ਕੋਲਾ ਸੰਕਟ : ਪਾਵਰਕਾਮ ਨੇ ਕੱਟਾਂ ਤੋਂ ਬਚਣ ਲਈ ਖਰੀਦੀ 11.60 ਰੁਪਏ ਦੇ ਹਿਸਾਬ ਨਾਲ 1800 ਮੈਗਾਵਾਟ ਬਿਜਲੀ
Sunday, Oct 10, 2021 - 09:08 PM (IST)
ਪਟਿਆਲਾ(ਜੋਸਨ)- ਕੋਲਾ ਸੰਕਟ ’ਚ ਫਸੀ ਪਾਵਰਕਾਮ ਨੇ ਪੰਜਾਬ ਦੇ ਲੋਕਾਂ ਨੂੰ ਕੱਟਾਂ ਤੋਂ ਬਚਾਉਣ ਲਈ 11.60 ਰੁਪਏ ਦੇ ਹਿਸਾਬ ਨਾਲ 1800 ਮੈਗਾਵਾਟ ਬਿਜਲੀ ਖਰੀਦੀ ਹੈ। ਪਾਵਰਕਾਮ ਦੇ ਚੇਅਰਮੈਨ ਵੇਨੂੰ ਪ੍ਰਸਾਦ ਨੇ ਅੱਜ ਮੰਨਿਆ ਕਿ ਰਾਜ ਭਰ ’ਚ ਕੋਲਾ ਆਧਾਰਿਤ ਥਰਮਲ ਪਲਾਂਟ ਕੋਲੇ ਦੀ ਭਾਰੀ ਘਾਟ ਦਾ ਸਾਹਮਣਾ ਕਰ ਰਹੇ ਹਨ। ਗੁਆਂਢੀ ਰਾਜਾਂ ਦਿੱਲੀ, ਹਰਿਆਣਾ ਅਤੇ ਰਾਜਸਥਾਨ ਦੇ ਨਾਲ-ਨਾਲ ਭਾਰਤ ਦੇ ਹੋਰ ਹਿੱਸਿਆਂ ’ਚ ਵੀ ਕੋਲੇ ਦੀ ਭਾਰੀ ਘਾਟ ਕਾਰਨ ਅਜਿਹੀ ਸਥਿਤੀ ਬਣੀ ਹੋਈ ਹੈ। ਸੀ. ਐੱਮ. ਡੀ. ਨੇ ਅੱਜ ਖੁਲਾਸਾ ਕੀਤਾ ਕਿ ਵਰਤਮਾਨ ’ਚ ਸੂਬੇ ਦੇ ਸਾਰੇ ਪ੍ਰਾਈਵੇਟ ਕੋਲਾ ਆਧਾਰਿਤ ਥਰਮਲ ਪਲਾਂਟਾਂ ’ਚ 1.5 ਦਿਨ ਦੇ ਕਰੀਬ ਕੋਲੇ ਦਾ ਸਟਾਕ ਹੈ, ਜਦੋਂ ਕਿ ਸਰਕਾਰੀ ਮਲਕੀਅਤ ਵਾਲੇ ਥਰਮਲ ਪਲਾਂਟਾਂ ’ਚ ਲਗਭਗ 4 ਦਿਨਾਂ ਦਾ ਕੋਲਾ ਸਟਾਕ ਹੈ। ਜੇਕਰ ਇਹੀ ਹਾਲ ਰਿਹਾ ਤਾਂ ਪਲਾਂਟ ਬੰਦ ਹੋਣ ਕਿਨਾਰੇ ਪੁੱਜ ਜਾਣਗੇ।
ਇਹ ਵੀ ਪੜ੍ਹੋ: ਦਿੱਲੀ ਧਰਨੇ ਤੋਂ ਪਰਤ ਰਹੇ ਨੌਜਵਾਨ ਨੂੰ ਟਰੇਨ 'ਚ ਮੌਤ ਨੇ ਪਾਇਆ ਘੇਰਾ, ਚਾਚੇ ਦੀਆਂ ਅੱਖਾਂ ਸਾਹਮਣੇ ਤੋੜਿਆ ਦਮ
22 ਦੀ ਜਗ੍ਹਾ ਪ੍ਰਾਪਤ ਹੋਏ ਕੋਲੇ ਦੇ 11 ਰੈਕ
ਕੱਲ ਕੋਲੇ ਦੇ 22 ਰੈਕਾਂ ਦੀ ਕੁੱਲ ਲੋੜ ਦੇ ਮੁਕਾਬਲੇ 11 ਕੋਲਾ ਰੈਕ ਪ੍ਰਾਪਤ ਹੋਏ ਸਨ। ਕੋਲੇ ਦੇ ਖਤਮ ਹੋਏ ਸਟਾਕ ਕਾਰਨ ਇਹ ਪਲਾਂਟ ਆਪਣੀ ਉਤਪਾਦਨ ਸਮਰੱਥਾ ਦੇ 50 ਫੀਸਦੀ ਤੋਂ ਘੱਟ ’ਤੇ ਕੰਮ ਕਰ ਰਹੇ ਹਨ। ਝੋਨੇ ਦੀ ਬਿਜਾਈ ’ਚ ਦੇਰੀ ਅਤੇ ਝੋਨੇ ਦੀਆਂ ਕਿਸਮਾਂ ਲਈ ਬਿਜਲੀ ਸਪਲਾਈ ਦੀ ਲੋੜ ਹੋਣ ਕਾਰਨ ਖੇਤੀਬਾੜੀ ਖੇਤਰ ਦੀ ਮੰਗ ਅਜੇ ਵੀ ਕਾਇਮ ਹੈ। ਸੀ. ਐੱਮ. ਡੀ. ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਦਖਲਅੰਦਾਜ਼ੀ ਨਾਲ ਕੋਲਾ ਰੇਕਾਂ ਦੀ ਲੋਡਿੰਗ ’ਚ ਸੁਧਾਰ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਿਜਲੀ ਦੀ ਮੰਗ ’ਚ ਗਿਰਾਵਟ ਅਤੇ ਕੋਲੇ ਦੇ ਭੰਡਾਰ ਨੂੰ ਵਧਾਉਣ ਲਈ ਲੋੜੀਂਦੀ ਮਾਤਰਾ ’ਚ ਕੋਲੇ ਦੀ ਆਮਦ ਦੇ ਨਾਲ 15.10.21 ਤੋਂ ਬਾਅਦ ਸਥਿਤੀ ਹੋਰ ਆਸਾਨ ਹੋ ਜਾਵੇਗੀ।
ਇਹ ਵੀ ਪੜ੍ਹੋ: ‘ਆਪ’ ਨੇ ਜੰਮੂ ਕਸ਼ਮੀਰ ’ਚ ਘੱਟ ਗਿਣਤੀ ਭਾਈਚਾਰੇ ’ਤੇ ਅੱਤਵਾਦੀ ਹਮਲਿਆਂ ਖ਼ਿਲਾਫ਼ ਕੱਢਿਆ ਕੈਂਡਲ ਮਾਰਚ
8788 ਮੈਗਾਵਾਟ ਤੋਂ ਵੱਧ ਦੀ ਮੰਗ ਨੂੰ ਕੀਤਾ ਪੂਰਾ
ਏ. ਵੇਨੂ ਪ੍ਰਸਾਦ ਨੇ ਖੁਲਾਸਾ ਕੀਤਾ ਕਿ ਪਾਵਰਕਾਮ ਮਹਿੰਗੀਆਂ ਦਰਾਂ ’ਤੇ ਵੀ ਖੇਤੀਬਾੜੀ ਸੈਕਟਰ ਸਮੇਤ ਰਾਜ ਦੇ ਖਪਤਕਾਰਾਂ ਦੀ ਮੰਗ ਨੂੰ ਪੂਰਾ ਕਰਨ ਲਈ ਮਾਰਕੀਟ ਤੋਂ ਬਿਜਲੀ ਖਰੀਦ ਰਿਹਾ ਹੈ। ਪੀ. ਐੱਸ. ਪੀ. ਸੀ. ਐੱਲ. ਨੇ 9 ਅਕਤੂਬਰ, (ਕੱਲ) ਨੂੰ ਪੰਜਾਬ ਦੀ 8788 ਮੈਗਾਵਾਟ ਦੀ ਵੱਧ ਤੋਂ ਵੱਧ ਬਿਜਲੀ ਦੀ ਮੰਗ ਪੂਰੀ ਕੀਤੀ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਐਕਸਚੇਂਜ ਤੋਂ 11.60 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਅੱਜ ਯਾਨੀ 10.10.2021 ਲਈ ਲਗਭਗ 1800 ਮੈਗਾਵਾਟ ਬਿਜਲੀ ਖਰੀਦੀ ਜਾ ਚੁੱਕੀ ਹੈ। ਬਿਜਲੀ ਦੀ ਖਰੀਦ ਦੇ ਬਾਵਜੂਦ ਪੀ. ਐੱਸ. ਪੀ. ਸੀ. ਐੱਲ. ਨੂੰ ਮੰਗ ਅਤੇ ਸਪਲਾਈ ਦੇ ਵਿਚਲੇ ਪਾੜੇ ਨੂੰ ਦੂਰ ਕਰਨ ਲਈ ਬਿਜਲੀ ਖਪਤਕਾਰਾਂ ਦੀਆਂ ਸਾਰੀਆਂ ਸ਼੍ਰੇਣੀਆਂ ਅਤੇ ਰਾਜ ਭਰ ’ਚ ਲੋਡ ਸ਼ੈਡਿੰਗ ਕਰਨੀ ਪਏਗੀ। ਉਨ੍ਹਾਂ ਕਿਹਾ ਕਿ ਬੁੱਧਵਾਰ ਤੱਕ ਹਰ ਰੋਜ਼ ਤਕਰੀਬਨ ਛੋਟੇ ਬਿਜਲੀ ਕੱਟ ਦੀ ਮਿਆਦ ਲਾਗੂ ਕਰਨੀ ਪਵੇਗੀ। ਕੋਲਾ ਸੰਕਟ ਕਾਰਨ ਏ. ਵੇਨੂ ਪ੍ਰਸਾਦ ਨੇ ਪੰਜਾਬ ਦੇ ਖਪਤਕਾਰਾਂ ਨੂੰ ਬਿਜਲੀ ਸਮਝਦਾਰੀ ਨਾਲ ਵਰਤੋਂ ਕਰਨ ਦੀ ਅਪੀਲ ਕੀਤੀ ਹੈ।