ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਰੇਲਵੇ ਟਰੇਨਾਂ ਚਲਾਉਣ ਨੂੰ ਮਨਜ਼ੂਰੀ ਦੇਣ ਨਾਲ ਯਾਤਰੀਆਂ ਨੂੰ ਮਿਲੇਗੀ ਵੱਡੀ ਸਹੂਲਤ : ਪ੍ਰੋ. ਬਡੂੰਗਰ

Thursday, Sep 25, 2025 - 09:03 PM (IST)

ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਰੇਲਵੇ ਟਰੇਨਾਂ ਚਲਾਉਣ ਨੂੰ ਮਨਜ਼ੂਰੀ ਦੇਣ ਨਾਲ ਯਾਤਰੀਆਂ ਨੂੰ ਮਿਲੇਗੀ ਵੱਡੀ ਸਹੂਲਤ : ਪ੍ਰੋ. ਬਡੂੰਗਰ

ਪਟਿਆਲਾ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਉਹਨਾਂ ਵੱਲੋਂ ਪੱਤਰ ਲਿਖਕੇ ਵਿਸ਼ੇਸ਼ ਟ੍ਰੇਨਾਂ ਚਲਾਉਣ ਦੀ ਮੰਗ ਕੀਤੀ ਗਈ ਸੀ ਉਸ ਮੰਗ ਨੂੰ ਪੂਰਾ ਕਰਕੇ ਰੇਲਵੇ ਵਿਭਾਗ ਵੱਲੋਂ ਨਵੀਆਂ ਟ੍ਰੇਨਾਂ ਚਲਾਉਣ ਨੂੰ ਪ੍ਰਵਾਨਗੀ ਦੇ ਕੇ ਕੇਵਲ ਪੰਜਾਬ ਹੀ ਨਹੀਂ ਹੋਰਨਾਂ ਰਾਜਾਂ ਤੋਂ ਆਉਣ ਵਾਲੇ ਲੋਕਾਂ ਨੂੰ ਵੀ ਵਿਸ਼ੇਸ਼ ਸਹੂਲਤਾਂ ਪ੍ਰਦਾਨ ਹੋਣਗੀਆਂ ।
ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ ਉਹਨਾਂ ਵੱਲੋਂ 10 ਦਸੰਬਰ 2024 ਨੂੰ ਲਿਖੇ ਗਏ ਪੱਤਰ ਵਿੱਚ ਮੰਗ ਕੀਤੀ ਗਈ ਸੀ ਕਿ ਪੰਜਾਬ ਅਤੇ ਇਸ ਦੇ ਨਾਲ ਲਗਦੇ ਪ੍ਰਾਂਤਾਂ ਵਿਚ ਰੇਲ ਲਿੰਕ ਦੀ ਕਾਫੀ ਘਾਟ ਹੈ, ਜਿਸ ਕਾਰਨ ਯਾਤਰੀਆਂ ਤੇ ਵਪਾਰੀਆਂ ਨੂੰ ਰੋਡ ਟਰਾਂਸਪੋਰਟ (ਬੱਸਾਂ ਰਾਹੀਂ) ਸਫਰ ਕਰਨ ਵਿਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਵਿਸ਼ੇਸ਼ ਕਰਕੇ ਬਜ਼ੁਰਗਾਂ, ਦਿਵਿਆਂਗਾਂ ਅਤੇ ਗਰਭਵਤੀ ਬੀਬੀਆਂ ਨੂੰ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਲਈ ਰਾਜਪੁਰਾ ਤੋਂ ਚੰਡੀਗੜ੍ਹ, ਰਾਜਸਥਾਨ ਅਤੇ ਬਠਿੰਡਾ ਨੂੰ ਆਪਸ ਵਿਚ ਜੋੜਨ ਲਈ ਵਿਸ਼ੇਸ਼ ਤੌਰ ਤੇ ਰਾਜਪੁਰਾ ਤੋਂ ਚੰਡੀਗੜ੍ਹ, ਪਟਿਆਲਾ ਤੋਂ ਸਮਾਣਾ-ਪਾਤੜਾਂ, ਟੋਹਾਣਾ ਅਤੇ ਜਾਖਲ ਅਗੋਂ ਰਾਜਸਥਾਨ ਤੇ ਇਸੇ ਤਰ੍ਹਾਂ ਚੰਡੀਗੜ੍ਹ, ਪੰਜਾਬ ਅਤੇ ਰਾਜਸਥਾਨ ਦਾ ਰੇਲ ਲਿੰਕ ਬਣ ਜਾਵੇਗਾ ਅਤੇ ਲੋਕਾਂ ਨੂੰ ਸਹੂਲਤ ਦੇ ਨਾਲ ਨਾਲ ਵਪਾਰ ਵਿਚ ਵੀ ਵਾਧਾ ਹੋਵੇਗਾ ਤੇ ਰਾਜਸਥਾਨ ਅਨੂਪਗੜ੍ਹ ਸਰੂਪਸਰ (ਗੁ. ਬੁੱਢਾ ਜੋਹੜ), ਸੂਰਤਗੜ੍ਹ, ਹਨੂਮਾਨਗੜ੍ਹ, ਮੰਡੀ ਡੱਬਵਾਲੀ, ਤੇ ਬਠਿੰਡਾ ਰਾਮਾ ਮੰਡੀ (ਗੁ. ਦਮਦਮਾ ਸਾਹਿਬ), ਸਿਰਸਾ, ਸਿਹਾਰ, ਜਾਖਲ, ਗੁ. ਧਮਧਾਨ ਸਾਹਿਬ) ਖਨੌਰੀ, ਸਮਾਣਾ, ਪਟਿਆਲਾ (ਗੁ. ਦੂਖਨਿਵਾਰਨ ਸਾਹਿਬ, ਕਾਲੀ ਮਾਤਾ ਮੰਦਰ), ਰਾਜਪੁਰਾ, ਸਰਹਿੰਦ (ਗ. ਫਤਹਿਗੜ੍ਹ ਸਾਹਿਬ), ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਨੈਣਾ ਦੇਵੀ ਅਤੇ ਚੰਡੀਗੜ ਲਈ ਚਲਾਉਣ ਨਾਲ ਯਾਤਰੂਆਂ ਨੂੰ ਵੱਡੀ ਸਹੂਲਤ ਮਿਲ ਸਕੇਗੀ।
ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ 1977 ਤੋਂ 1980 ਦਰਮਿਆਨ ਉਨ੍ਹਾਂ ਨੂੰ ਰੇਲਵੇ ਯੂਜਰਜ਼ ਬੋਰਡ ਵਿਚ ਬਤੌਰ ਮੈਂਬਰ ਸੇਵਾ ਕਰਨ ਦਾ ਮੌਕਾ ਮਿਲਿਆ ਸੀ, ਉਦੋਂ ਉਨ੍ਹਾਂ ਵਲੋਂ ਤੱਤਕਾਲੀ ਕੇਂਦਰੀ ਸਰਕਾਰ ਪਾਸ ਇਕ ਰੇਲ ਲਿੰਕ ਕਾਇਮ ਕਰਨ ਲਈ ਪ੍ਰਾਜੈਕਟ ਤਿਆਰ ਕਰਵਾਕੇ ਘੱਲਿਆ ਸੀ। ਇਸ ਪ੍ਰਾਜੈਕਟ ਵਿਚ ਸਮੇਂ ਦੇ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਜੀ ਵੱਲੋਂ ਇਸੇ ਮੱਕਸਦ ਲਈ 1932 ਈ. ਵਿਚ ਕਰਵਾਇਆ ਗਿਆ ਸਰਵੇ, ਪਰੰਤੂ ਸਮੇਂ ਦੀ ਅੰਗਰੇਜ਼ੀ ਸਰਕਾਰ ਨੇ ਉਨ੍ਹਾਂ ਦੀ ਉਹ ਤਜ਼ਵੀਜ ਨਾਮਨਜੂਰ ਕਰ ਦਿੱਤੀ ਸੀ । ਉਹ ਜ਼ਰੂਰੀ ਕਾਗਜਾਤ ਵੀ ਪ੍ਰਾਜੈਕਟ ਵਿਚ ਸ਼ਾਮਲ ਕਰਕੇ ਭੇਜੇ ਸਨ। ਪਰੰਤੂ ਕੇਂਦਰੀ ਸਰਕਾਰ ਦੇ ਡਿੱਗ ਜਾਣ ਕਾਰਨ ਉਸ ਨੂੰ ਬੂਰ ਨਹੀਂ ਪੈ ਸਕਿਆ। 
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਦੇਸ ਦੇ ਵੱਖ ਵੱਖ ਪਛੜੇ ਹੋਏ ਇਲਾਕਿਆਂ ਨੂੰ ਰੇਲ ਲਿੰਕ ਦੇ ਨਾਲ ਜੋੜਿਆ ਜਾ ਰਿਹਾ ਹੈ ਤੇ ਪੰਜਾਬ ਭਾਰਤ ਦਾ ਅਹਿਮ ਸੂਬਾ ਹੈ, ਜਿਸ ਨੂੰ ਇਸ ਨੂੰ ਅਹਿਮ ਰੇਲ ਲਿੰਕ ਮੁਹੱਈਆ ਕਰਾਉਣ ਦੀ ਬਹੁਤ ਲੋੜ ਸੀ ਤੇ ਇਸ ਨਾਲ ਪੰਜਾਬੀਆਂ ਅਤੇ ਰਾਜਸਥਾਨੀਆਂ ਨੂੰ ਵੀ ਆਵਾਜਾਈ ਪੱਖੋਂ ਵੱਡੀ ਰਾਹਤ ਮਿਲੇਗੀ।


author

Hardeep Kumar

Content Editor

Related News