ਵਿਦਿਆਰਥੀਆਂ ਦੀ ਸਿਹਤ ਸੁਰੱਖਿਆ ਬਾਰੇ ਮਾਪਿਆਂ ਨੂੰ ਗਰੰਟੀ ਦੇਣ ਮੁੱਖ ਮੰਤਰੀ : ਚੀਮਾ

08/02/2021 2:14:07 AM

ਚੰਡੀਗੜ੍ਹ(ਰਮਨਜੀਤ)- ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਖੋਲ੍ਹਣ ਦੇ ਫੈਸਲੇ ਬਾਰੇ ਪੈਦਾ ਹੋਏ ਤੌਖਲਿਆਂ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਥਿਤੀ ਸਪੱਸ਼ਟ ਕਰਨ ਦੀ ਅਪੀਲ ਕੀਤੀ ਹੈ। ਚੀਮਾ ਨੇ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਕਹਿ ਰਹੀ ਹੈ ਕਿ ਕੋਰੋਨਾ ਦੀ ਸਥਿਤੀ ਸੁਧਰ ਗਈ ਹੈ, ਜਦਕਿ ਦੂਸਰੇ ਪਾਸੇ ਅਜੇ ਵੀ ਸੂਬੇ ਵਿਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਗੂ ਹਨ ਤੇ ਤੀਸਰੀ ਲਹਿਰ ਆਉਣ ਦੀ ਗੱਲ ਕਹੀ ਜਾ ਰਹੀ ਹੈ। ਅਜਿਹੇ ਵਿਚ ਸਰਕਾਰ ਨੂੰ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ- 3 ਮਹੀਨਿਆਂ ਦੇ ਜੁੜਵਾ ਬੱਚਿਆਂ ਦੀ ਮਾਂ ਵੱਲੋਂ ਆਤਮਹੱਤਿਆ, ਡੇਢ ਸਾਲ ਪਹਿਲਾਂ ਕਰਵਾਈ ਸੀ ਲਵ-ਮੈਰਿਜ

ਵਿਰੋਧੀ ਧਿਰ ਦੇ ਨੇਤਾ ਚੀਮਾ ਨੇ ਸੂਬਾ ਸਰਕਾਰ ਕੋਲੋਂ ਪੁੱਛਿਆ ਹੈ ਕਿ ਡਾਕਟਰਾਂ ਅਤੇ ਸਿੱਖਿਆ ਮਾਹਿਰਾਂ ਦੀ ਕਿਹੜੀ ਰਿਪੋਰਟ ਦੇ ਆਧਾਰ ’ਤੇ ਇੰਨਾ ਵੱਡਾ ਫੈਸਲਾ ਅਚਾਨਕ ਲੈ ਲਿਆ ਗਿਆ ਹੈ? ਚੀਮਾ ਨੇ ਕਿਹਾ ਕਿ ਇਹ 60.5 ਲੱਖ ਬੱਚਿਆਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਫੈਸਲਾ ਹੈ, ਜੋ ਸੂਬੇ ਦੀ ਕੁੱਲ ਆਬਾਦੀ ਦੀ 20 ਫੀਸਦੀ ਹਿੱਸਾ ਅਤੇ ਪੰਜਾਬ ਦਾ ਭਵਿੱਖ ਵੀ ਹਨ। ਚੀਮਾ ਨੇ ਕਿਹਾ ਕਿ ਲੱਖਾਂ ਮਾਪਿਆਂ ਦੀਆਂ ਚਿੰਤਾਵਾਂ ਅਤੇ ਤੌਖਲੇ ਦੂਰ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਕੂਲ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਸਮੇਤ ਸੱਤਾਧਾਰੀ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਸੂਬਾ ਕੋਰੋਨਾ ਦੇ ਪ੍ਰਕੋਪ ਤੋਂ ਮੁਕੰਮਲ ਤੌਰ ’ਤੇ ਮੁਕਤ ਹੋ ਗਿਆ ਹੈ? ਕੀ ਕੋਰੋਨਾ ਦੀ ਦੂਸਰੀ ਅਤੇ ਚਰਚਿਤ ਤੀਸਰੀ ਲਹਿਰ ਸਮੇਤ ਡੈਲਟਾ ਵੈਰੀਏਂਟ ਦੇ ਖਤਰੇ ਤੋਂ ਹੁਣ ਪੰਜਾਬ ਪੂਰੀ ਤਰ੍ਹਾਂ ਸੁਰੱਖਿਅਤ ਹੈ? ਕੀ ਮਾਪਿਆਂ ਅਤੇ ਅਧਿਆਪਕਾਂ ਨੂੰ ਪਿਛਲੇ ਤਿੰਨ-ਚਾਰ ਦਿਨਾਂ ਤੋਂ ਦੇਸ਼ ਭਰ ਵਿਚ ਵਧ ਰਹੇ ਕੋਰੋਨਾ ਦੇ ਨਵੇਂ ਕੇਸਾਂ ਦੀ ਕੋਈ ਚਿੰਤਾ ਨਹੀਂ ਕਰਨੀ ਚਾਹੀਦੀ? ਕੀ ਸਕੂਲ ਖੋਲ੍ਹਣ ਤੋਂ ਪਹਿਲਾਂ ਸਾਰੇ 19,500 ਸਰਕਾਰੀ ਅਤੇ 9,500 ਪ੍ਰਾਈਵੇਟ ਸਕੂਲਾਂ ਅੰਦਰ ਕੋਰੋਨਾ ਰੋਕੂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤਕਨੀਕੀ, ਡਾਕਟਰੀ ਅਤੇ ਵਿਸ਼ੇਸ਼ ਕਰਕੇ 6 ਫੁੱਟ ਦੀ ਸਰੀਰਕ ਦੂਰੀ (ਫਿਜ਼ੀਕਲ ਡਿਸਟੈਂਸ) ਸਬੰਧੀ ਸਾਰੇ ਪ੍ਰਬੰਧ ਯਕੀਨੀ ਬਣਾ ਲਏ ਗਏ ਹਨ? ਸਰਕਾਰ ਖਾਸ ਕਰਕੇ ਸਿੱਖਿਆ ਅਤੇ ਸਿਹਤ ਮਹਿਕਮੇ ਨੂੰ ਤਸੱਲੀ ਹੋ ਚੁੱਕੀ ਹੈ ਕਿ ਸਰਕਾਰੀ ਸਕੂਲਾਂ ਦੇ ਸਾਰੇ 22,08,339 ਅਤੇ ਪ੍ਰਾਈਵੇਟ ਸਕੂਲਾਂ ਦੇ ਕਰੀਬ 38 ਲੱਖ ਵਿਦਿਆਰਥੀਆਂ ਲਈ ਮਾਪਿਆਂ ਜਾਂ ਸਰਕਾਰ ਵਲੋਂ ਮਾਸਕਾਂ ਦਾ ਪੂਰਾ ਪ੍ਰਬੰਧ ਹੈ ਅਤੇ ਕੋਈ ਵੀ ਵਿਦਿਆਰਥੀ ਸਕੂਲ ਅੰਦਰ ਬਿਨਾਂ ਮਾਸਕ ਪ੍ਰਵੇਸ਼ ਨਹੀਂ ਕਰੇਗਾ?

