ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਬੋਲੇ ਮੁੱਖ ਮੰਤਰੀ, ‘ਆਪ' ਦੀ ਸਰਕਾਰ ਤੁਹਾਡੇ ਦਰਬਾਰ’ ਸ਼ੁਰੂ ਕਰਾਂਗੇ ਪ੍ਰੋਗਰਾਮ
Sunday, Jul 31, 2022 - 02:00 PM (IST)
ਸੁਨਾਮ (ਬਾਂਸਲ) : ਸ਼ਹੀਦ-ਏ-ਆਜ਼ਮ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ 'ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਸੁਨਾਮ ਪੁੱਜੇ ਅਤੇ ਸ਼ਹੀਦ ਊਧਮ ਸਿੰਘ ਮੈਮੋਰੀਅਲ ਵਿਖੇ ਸ਼ਹੀਦ ਊਧਮ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ ਮਾਨ ਨੇ ਮੈਮੋਰੀਅਲ ਵਿਖੇ ਸ਼ਹੀਦ ਊਧਮ ਸਿੰਘ ਨਾਲ ਸਬੰਧਤ ਕੁਝ ਚੀਜ਼ਾਂ ਨੂੰ ਵੀ ਦੇਖਿਆ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਂ ਖੁਸ਼ਕਿਸਮਤ ਹਾਂ ਕਿ ਸ਼ਹੀਦ ਊਧਮ ਸਿੰਘ ਜੀ ਦੀ ਇਹ ਧਰਤੀ ਮੇਰੀ ਜਨਮ ਭੂਮੀ ਵੀ ਹੈ ਅਤੇ ਮੇਰੀ ਕਰਮ ਭੂਮੀ ਵੀ। ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਜੀ ਦੇ ਸੀਨੇ ਵਿੱਚ 22.5 ਸਾਲ ਜਲ੍ਹਿਆਂਵਾਲੇ ਬਾਗ ਵਿਖੇ ਹੋਏ ਕਾਂਡ ਦੇ ਬਦਲੇ ਦੀ ਅੱਗ ਬਲਦੀ ਰਹੀ ਅਤੇ ਉਨ੍ਹਾਂ ਵੱਲੋਂ ਕੈਕਸਟਨ ਹਾਲ ਵਿੱਚ ਜਾ ਕੇ ਇਸ ਦਾ ਬਦਲਾ ਲਿਆ ਗਿਆ । ਇਹ ਧਰਤੀ ਇਨਕਲਾਬੀ ਅਤੇ ਲੇਖਕਾਂ ਦੀ ਧਰਤੀ ਹੈ ।
ਇਹ ਵੀ ਪੜ੍ਹੋ- ਤਲਵੰਡੀ ਸਾਬੋ ਨੇੜੇ ਵਾਪਰਿਆ ਭਿਆਨਕ ਹਾਦਸਾ, ਦੋ ਵਿਦਿਆਰਥੀਆਂ ਦੀ ਮੌਤ, ਕਾਰ ਦੇ ਉੱਡੇ ਪਰਖੱਚੇ
ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਜਦੋਂ ਉਹ ਕੈਕਸਟਨ ਹਾਲ ਗਏ ਸੀ ਤਾਂ ਉਨ੍ਹਾਂ ਨੇ ਉੱਥੇ ਉਹ ਪੌੜੀਆਂ ਨੂੰ ਮੱਥਾ ਟੇਕਿਆ ਜਿੱਥੇ ਸ਼ਹੀਦ ਉਧਮ ਸਿੰਘ ਗਏ ਸੀ। ਇਸ ਤੋਂ ਇਲਾਵਾ ਮਾਨ ਵੱਲੋਂ ਆਈ.ਟੀ.