ਅੱਜ ਸ਼ਹੀਦ ਅਗਨੀਵੀਰ ਦੇ ਘਰ ਜਾਣਗੇ CM ਮਾਨ, ਪੰਨੂ ਦੀ ਧਮਕੀ ਕਾਰਨ ਛਾਉਣੀ ''ਚ ਤਬਦੀਲ ਹੋਇਆ ਪਿੰਡ
Thursday, Jan 25, 2024 - 05:31 AM (IST)
ਖੰਨਾ (ਬਿਪਨ): ਭਾਰਤੀ ਫ਼ੌਜ ਦਾ ਅਗਨੀਵੀਰ ਅਜੈ ਸਿੰਘ ਬਾਰੂਦੀ ਸੁਰੰਗ ਦੇ ਧਮਾਕੇ ਕਾਰਨ ਸ਼ਹੀਦ ਹੋ ਗਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼ਹੀਦ ਦੇ ਪਰਿਵਾਰ ਨੂੰ ਮਿਲਣ ਰਾਮਗੜ੍ਹ ਸਰਦਾਰਾਂ ਆ ਰਹੇ ਹਨ। ਖੰਨਾ ਦੇ ਨੇੜਲੇ ਪਿੰਡ ਰਾਮਗੜ੍ਹ ਸਰਦਾਰਾਂ ਦੇ ਅਗਨੀਵੀਰ ਅਜੈ ਸਿੰਘ ਨੇ ਜੰਮੂ-ਕਸ਼ਮੀਰ ਵਿਚ ਫ਼ੌਜ ਦੀ ਡਿਊਟੀ ਦੌਰਾਨ ਸ਼ਹੀਦੀ ਪ੍ਰਾਪਤ ਕੀਤੀ। CM ਮਾਨ 25 ਜਨਵਰੀ ਨੂੰ ਸ਼ਹੀਦ ਦੇ ਪਰਿਵਾਰ ਨੂੰ ਮਿਲਣ ਰਾਮਗੜ੍ਹ ਸਰਦਾਰਾਂ ਜਾਣਗੇ ਤੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨਗੇ।
ਇਹ ਖ਼ਬਰ ਵੀ ਪੜ੍ਹੋ - ਆਸਟ੍ਰੇਲੀਆ ਤੋਂ ਆਈ ਮੰਦਭਾਗੀ ਖ਼ਬਰ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, 3 ਜੀਆਂ ਦੀ ਹੋਈ ਮੌਤ
DIG-SSP ਨੇ ਲਿਆ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ
ਮੁੱਖ ਮੰਤਰੀ ਭਗਵੰਤ ਮਾਨ ਦੇ ਦੌਰੇ ਦੀ ਸੂਚਨਾ ਮਿਲਣ ਤੋਂ ਬਾਅਦ ਐੱਸ.ਐੱਸ.ਪੀ. ਅਮਨੀਤ ਕੌਂਡਲ ਜ਼ਿਲ੍ਹੇ ਭਰ ਤੋਂ ਸੁਰੱਖਿਆ ਬਲਾਂ ਸਮੇਤ ਪਿੰਡ ਪੁੱਜੇ। ਉੱਥੇ ਸੁਰੱਖਿਆ ਨੂੰ ਲੈ ਕੇ ਰਿਹਰਸਲ ਕਰਵਾਈ ਗਈ। ਹੈਲੀਪੈਡ ਤੋਂ ਸ਼ਹੀਦ ਦੇ ਘਰ ਤੱਕ ਅਤੇ ਵਾਪਸ ਮੁੱਖ ਮੰਤਰੀ ਨੂੰ ਹੈਲੀਪੈਡ 'ਤੇ ਛੱਡਣ ਤੱਕ ਦਾ ਅਭਿਆਸ ਕੀਤਾ ਗਿਆ। ਸ਼ਾਮ ਨੂੰ ਡੀ.ਆਈ.ਜੀ. ਲੁਧਿਆਣਾ ਰੇਂਜ ਧਨਪ੍ਰੀਤ ਕੌਰ ਨੇ ਵੀ ਪਿੰਡ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਪੰਨੂ ਦੀ ਧਮਕੀ ਕਾਰਨ ਪੁਲਸ ਛਾਉਣੀ 'ਚ ਤਬਦੀਲ ਕੀਤਾ ਪਿੰਡ
