿਆ ਹੈ। ਰੇਲ ਗੱਡੀਆਂ ਲੇਟ ਚੱਲ ਰਹੀਆਂ ਹਨ, ਕਈ ਗੱਡੀਆਂ ਦੀ ਯਾਤਰਾ ਪੂਰੀ ਤਰ੍ਹਾਂ ਰੱਦ ਵੀ ਕੀਤੀ ਗਈ ਹੈ।

ਲੋਕ ਘਰਾਂ ’ਚੋਂ ਬਾਹਰ ਨਿਕਲਣ ਤੋਂ ਕਰ ਰਹੇ ਗੁਰੇਜ਼

ਨਵਾਂ ਸਾਲ 2023 ਦਾ ਚੜ੍ਹਦਿਆਂ ਹੀ ਜਨਵਰੀ ਮਹੀਨੇ ਦੇ ਸ਼ੁਰੂ ’ਚ ਹੀ ਠੰਡ ਆਪਣੇ ਪੂਰੇ ਜ਼ੋਰਾਂ ’ਤੇ ਪੈ ਰਹੀ ਹੈ, ਜਿਸ ਕਾਰਨ ਜਿੱਥੇ ਛੋਟੇ ਬੱਚਿਆਂ ਨੂੰ ਮਾਪਿਆਂ ਨੇ ਘਰਾਂ ਵਿਚ ਹੀ ਬੈਠਾ ਕੇ ਰੱਖ ਲਿਆ ਹੈ, ਉਥੇ ਉਨ੍ਹਾਂ ਬਿਨਾਂ ਕਿਸੇ ਕਾਰਨ ਦੇ ਘਰਾਂ ’ਚੋਂ ਆਪਣੇ ਆਪ ਨੂੰ ਨਾ ਕੱਢ ਕੇ ਘਰਾਂ ’ਚ ਬੈਠਣ ਦਾ ਵੀ ਮਨ ਬਣਾਇਆ ਹੋਇਆ ਹੈ। ਹਾਲ ਦੀ ਘੜੀ ਪੈ ਰਹੀ ਜ਼ਬਰਦਸਤ ਠੰਡ ਕਾਰਨ ਅਜਿਹਾ ਮੌਸਮ ਹੋਇਆ ਪਿਆ ਹੈ ਕਿ ਪੂਰਾ-ਪੂਰਾ ਦਿਨ ਜਿਥੇ ਸੂਰਜ ਦੇਵਤਾ ਦੇ ਦਰਸ਼ਨ ਤੱਕ ਨਹੀਂ ਹੋ ਪਾ ਰਹੇ ਹਨ, ਉਥੇ ਧੁੰਦ ਤੇ ਠੰਡੀਆਂ ਹਵਾਵਾਂ ਵੀ ਆਪਣੀ ਰਫ਼ਤਾਰ ਨਾਲ ਲਗਾਤਾਰ ਵਗ ਰਹੀਆਂ ਹਨ। ਇਸ ਕਰਕੇ ਤਾਪਮਾਨ ’ਚ ਹੋਰ ਜ਼ਿਆਦਾ ਗਿਰਾਵਟ ਆ ਜਾਂਦੀ ਹੈ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, 5773 ਪਿੰਡਾਂ ਨੂੰ ਰੈਵੀਨਿਊ ਲੈਂਡ ਦੀ ਰਜਿਸਟਰੀ ਲਈ ਐੱਨ. ਓ. ਸੀ. ਤੋਂ ਦਿੱਤੀ ਛੋਟ

ਠੰਡ ਦੇ ਚਲਦਿਆਂ ਲੋਕ ਸੈਰ ਨੂੰ ਨਾ ਦੇਣ ਤਵੱਜੋ : ਡਾ. ਅਸਲਮ ਪ੍ਰਵੇਜ਼ ਤੇ ਡਾ. ਰਾਜੇਸ਼ ਸ਼ਰਮਾ

ਰੂਰਲ ਮੈਡੀਕਲ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਅਸਲਮ ਪ੍ਰਵੇਜ਼ ਤੇ ਡਾ. ਰਾਜੇਸ਼ ਸ਼ਰਮਾ ਨੇ ਜਨਵਰੀ ਮਹੀਨੇ ’ਚ ਪੈਣ ਲੱਗ ਰਹੀ ਠੰਡ ’ਚ ਸੈਰ ਕਰਨ ਵਾਲਿਆਂ ਨੂੰ ਵਿਸ਼ੇਸ਼ ਤੌਰ ’ਤੇ ਸੈਰ ਨਾ ਕਰ ਕੇ ਘਰਾਂ ’ਚ ਬੈਠਣ ਲਈ ਕਿਹਾ ਹੈ ਕਿਉਂਕਿ ਠੰਡ ਵਿਚ ਸੈਰ ਕਰਨਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਤੌਰ ’ਤੇ ਬਜ਼ੁਰਗਾਂ ਲਈ ਇਸ ਤਰ੍ਹਾਂ ਦੀ ਕੜਾਕੇ ਦੀ ਸਰਦੀ ਵਿਚ ਖੁੱਲ੍ਹੇ ਅਸਮਾਨ ਹੇਠਾਂ ਸੈਰ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਇਸ ਕੜਾਕੇ ਦੀ ਸਰਦੀ ਵਿਚ ਬਜ਼ੁਰਗਾਂ ਦੇ ਨਾਲ-ਨਾਲ ਬੱਚਿਆਂ ਦੀ ਸਿਹਤ ਵੀ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ ਕਿਉਂਕਿ ਅੱਤ ਦੀ ਸਰਦੀ ’ਚ ਬੱਚੇ ਅਕਸਰ ਸਰਦੀ ਦੀ ਲਪੇਟ ਵਿਚ ਆ ਜਾਂਦੇ ਹਨ।

ਇਹ ਵੀ ਪੜ੍ਹੋ : ਪੰਜਾਬ ’ਚ ਪੈ ਰਹੀ ਕੜਾਕੇ ਦੀ ਠੰਡ ਹੋਰ ਕੱਢੇਗੀ ਵੱਟ, ਮੌਸਮ ਵਿਭਾਗ ਨੇ ਫਿਰ ਜਾਰੀ ਕੀਤੀ ਚਿਤਾਵਨੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News