ਆਈ. ਵਿਖੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਕਿਹਾ ਕਿ ਸ਼ਹਿਰ ਵਿੱਚ ਸੀਵਰੇਜ ਦਾ ਵੀ ਵੱਡੇ ਪੱਧਰ 'ਤੇ ਕੰਮ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਚੀਮਾ ਵਿੱਚ ਬੱਸ ਸਟੈਂਡ, ਤਹਿਸੀਲ ਕੰਪਲੈਕਸ ਅਤੇ ਲੌਂਗੋਵਾਲ ਵਿਖੇ ਸਟੇਡੀਅਮ ਬਣਾਇਆ ਜਾਵੇਗਾ ਤਾਂ ਕਿ ਲੋਕਾਂ ਨੂੰ ਇੱਕ ਡੋਰ 'ਤੇ ਹੀ ਸਹੂਲਤਾਂ ਮਿਲ ਸਕੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ‘ਆਪ’ ਦੀ ਸਰਕਾਰ ਵੱਲੋਂ ‘ਆਪ’ ਦੀ ਸਰਕਾਰ ਤੁਹਾਡੇ ਦਰਬਾਰ’ ਨਾਮ ਤਹਿਤ ਇਕ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਚੰਡੀਗੜ੍ਹ ’ਚ ਧੱਕੇ ਨਾ ਖਾਣੇ ਪੈਣ।
ਇਹ ਵੀ ਪੜ੍ਹੋ- ਮਾਲੇਰਕੋਟਲਾ ’ਚ ਵੱਡੀ ਵਾਰਦਾਤ, ‘ਆਪ’ ਕੌਂਸਲਰ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਪਈਆਂ ਸ਼ਹੀਦਾਂ ਦੀ ਯਾਦਗਾਰ ਨੂੰ ਕੇਂਦਰ ਨਾਲ ਸੰਪਰਕ ਕਰ ਕੇ ਭਾਰਤ ਲਿਆਂਦਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜਿਹੜੀਆਂ ਸਰਕਾਰਾਂ ਨੇ ਸ਼ਹੀਦਾਂ ਦੀ ਯਾਦਗਾਰ ਦੀ ਸਾਂਭ-ਸੰਭਾਲ ਨਹੀਂ ਕੀਤੀ ਲੋਕਾਂ ਨੇ ਵੀ ਉਨ੍ਹਾਂ ਨੂੰ ਜਾਅਦਾ ਦੇਰ ਸੱਤਾ 'ਚ ਟਿਕਣ ਨਹੀਂ ਦਿੱਤਾ ਅਤੇ ਉਨ੍ਹਾਂ ਨੂੰ ਘਰਾਂ 'ਚ ਬੈਠਾ ਦਿੱਤਾ। ਮਾਨ ਨੇ ਕਿਹਾ ਕਿ ਕਈ ਮੁੱਖ ਮੰਤਰੀ ਦਾ ਇੱਥੇ ਆਉਣਾ ਹੀ ਭੁੱਲ ਜਾਂਦੇ ਸੀ ਪਰ ਉਨ੍ਹਾਂ ਦੀ ਸਰਕਾਰ 'ਚ ਸ਼ਹੀਦਾਂ ਅਤੇ ਉਨ੍ਹਾਂ ਦੀ ਯਾਦਗਾਰ ਲਈ ਕੰਮ ਕੀਤਾ ਜਾਵੇਗਾ। ਮਾਨ ਨੇ ਐਲਾਨ ਕੀਤੀ ਕਿ ਦੇਸ਼ ਦੇ ਸਭ ਤੋਂ ਵਧੀਆ ਬੁੱਤਘਾੜਿਆ ਨੂੰ ਬੁਲਾ ਕੇ ਸਹੀ ਤਸਵੀਰਾਂ ਦੇ ਮੁਤਾਬਕ ਸ਼ਹੀਦ ਊਧਮ ਸਿੰਘ ਜੀ ਦੇ ਬੁੱਤ ਤਿਆਰ ਕਰਵਾਏ ਜਾਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਅਮਨ ਅਰੋੜਾ, ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਨਰਿੰਦਰ ਕੌਰ ਭਰਾਜ , ਵਰਿੰਦਰ ਗੋਇਲ , ਗੁਰਮੇਲ ਘਰਾਚੋਂ ਸਮੇਤ ਹੋਰ ਵੀ ਆਗੂ ਮੌਜੂਦ ਸਨ। ਮਾਲੇਰਕੋਟਲਾ ਵਿਖੇ 'ਆਪ' ਕੌਂਸਲਰ ਦੇ ਕਤਲ ਬਾਰੇ ਗੱਲ ਕਰਦਿਆਂ ਮਾਨ ਨੇ ਕਿਹਾ ਕਿ ਸਰਕਾਰ ਇਸ ਦੀ ਗੰਭੀਰਤਾ ਨਾਲ ਜਾਂਚ ਕਰਵਾਏਗੀ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।