ਪਿੰਡ ਰਾਮਗੜ੍ਹ ਸਰਦਾਰਾਂ ਨੂੰ ਪੁਲਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਕਿਉਂਕਿ ਖ਼ਾਲਿਸਤਾਨੀ ਆਗੂ ਗੁਰਪਤਵੰਤ ਸਿੰਘ ਪੰਨੂ ਵੱਲੋਂ ਸੀ.ਐੱਮ. ਅਤੇ ਡੀ.ਜੀ.ਪੀ. ਨੂੰ ਵੀ ਧਮਕੀ ਦਿੱਤੀ ਹੋਈ ਹੈ। ਇਸ ਸਬੰਧੀ ਕੋਈ ਢਿੱਲ ਨਹੀਂ ਵਰਤੀ ਜਾ ਰਹੀ। ਪਿੰਡ ਅਤੇ ਆਸਪਾਸ ਦੇ ਇਲਾਕਿਆਂ ਵਿਚ ਪੂਰੀ ਚੌਕਸੀ ਰੱਖੀ ਜਾ ਰਹੀ ਹੈ। ਜਦੋਂ ਸੀ.ਐੱਮ. ਸ਼ਹੀਦ ਦੇ ਘਰ ਜਾਣਗੇ ਤਾਂ ਸਿਰਫ਼ ਪਰਿਵਾਰਕ ਮੈਂਬਰ ਹੀ ਮੌਜੂਦ ਹੋਣਗੇ।
ਇਹ ਖ਼ਬਰ ਵੀ ਪੜ੍ਹੋ - ਕੁੱਕੜ ਨੇ ਵਧਾਈ ਪੰਜਾਬ ਪੁਲਸ ਦੀ ਸਿਰਦਰਦੀ, ਹਰ ਤਰੀਕ 'ਤੇ ਅਦਾਲਤ 'ਚ ਕਰਨਾ ਪਵੇਗਾ ਪੇਸ਼ (ਵੀਡੀਓ)
ਦੇ ਸਕਦੇ ਨੇ 1 ਕਰੋੜ ਦਾ ਚੈੱਕ
ਉਮੀਦ ਹੈ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਪਰਿਵਾਰਾਂ ਨੂੰ ਦਿੱਤੀ ਜਾ ਰਹੀ 1 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਪਰਿਵਾਰ ਨੂੰ ਚੈੱਕ ਦੇ ਸਕਦੇ ਹਨ। ਪਰਿਵਾਰ ਦੀ ਮੰਗ ਅਨੁਸਾਰ ਧੀ ਲਈ ਨੌਕਰੀ ਦਾ ਐਲਾਨ ਕੀਤਾ ਜਾ ਸਕਦਾ ਹੈ। ਸ਼ਹੀਦੀ ਦੀ ਯਾਦਗਾਰ ਬਾਰੇ ਵੀ ਐਲਾਨ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਬਹੁਤ ਹੀ ਗਰੀਬ ਪਰਿਵਾਰ ਵਿੱਚੋਂ ਸਖ਼ਤ ਮਿਹਨਤ ਕਰਨ ਤੋਂ ਬਾਅਦ ਅਜੈ ਸਿੰਘ ਭਾਰਤੀ ਫ਼ੌਜ ਵਿਚ ਭਰਤੀ ਹੋਇਆ ਸੀ। ਉਹ 6 ਭੈਣਾਂ ਦਾ ਇਕਲੌਤਾ ਭਰਾ ਸੀ। ਪਰਿਵਾਰ ਵਿਚ ਬਜ਼ੁਰਗ ਮਾਤਾ-ਪਿਤਾ ਹਨ। ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਹੋਰ ਕੋਈ ਸਾਧਨ ਨਹੀਂ ਹੈ। ਜਿਸ ਕਾਰਨ ਪਰਿਵਾਰਕ ਮੈਂਬਰ ਸਰਕਾਰੀ ਨੌਕਰੀ ਦੀ ਮੰਗ ਕਰ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8