ਮਾਨ ਸਰਕਾਰ ਦਾ ਮਿਸ਼ਨ ਰੁਜ਼ਗਾਰ : ਨਵੇਂ ਨਿਯੁਕਤ ਉਮੀਦਵਾਰਾਂ ਨੂੰ ਵੰਡੇ ਨਿਯੁਕਤੀ ਪੱਤਰ
Monday, Apr 24, 2023 - 01:50 PM (IST)
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਿਊਂਸੀਪਲ ਭਵਨ ਚੰਡੀਗੜ੍ਹ ਵਿਖੇ ਵੱਖ-ਵੱਖ ਵਿਭਾਗਾਂ ਦੇ 409 ਨਵੇਂ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਉਨ੍ਹਾਂ ਨੇ ਸੰਬੋਧਨ ਦੌਰਾਨ ਕਿਹਾ ਕਿ ਹੁਣ ਤੱਕ 28,873 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਨੌਕਰੀ ਅਤੇ ਕੰਮ ਕੋਈ ਵੀ ਛੋਟਾ-ਵੱਡਾ ਨਹੀਂ ਹੁੰਦਾ ਅਤੇ ਤੁਹਾਡੇ ਦੇਖਣ ਦਾ ਨਜ਼ਰੀਆ ਛੋਟਾ-ਵੱਡਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕੋਈ ਪਤਾ ਨਹੀਂ ਕਿ ਕਿਸ ਦੇ ਹਸਤਾਖ਼ਰਾਂ ਨਾਲ ਕਿਸ ਦੀ ਕਿਸਮਤ ਬਦਲ ਜਾਣੀ ਹੈ ਅਤੇ ਡਿਊਟੀ ਹੀ ਬਿਊਟੀ ਹੈ। ਉਨ੍ਹਾਂ ਨੇ ਨਵੇਂ ਨਿਯੁਕਤ ਨੌਜਵਾਨਾਂ ਨੂੰ ਕਿਹਾ ਕਿ ਜੋ ਵੀ ਕੰਮ ਮਿਲਿਆ ਹੈ, ਉਸ ਨੂੰ ਆਪਣਾ ਕਰਮ ਜਾਣ ਕੇ ਕਰੋ।
ਕੰਮ 'ਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡਣੀ। ਉਨ੍ਹਾਂ ਨੇ ਪੰਜਾਬ ਸਰਕਾਰ ਦਾ ਹਿੱਸਾ ਬਣਨ ਜਾ ਰਹੇ ਨਵੇਂ ਨਿਯੁਕਤ ਨੌਜਵਾਨਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਵੀ ਸਾਡੇ ਕੋਲ ਬਹੁਤ ਸਾਰੇ ਨਿਯੁਕਤੀ ਪੱਤਰ ਤਿਆਰ ਪਏ ਹਨ ਪਰ ਅਸੀਂ ਨਵੀਆਂ ਨਿਯੁਕਤੀਆਂ ਦਾ ਕਾਨੂੰਨੀ ਰਾਹ ਸਾਫ਼ ਕਰਨ ਤੋਂ ਬਾਅਦ ਹੀ ਨਿਯੁਕਤੀ ਪੱਤਰ ਵੰਡਦੇ ਹਾਂ, ਜਦੋਂ ਕਿ ਪਹਿਲੀਆਂ ਸਰਕਾਰਾਂ ਦੇ ਸਮੇਂ ਅਜਿਹਾ ਨਹੀਂ ਹੁੰਦਾ ਸੀ। ਉਨ੍ਹਾਂ ਨੇ ਗੈਂਗਸਟਰ ਮੁਖਤਾਰ ਅੰਸਾਰੀ ਬਾਰੇ ਗੱਲ ਕਰਦਿਆਂ ਕਿਹਾ ਕਿ ਉਸ ਨੂੰ ਸਵਾ 2 ਸਾਲ ਪੰਜਾਬ ਦੀ ਜੇਲ੍ਹ 'ਚ ਬਿਠਾਈ ਰੱਖਿਆ, ਜਿਸ 'ਤੇ ਕਰੋੜਾਂ ਰੁਪਏ ਖ਼ਰਚ ਹੋਏ। ਇਸ ਦਾ ਪੰਜਾਬ ਦੇ ਖ਼ਜ਼ਾਨੇ 'ਤੇ ਭਾਰ ਪਿਆ ਹੈ।
ਇਹ ਵੀ ਪੜ੍ਹੋ : ਲੁਧਿਆਣਾ ਦੀ ਸੈਂਟਰਲ ਜੇਲ੍ਹ 'ਚ ਹਵਾਲਾਤੀ ਦੀ ਮੌਤ, ਕਈ ਸਾਲਾਂ ਤੋਂ ਸੀ ਜੇਲ੍ਹ 'ਚ ਬੰਦ
ਉਨ੍ਹਾਂ ਕਿਹਾ ਕਿ ਇਸ ਦੇ ਲਈ ਸਰਕਾਰ ਅਦਾਲਤ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਾਡੇ ਸਿਸਟਮ 'ਚ ਬਹੁਤ ਕਮੀਆਂ ਹਨ, ਜਿਨ੍ਹਾਂ ਨੂੰ ਜਲਦ ਹੀ ਦੂਰ ਕੀਤਾ ਜਾਵੇਗਾ। ਉਨ੍ਹਾਂ ਨੇ ਨਵੇਂ ਨਿਯੁਕਤ ਕਲਰਕਾਂ ਨੂੰ ਕਿਹਾ ਕਿ ਜ਼ਰੂਰੀ ਨਹੀਂ ਕਿ ਇਸੇ ਨੌਕਰੀ ਤੋਂ ਰਿਟਾਇਰ ਹੋਣਾ ਹੈ, ਸਗੋਂ ਅੱਗੇ ਦੀ ਪੜ੍ਹਾਈ ਕਰੋ ਅਤੇ ਵੱਡੀਆਂ-ਵੱਡੀਆਂ ਪੋਸਟਾਂ ਹਾਸਲ ਕਰੋ। ਪੰਜਾਬ ਦੇ ਨੌਜਵਾਨਾਂ 'ਚ ਟੈਲੰਟ ਦੀ ਕੋਈ ਕਮੀ ਨਹੀਂ ਹੈ ਅਤੇ ਪੰਜਾਬੀਆਂ ਨੇ ਪੂਰੀ ਦੁਨੀਆ 'ਚ ਮੱਲਾਂ ਮਾਰੀਆਂ ਹਨ। ਪੰਜਾਬੀਆਂ ਨੂੰ ਉਚਾਈਆਂ ਤੋਂ ਡਰ ਨਹੀਂ ਲੱਗਦਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