ਪੰਜਾਬ ’ਚ ਗੰਭੀਰ ਹੋਇਆ ਕੋਲਾ ਸੰਕਟ, ਦੋਵੇਂ ਸਰਕਾਰੀ ਥਰਮਲਾਂ ਦੇ ਸਾਰੇ ਯੂਨਿਟ ਬੰਦ

Saturday, Sep 04, 2021 - 11:44 PM (IST)

ਪਟਿਆਲਾ(ਪਰਮੀਤ)- ਭਾਰੀ ਬਰਸਾਤਾਂ ਕਾਰਨ ਝਾਰਖੰਡ ਸਥਿਤ ਕੋਲੇ ਦੀਆਂ ਖਾਨਾਂ ’ਚੋਂ ਕੋਲਾ ਕੱਢਣ ਲਈ ਪੈਦਾ ਹੋਈ ਮੁਸ਼ਕਿਲ ਦੇ ਨਤੀਜੇ ਵਜੋਂ ਬਣਿਆ ਕੋਲਾ ਸੰਕਟ ਹੁਣ ਪੰਜਾਬ ’ਤੇ ਵੀ ਭਾਰੀ ਪੈਣ ਲੱਗਾ ਹੈ, ਜਿਸ ਕਾਰਨ ਰੋਪੜ ਅਤੇ ਲਹਿਰਾ ਮੁਹੱਬਤ ਸਥਿਤ ਸਰਕਾਰੀ ਥਰਮਲ ਪਲਾਂਟਾਂ ਦੇ ਸਾਰੇ ਯੂਨਿਟ ਬੰਦ ਕਰਨੇ ਪਏ ਹਨ।

ਇਹ ਵੀ ਪੜ੍ਹੋੋ- ਮਨਜਿੰਦਰ ਸਿੰਘ ਸਿਰਸਾ ਨੇ ਹਰਿਆਣਾ 'ਚ ਪ੍ਰੀਖਿਆਵਾਂ ਲਈ ਧਾਰਮਿਕ ਚਿੰਨ੍ਹਾਂ 'ਤੇ ਪਾਬੰਦੀ ਲਗਾਉਣ ਦਾ ਕੀਤਾ ਵਿਰੋਧ

ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਦੀ ਰਿਪੋਰਟ ਮੁਤਾਬਕ 3 ਸਤੰਬਰ ਨੂੰ ਲਹਿਰਾ ਮੁਹੱਬਤ ਸਥਿਤ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਦਾ ਯੂਨਿਟ ਨੰਬਰ 3 ਅਤੇ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਯੂਨਿਟ ਨੰਬਰ 4 ਅਤੇ 6 ਕੋਲੇ ਦੀ ਘਾਟ ਕਾਰਨ ਬੰਦ ਹੋ ਗਏ ਹਨ। ਇਸ ਤੋਂ ਪਹਿਲਾਂ ਰੋਪੜ ਪਲਾਂਟ ਦੇ ਯੁਨਿਟ ਨੰਬਰ 3 ਨੂੰ 29 ਅਗਸਤ ਨੂੰ ਅਤੇ ਲਹਿਰਾ ਮੁਹੱਬਤ ਦੇ 1 ਨੰਬਰ ਯੁਨਿਟ ਨੂੰ 21 ਅਗਸਤ ਨੂੰ ਕੋਲੇ ਦੀ ਘਾਟ ਕਾਰਨ ਬੰਦ ਕਰ ਦਿੱਤਾ ਗਿਆ ਸੀ। ਇਸ ਮਾਮਲੇ ’ਚ ਜਦੋਂ ਪੱਖ ਲੈਣ ਲਈ ਡਾਇਰੈਕਟਰ ਜਨਰੇਸ਼ਨ ਇੰਜ. ਪਰਮਜੀਤ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਵਾਰ-ਵਾਰ ਫੋਨ ਕਰਨ ’ਤੇ ਵੀ ਫੋਨ ਨਹੀਂ ਚੁੱਕਿਆ।

