ਪੰਜਾਬ 'ਚ ਪੰਪਾਂ 'ਤੇ ਮਿਲੇਗੀ ਸੀ.ਐੱਨ.ਜੀ

Thursday, Jan 04, 2018 - 12:01 AM (IST)

ਪੰਜਾਬ 'ਚ ਪੰਪਾਂ 'ਤੇ ਮਿਲੇਗੀ ਸੀ.ਐੱਨ.ਜੀ

ਨਵੀਂ ਦਿੱਲੀ  (ਭਾਸ਼ਾ)-ਪੰਜਾਬ ਸੀ. ਐੱਨ. ਜੀ. ਸਪਲਾਈ ਕਰਨ ਵਾਲਾ ਦੇਸ਼ ਦਾ ਨਵਾਂ ਸੂਬਾ ਬਣ ਗਿਆ ਹੈ। ਸਰਕਾਰ ਦੇ ਲਾਇਸੈਂਸ ਦੀ ਮਨਜ਼ੂਰੀ ਤੋਂ ਬਾਅਦ ਜੈ ਮਧੋਕ ਐਨਰਜੀ ਨੇ ਜਲੰਧਰ 'ਚ ਸੀ. ਐੱਨ. ਜੀ. ਪੰਪ ਸ਼ੁਰੂ ਕੀਤਾ ਹੈ। ਕੰਪਨੀ ਦੀ ਮਾਰਚ ਤੱਕ ਲੁਧਿਆਣਾ 'ਚ ਵੀ ਸੀ. ਐੱਨ. ਜੀ. ਪੰਪ ਲਾਉਣ ਦੀ ਯੋਜਨਾ ਹੈ।  
ਪੰਜਾਬ ਜਲੰਧਰ 'ਚ ਸੀ. ਐੱਨ. ਜੀ. ਦੀ ਸਪਲਾਈ ਸ਼ੁਰੂ ਕਰਨ ਦੇ ਨਾਲ ਦਿੱਲੀ, ਗੁਜਰਾਤ ਤੇ ਮਹਾਰਾਸ਼ਟਰ ਵਰਗੇ ਸੂਬਿਆਂ ਦੀ ਸ਼੍ਰੇਣੀ 'ਚ ਆ ਗਿਆ ਹੈ। ਇਨ੍ਹਾਂ ਸੂਬਿਆਂ 'ਚ ਵਾਤਾਵਰਣ ਅਨੁਕੂਲ ਈਂਧਨ ਕੰਪ੍ਰੈਸਡ ਨੈਚੁਰਲ ਗੈਸ (ਸੀ. ਐੱਨ. ਜੀ.) ਦੀ ਸਪਲਾਈ ਕੀਤੀ ਜਾ ਰਹੀ ਹੈ। ਸੀ. ਐੱਨ. ਜੀ. ਨੂੰ ਡੀਜ਼ਲ ਦੇ ਮੁਕਾਬਲੇ ਸਸਤਾ ਮੰਨਿਆ ਜਾਂਦਾ ਹੈ। ਜੈ ਮਧੋਕ ਐਨਰਜੀ ਪ੍ਰਾਈਵੇਟ ਦੇ ਇਕ ਅਧਿਕਾਰੀ ਅਨੁਸਾਰ ਸਾਲ ਦੇ ਅੰਤ ਤੱਕ ਸੀ. ਐੱਨ. ਜੀ. ਪੰਪਾਂ ਦੀ ਗਿਣਤੀ 24 ਨੂੰ ਪਾਰ ਕਰ ਜਾਵੇਗੀ। 
300 ਸ਼ਹਿਰਾਂ 'ਚ ਗੈਸ ਵੰਡ ਸ਼ੁਰੂ ਕਰਨ ਦੀ ਯੋਜਨਾ
ਸਰਕਾਰ ਦੀ ਪ੍ਰਦੂਸ਼ਣ 'ਤੇ ਲਗਾਮ ਲਾਉਣ ਅਤੇ ਕਾਰਬਨ ਨਿਕਾਸੀ 'ਚ ਕਮੀ ਲਿਆਉਣ ਦੇ ਇਰਾਦੇ ਨਾਲ 300 ਸ਼ਹਿਰਾਂ 'ਚ ਗੈਸ ਵੰਡ ਸ਼ੁਰੂ ਕਰਨ ਦੀ ਯੋਜਨਾ ਹੈ। ਇਹ 2020 ਤੱਕ ਕੁਲ ਊਰਜਾ 'ਚ ਗੈਸ ਦਾ ਯੋਗਦਾਨ 20 ਫ਼ੀਸਦੀ ਕਰਨ ਦੀ ਯੋਜਨਾ ਦਾ ਹਿੱਸਾ ਹੈ ਜੋ ਫਿਲਹਾਲ 6.5 ਫ਼ੀਸਦੀ ਹੈ।
ਦੇਸ਼ 'ਚ 1282 ਸੀ. ਐੱਨ. ਜੀ. ਸਟੇਸ਼ਨ 
ਪੈਟਰੋਲੀਅਮ ਮੰਤਰਾਲਾ ਦੇ ਪੈਟਰੋਲੀਅਮ ਯੋਜਨਾਬੰਦੀ ਅਤੇ ਵਿਸ਼ਲੇਸ਼ਣ ਸੈੱਲ ਅਨੁਸਾਰ ਦੇਸ਼ 'ਚ 1282 ਸੀ. ਐੱਨ. ਜੀ. ਸਟੇਸ਼ਨ ਹਨ। ਇਨ੍ਹਾਂ 'ਚੋਂ 424 ਦਿੱਲੀ, 405 ਗੁਜਰਾਤ ਅਤੇ 253 ਮੁੰਬਈ 'ਚ ਹਨ। ਜੈ ਮਧੋਕ ਐਨਰਜੀ ਪ੍ਰਾਈਵੇਟ ਲਿਮਟਿਡ ਨੇ 2013 'ਚ ਜਲੰਧਰ 'ਚ ਸੀ. ਐੱਨ. ਜੀ. ਅਤੇ ਘਰਾਂ 'ਚ ਪਾਈਪ ਰਾਹੀਂ ਖਾਣਾ ਪਕਾਉਣ ਦੀ ਗੈਸ ਮੁਹੱਈਆ ਕਰਵਾਉਣ ਦਾ ਲਾਇਸੈਂਸ ਜਿੱਤਿਆ ਸੀ।


Related News