CM ਮਾਨ ਨੇ ਖ਼ੁਸ਼ ਕਰ ਦਿੱਤੇ ਨਵੇਂ ਪਟਵਾਰੀ, ਵੱਡੇ ਐਲਾਨ ਮਗਰੋਂ ਤਾੜੀਆਂ ਨਾਲ ਗੂੰਜ ਉੱਠਿਆ ਹਾਲ
Friday, Sep 08, 2023 - 04:15 PM (IST)

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ 710 ਦੇ ਕਰੀਬ ਨਵੇਂ ਨਿਯੁਕਤ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਵੰਡੇ। ਇਸ ਦੇ ਨਾਲ ਹੀ ਉਨ੍ਹਾਂ ਨੇ ਨਵੇਂ ਪਟਵਾਰੀਆਂ ਨੂੰ ਵੱਡੀ ਖ਼ੁਸ਼ਖ਼ਬਰੀ ਦਿੱਤੀ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਨ੍ਹਾਂ ਨਵੇਂ ਪਟਵਾਰੀਆਂ ਨੂੰ ਟ੍ਰੇਨਿੰਗ ਦੌਰਾਨ 18 ਹਜ਼ਾਰ ਰੁਪਏ ਦਿੱਤੇ ਜਾਣਗੇ ਅਤੇ ਜਿਵੇਂ ਹੀ ਉੁਨ੍ਹਾਂ ਦੀ ਟ੍ਰੇਨਿੰਗ ਖ਼ਤਮ ਹੋਵੇਗੀ, ਉਨ੍ਹਾਂ ਨੂੰ ਪੇਅ ਸਕੇਲ ਦੇ ਨਾਲ ਬਣਦੇ ਮਾਣ-ਭੱਤੇ ਦਿੱਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਵਾਧਾ ਕਰਨਾ ਸਮੇਂ ਦੀ ਲੋੜ ਸੀ ਤਾਂ ਕਿ ਸਿਖਲਾਈ ਅਧੀਨ ਪਟਵਾਰੀ ਆਪਣੀ ਡਿਊਟੀ ਬਿਨਾਂ ਕਿਸੇ ਪਰੇਸ਼ਾਨੀ ਤੋਂ ਸੁਚਾਰੂ ਢੰਗ ਨਾਲ ਨਿਭਾਅ ਸਕਣ।
ਇਨ੍ਹਾਂ ਪਟਵਾਰੀਆਂ ਲਈ 5000 ਰੁਪਏ ਮਹੀਨਾ ਭੱਤਾ ਬਹੁਤ ਘੱਟ ਹੈ ਕਿਉਂ ਜੋ ਉਹ ਬਹੁਤ ਸਖ਼ਤ ਮੁਕਾਬਲੇ 'ਚੋਂ ਪਾਸ ਹੋ ਕੇ ਸੇਵਾ ਵਿੱਚ ਆਉਂਦੇ ਹਨ, ਜਿਸ ਕਰਕੇ ਸਰਕਾਰ ਨੇ ਵਾਧਾ ਕਰਨ ਦਾ ਫ਼ੈਸਲਾ ਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਕੋਲ ਫੰਡਾਂ ਦੀ ਕੋਈ ਘਾਟ ਨਹੀਂ ਹੈ ਅਤੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਭਲਾਈ ਯਕੀਨੀ ਬਣਾਈ ਜਾਵੇਗੀ। ਇਹ ਫ਼ੈਸਲਾ 1-2 ਦਿਨਾਂ ਅੰਦਰ ਲਾਗੂ ਹੋ ਜਾਵੇਗਾ। ਉਨ੍ਹਾਂ ਨੇ ਨਵੇਂ ਪਟਵਾਰੀਆਂ ਨੂੰ ਕਿਹਾ ਕਿ ਹੜਤਾਲ ਵਾਲਾ ਪੰਗਾ ਨਹੀਂ ਪੈਣਾ ਚਾਹੀਦਾ।
ਇਹ ਵੀ ਪੜ੍ਹੋ : 9 ਅਤੇ 10 ਤਾਰੀਖ਼ ਦੇ ਮੌਸਮ ਨੂੰ ਲੈ ਕੇ ਅਲਰਟ ਜਾਰੀ, ਜਾਣੋ ਕਿਹੋ ਜਿਹਾ ਰਹੇਗਾ
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਟਵਾਰੀ ਜਿੰਨੀ ਆਪਣੀ ਕਲਮ ਚਲਾਉਣਗੇ, ਓਨੇ ਹੀ ਉਨ੍ਹਾਂ ਦੇ ਭੱਤੇ ਵਧਾਏ ਜਾਣਗੇ ਅਤੇ ਜੇਕਰ ਕਲਮ ਛੱਡਣ ਦੀ ਗੱਲ ਕਰਨਗੇ ਤਾਂ ਫਿਰ ਇਸ ਲਈ ਉਹ ਖ਼ੁਦ ਜ਼ਿੰਮੇਵਾਰ ਹੋਣਗੇ। ਇਸ ਦੇ ਨਾਲ ਹੀ ਉਨ੍ਹਾਂ ਇਕ ਹੋਰ ਵੱਡਾ ਐਲਾਨ ਕਰਦਿਆਂ ਕਿਹਾ ਕਿ ਪਟਵਾਰੀਆਂ ਦੀਆਂ 586 ਨਵੀਆਂ ਪੋਸਟਾਂ ਵਾਸਤੇ ਇਸ਼ਤਿਹਾਰ ਦੇ ਰਹੇ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰਾਂ ਕੋਲ ਕਦੇ ਖਜ਼ਾਨੇ ਦੀ ਕਮੀ ਨਹੀਂ ਹੁੰਦੀ। ਉਨ੍ਹਾਂ ਨੇ ਨਵੇਂ ਪਟਵਾਰੀਆਂ ਨੂੰ ਆਪਣਾ ਕੰਮ ਈਮਾਨਦਾਰੀ ਨਾਲ ਕਰਨ ਲਈ ਕਿਹਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8