ਇਹ ਵੀ ਪੜ੍ਹੋੋ- ਝਾਰਖੰਡ ਤੋਂ ਅਫੀਮ ਦੀ ਸਪਲਾਈ ਦੇਣ ਆਈਆਂ 2 ਔਰਤਾਂ ਗ੍ਰਿਫਤਾਰ

ਪਾਵਰਕਾਮ ਦੀ ਰਿਪੋਰਟ ਮੁਤਾਬਕ ਇਸ ਵੇਲੇ ਲਹਿਰਾ ਮੁਹੱਬਤ ਪਲਾਂਟ ’ਚ ਇਸ ਵੇਲੇ ਸਿਰਫ 4.8 ਦਿਨ ਦਾ ਕੋਲਾ ਪਿਆ ਹੈ ਜਦ ਕਿ ਰੋਪੜ ਪਲਾਂਟ ਵਿਚ 8.2 ਦਿਨ ਦਾ ਕੋਲਾ ਬਾਕੀ ਹੈ। ਪ੍ਰਾਈਵੇਟ ਖੇਤਰ ਦੇ ਗੋਇੰਦਵਾਲ ਸਾਹਿਬ ਪਲਾਂਟ ਕੋਲ ਸਿਰਫ 3.7 ਦਿਨ ਦਾ ਕੋਲਾ ਬਾਕੀ ਹੈ, ਤਲਵੰਡੀ ਸਾਬੋ ਕੋਲ 9 ਦਿਨ ਅਤੇ ਰਾਜਪੁਰਾ ਪਲਾਂਟ ਕੋਲ 11 ਦਿਨ ਦਾ ਕੋਲਾ ਬਾਕੀ ਹੈ। ਇਸ ਦੌਰਾਨ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੇਂਦਰੀ ਕੋਲਾ ਸਕੱਤਰ ਨਾਲ ਵੀਰਵਾਰ ਨੂੰ ਹੋਈ ਮੀਟਿੰਗ ਵਿਚ ਪੰਜਾਬ ਨੂੰ ਸਪੱਸ਼ਟ ਜਵਾਬ ਮਿਲਿਆ ਹੈ ਕਿ ਹੋਰ ਥਾਵਾਂ ’ਤੇ ਕੋਲੇ ਦੀ ਘਾਟ ਜ਼ਿਆਦਾ ਹੈ ਤੇ ਪੰਜਾਬ ਸਾਡੀ ਤਰਜੀਹ ਨਹੀਂ ਹੈ। ਪਿਛਲੇ ਦੋ ਦਿਨਾਂ ’ਚ ਕੋਲੇ ਦੇ ਦੋ ਰੈਕ ਕੋਲ ਇੰਡੀਆ ਦੀ ਮਾਈਨਜ਼ ’ਚ ਲੋਡ ਹੋਏ ਹਨ, ਜੋ ਪੰਜਾਬ ਆਉਣੇ ਹਨ। ਸੂਤਰਾਂ ਮੁਤਾਬਕ ਅਗਲੇ ਕੁਝ ਦਿਨਾਂ ਵਿਚ ਪੰਜਾਬ ਵਾਸਤੇ ਕੋਲਾ ਲੋਡ ਕਰਨ ਜਾਂ ਭੇਜਣ ਦੀ ਕੋਈ ਉਮੀਦ ਨਹੀਂ ਹੈ। ਜੇਕਰ ਕੋਲਾ ਸੰਕਟ ਇਸੇ ਤਰੀਕੇ ਗੰਭੀਰ ਬਣਿਆ ਰਿਹਾ ਤਾਂ ਫਿਰ ਸਰਕਾਰੀ ਥਰਮਲਾਂ ਤੋਂ ਬਾਅਦ ਹੁਣ ਪ੍ਰਾਈਵੇਟ ਥਰਮਲਾਂ ਦੇ ਯੂਨਿਟ ਇਕ-ਇਕ ਕਰ ਕੇ ਬੰਦ ਕਰਨੇ ਪੈਣਗੇ।


Bharat Thapa

Content Editor

Related News