ਫਲਾਇੰਗ ਟ੍ਰੇਨਿੰਗ ਇੰਸਟੀਚਿਊਟਸ ''ਚ ਫੀਸ ਢਾਂਚੇ ਦੀ ਸਮੀਖਿਆ ਦੇ ਮੁੱਖ ਮੰਤਰੀ ਵੱਲੋਂ ਹੁਕਮ
Friday, Aug 11, 2017 - 05:55 AM (IST)

ਜਲੰਧਰ (ਧਵਨ) - ਸੂਬੇ 'ਚ ਫਲਾਇੰਗ ਟ੍ਰੇਨਿੰਗ ਇੰਸਟੀਚਿਊਟਸ ਵਿਚ ਫੀਸ ਢਾਂਚੇ ਦੀ ਸਮੀਖਿਆ ਕਰਨ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਕਮ ਜਾਰੀ ਕਰ ਦਿੱਤੇ ਹਨ ਤਾਂ ਕਿ ਵੱਧ ਤੋਂ ਵੱਧ ਨੌਜਵਾਨ ਪਾਇਲਟ ਦੀ ਟ੍ਰੇਨਿੰਗ ਲੈਣ ਲਈ ਅੱਗੇ ਆ ਸਕਣ। ਘੱਟ ਫੀਸ ਹੋਣ ਨਾਲ ਨੌਜਵਾਨਾਂ ਦਾ ਰੁਝਾਨ ਪਾਇਲਟ ਬਣਨ ਵੱਲ ਵਧੇਗਾ। ਪੰਜਾਬ ਰਾਜ ਸਿਵਲ ਐਵੀਏਸ਼ਨ ਕੌਂਸਲ ਦੀ ਦੂਜੀ ਮੀਟਿੰਗ 'ਚ ਹਿੱਸਾ ਲੈਂਦਿਆਂ ਮੁੱਖ ਮੰਤਰੀ ਨੇ ਕੌਂਸਲ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸੂਬੇ ਵਿਚ ਫਲਾਇੰਗ ਟ੍ਰੇਨਿੰਗ ਆਰਗੇਨਾਈਜ਼ੇਸ਼ਨ ਵਿਚ ਟ੍ਰੇਨਿੰਗ ਨੂੰ ਕੌਮਾਂਤਰੀ ਫਲਾਇੰਗ ਕਲੱਬਾਂ ਦੇ ਬਰਾਬਰ ਲੈ ਕੇ ਆਉਣ। ਕੌਂਸਲ ਹੁਣ ਪਟਿਆਲਾ ਤੇ ਅੰਮ੍ਰਿਤਸਰ ਵਿਚ ਆਪਣੇ 2 ਫਲਾਇੰਗ ਟ੍ਰੇਨਿੰਗ ਸੰਗਠਨਾਂ ਨੂੰ ਚੁਸਤ-ਦਰੁਸਤ ਬਣਾਏਗੀ ਅਤੇ ਉਥੇ ਆਧੁਨਿਕ ਫਲਾਇੰਗ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਮੁੱਖ ਮੰਤਰੀ ਨੇ ਪੰਜਾਬ ਤਕਨੀਕੀ ਯੂਨੀਵਰਸਿਟੀ ਨੂੰ ਕਿਹਾ ਕਿ ਉਹ ਸੂਬੇ ਵਿਚ ਫਲਾਇੰਗ ਮੁੱਢਲਾ ਢਾਂਚਾ ਮਜ਼ਬੂਤ ਕਰਨ ਲਈ 10 ਕਰੋੜ ਰੁਪਏ ਦੀ ਰਕਮ ਮੁਹੱਈਆ ਕਰਵਾਏਗਾ। ਮੁੱਖ ਮੰਤਰੀ ਨੇ ਕੌਂਸਲ ਨੂੰ 2 ਨਵੇਂ ਆਧੁਨਿਕ ਏਅਰਕ੍ਰਾਫਟ ਖਰੀਦਣ ਅਤੇ ਸਿਵਲ ਏਰੋਡ੍ਰੋਮ ਪਟਿਆਲਾ ਵਿਚ ਰਨਵੇ ਦੇ ਨਾਲ ਲਾਈਟਾਂ ਲਾਉਣ ਲਈ ਅਧਿਕਾਰਤ ਕੀਤਾ।
ਉਨ੍ਹਾਂ ਕੌਂਸਲ ਨੂੰ ਲੁਧਿਆਣਾ 'ਚ ਫਲਾਇੰਗ ਟ੍ਰੇਨਿੰਗ ਸੰਗਠਨ ਨੂੰ ਇਕ ਸਾਲ ਦੇ ਅੰਦਰ ਸਰਗਰਮ ਬਣਾਉਣ ਦੇ ਹੁਕਮ ਵੀ ਦਿੱਤੇ। ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸੁਰੇਸ਼ ਕੁਮਾਰ ਨੇ ਕੌਂਸਲ ਨੂੰ ਕਿਹਾ ਕਿ ਉਹ ਇਕ 3 ਮੈਂਬਰੀ ਕਮੇਟੀ ਬਣਾਏ, ਜੋ ਪੰਜਾਬ ਏਅਰਕ੍ਰਾਫਟ ਮੇਨਟੀਨੈਂਸ ਕਾਲਜ ਨੂੰ ਪੰਜਾਬ ਤਕਨੀਕੀ ਯੂਨੀਵਰਸਿਟੀ ਨਾਲ ਸੰਬੰਧਿਤ ਰਸਮੀ ਕਾਰਵਾਈਆਂ ਨੂੰ ਪੂਰਾ ਕਰੇ। ਇਸੇ ਕਮੇਟੀ ਨੂੰ ਉਨ੍ਹਾਂ ਇਕ ਰਿਟਾਇਰਡ ਪ੍ਰੋਫੈਸਰ ਨੂੰ ਡਾਇਰੈਕਟਰ ਪਿੰ੍ਰਸੀਪਲ ਦੇ ਰੂਪ ਵਿਚ ਨਿਯੁਕਤ ਕਰਨ ਲਈ ਵੀ ਕਿਹਾ। ਮੀਟਿੰਗ 'ਚ ਬ੍ਰਹਮ ਮਹਿੰਦਰਾ, ਤੇਜਬੀਰ ਸਿੰਘ, ਏ. ਪੀ. ਐੱਸ. ਵਿਰਕ, ਰਜਤ ਅਗਰਵਾਲ, ਚੰਦਰ ਗੈਂਦ ਤੇ ਪਟਿਆਲਾ ਦੇ ਡੀ. ਸੀ. ਕੁਮਾਰ ਅਮਿਤ ਨੇ ਵੀ ਹਿੱਸਾ ਲਿਆ।