ਇਹ ਵੀ ਪੜ੍ਹੋ- ਵਿਆਹ ਸਮਾਗਮ ’ਚ ਚੱਲੀਆਂ ਗੋਲੀਆਂ ਤੇ ਕਿਰਪਾਨਾਂ, 2 ਗੰਭੀਰ ਜ਼ਖਮੀ

ਚੀਮਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਅਚਾਨਕ ਸਕੂਲ ਖੋਲ੍ਹਣ ਦਾ ਫੈਸਲਾ ਬਿਨਾਂ ਕਿਸੇ ਦਬਾਅ ਤੋਂ ਡਾਕਟਰੀ, ਸਿੱਖਿਆ ਅਤੇ ਤਕਨੀਕੀ ਮਾਹਿਰਾਂ ਦੀਆਂ ਜ਼ਮੀਨੀ ਰਿਪੋਰਟਾਂ ਸਮੇਤ ਸੰਭਾਵੀ ਖਤਰਿਆਂ ਬਾਰੇ ਚੰਗੀ ਤਰ੍ਹਾਂ ਘੋਖ ਪਰਖ ਕੇ ਲਿਆ ਹੈ ਤਾਂ ਆਮ ਆਦਮੀ ਪਾਰਟੀ ਨੂੰ ਸਰਕਾਰ ਦੇ ਫੈਸਲੇ ’ਤੇ ਕੋਈ ਇਤਰਾਜ਼ ਨਹੀਂ ਹੈ ਅਤੇ ਨਾ ਹੀ ਮਾਪਿਆਂ ਜਾਂ ਪੰਜਾਬ ਵਾਸੀਆਂ ਨੂੰ ਹੋਣਾ ਚਾਹੀਦਾ ਹੈ। ਬਸ਼ਰਤੇ ਇਨ੍ਹਾਂ ਤੌਖਲਿਆਂ ਬਾਰੇ ਮੁੱਖ ਮੰਤਰੀ, ਸਿਹਤ ਮੰਤਰੀ ਅਤੇ ਸਿੱਖਿਆ ਮੰਤਰੀ ਸਪੱਸ਼ਟ ਸਬਦਾਂ ਵਿਚ ਜ਼ਿੰਮੇਵਾਰੀ ਅਤੇ ਗਰੰਟੀ ਲੈਣ ਕਿ ਸਕੂਲ ਗਿਆ ਹਰ ਬੱਚਾ ਕੋਰੋਨਾ ਦੀ ਦੂਸਰੀ ਅਤੇ ਸੰਭਾਵਿਤ ਤੀਸਰੀ ਲਹਿਰ ਸਮੇਤ ਡੈਲਟਾ ਦੀ ਲਾਗ ਤੋਂ ਪੂਰੀ ਤਰਾਂ ਸੁਰੱਖਿਅਤ ਰਹੇਗਾ।


Bharat Thapa

Content Editor

Related News