ਸੂਬੇ ’ਚ ਉਦਯੋਗਿਕ ਵਿਕਾਸ ਨੂੰ ਹੋਰ ਹੁਲਾਰਾ ਦੇਣ ਲਈ CM ਮਾਨ ਵੱਲੋਂ ਚੇਨਈ ਤੇ ਹੈਦਰਾਬਾਦ ਦਾ ਦੌਰਾ ਸ਼ੁਰੂ
Sunday, Dec 18, 2022 - 10:23 PM (IST)
ਚੰਡੀਗੜ੍ਹ (ਬਿਊਰੋ) : ਸੂਬੇ ’ਚ ਉਦਯੋਗਿਕ ਵਿਕਾਸ ਨੂੰ ਹੋਰ ਹੁਲਾਰਾ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੇਨਈ ਅਤੇ ਹੈਦਰਾਬਾਦ ਦਾ ਦੌਰਾ ਸ਼ੁਰੂ ਕੀਤਾ ਤਾਂ ਜੋ ਸੂਬੇ ’ਚ ਨਿਵੇਸ਼ ਲਈ ਵੱਡੇ ਸਨਅਤਕਾਰਾਂ ਨੂੰ ਤਿਆਰ ਕੀਤਾ ਜਾ ਸਕੇ। ਮੁੱਖ ਮੰਤਰੀ ਅੱਜ ਸ਼ਾਮ ਚੇਨਈ ਪਹੁੰਚੇ, ਜਿਥੇ ਉਹ 19 ਦਸੰਬਰ (ਸੋਮਵਾਰ) ਨੂੰ ਪ੍ਰਮੁੱਖ ਖੇਤਰਾਂ ’ਚ ਨਿਵੇਸ਼ ਅਤੇ ਰਣਨੀਤਕ ਗੱਠਜੋੜ ਲਈ ਵਪਾਰਕ ਵਫ਼ਦਾਂ ਅਤੇ ਪ੍ਰਮੁੱਖ ਕੰਪਨੀਆਂ ਨਾਲ ਮੁਲਾਕਾਤ ਕਰਨਗੇ। ਇਸੇ ਤਰ੍ਹਾਂ ਉਹ 20 ਦਸੰਬਰ (ਮੰਗਲਵਾਰ) ਨੂੰ ਹੈਦਰਾਬਾਦ ਵਿਖੇ ਉਦਯੋਗਪਤੀਆਂ ਨਾਲ ਗੱਲਬਾਤ ਕਰਨਗੇ। ਮੁੱਖ ਮੰਤਰੀ ਦੀ ਇਸ ਦੋ ਰੋਜ਼ਾ ਅਹਿਮ ਫੇਰੀ ਨਾਲ ਸੂਬੇ ਨੂੰ ਵੱਡੇ ਨਿਵੇਸ਼, ਤਕਨੀਕੀ ਜਾਣਕਾਰੀ ਅਤੇ ਵੱਡੀਆਂ ਕੰਪਨੀਆਂ ਤੋਂ ਮੁਹਾਰਤ ਹਾਸਲ ਕਰਨ ਸਬੰਧੀ ਵੱਡਾ ਲਾਭ ਹੋਣ ਦੀ ਸੰਭਾਵਨਾ ਹੈ।
ਇਹ ਖ਼ਬਰ ਵੀ ਪੜ੍ਹੋ : ਪ੍ਰਤਾਪ ਬਾਜਵਾ ਦਾ ‘ਆਪ’ ਸਰਕਾਰ ’ਤੇ ਨਿਸ਼ਾਨਾ, ‘9 ਮਹੀਨਿਆਂ ਦੇ ਕਾਰਜਕਾਲ ’ਚ ਲੋਕਾਂ ਦਾ ਗੁਆਇਆ ਭਰੋਸਾ’
ਮੁੱਖ ਮੰਤਰੀ ਸੂਬਾ ਸਰਕਾਰ ਵੱਲੋਂ 23-24 ਫਰਵਰੀ ਨੂੰ ਐੱਸ. ਏ. ਐੱਸ., ਨਗਰ, ਮੁਹਾਲੀ ਵਿਖੇ ਕਰਵਾਏ ਜਾ ਰਹੇ ਨਿਵੇਸ਼ ਸੰਮੇਲਨ ਲਈ ਸਨਅਤਕਾਰਾਂ ਨੂੰ ਸੱਦਾ ਦੇਣਗੇ। ਇਸ ਦੌਰਾਨ ਭਗਵੰਤ ਮਾਨ ਨੇ ਸੂਬੇ ਨੂੰ ਉਦਯੋਗਿਕ ਹੱਬ ਵਜੋਂ ਉੱਭਰਨ ਲਈ ਆਪਣੀ ਦ੍ਰਿੜ੍ਹ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਸੂਬਾ ਸਰਕਾਰ ਇਸ ’ਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਕਿਹਾ ਕਿ ਸੂਬੇ ਨੂੰ ਉਦਯੋਗਿਕ ਵਿਕਾਸ ਦੇ ਉੱਚੇ ਪੱਧਰ ’ਤੇ ਪਹੁੰਚਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
ਮੁੱਖ ਮੰਤਰੀ ਨੇ ਉਮੀਦ ਜਤਾਈ ਕਿ ਦੇਸ਼ ਦੀਆਂ ਵੱਡੀਆਂ ਉਦਯੋਗਿਕ ਥਾਵਾਂ ਦਾ ਦੌਰਾ ਇਕ ਪਾਸੇ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਹੋਰ ਤੇਜ਼ ਕਰੇਗਾ, ਉੱਥੇ ਹੀ ਦੂਜੇ ਪਾਸੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ। ਭਗਵੰਤ ਮਾਨ ਨੇ ਕਿਹਾ ਕਿ ਉਹ ਨਿੱਜੀ ਤੌਰ ’ਤੇ ਪੰਜਾਬ ਨੂੰ ਉੱਦਮੀਆਂ ਲਈ ਮੌਕਿਆਂ ਅਤੇ ਵਿਕਾਸ ਦੀ ਧਰਤੀ ਵਜੋਂ ਦਰਸਾਉਣਗੇ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਦੌਰਾ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਲਈ ਮੀਲ ਪੱਥਰ ਸਾਬਤ ਹੋਵੇਗਾ।