CM ਮਾਨ ਦਾ ਸਰਕਾਰੀ ਸਕੂਲ ਸਿੱਖਿਆ ’ਤੇ ਫੋਕਸ ਦਾ ਨਤੀਜਾ, 10ਵੀਂ ਦੇ ਵਿਦਿਆਰਥੀ 14 ਜ਼ਿਲ੍ਹਿਆਂ ’ਚ ਬਣੇ ਟਾਪਰ
Saturday, May 27, 2023 - 07:27 PM (IST)
ਲੁਧਿਆਣਾ (ਵਿੱਕੀ)-10 ਮਾਰਚ 2022 ਨੂੰ ਜਦੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਈ ਸੀ ਤਾਂ ਉਸ ਸਮੇਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 10ਵੀਂ ਅਤੇ 12ਵੀਂ ਦੀਆ ਪ੍ਰੀਖਿਆਵਾਂ ਸ਼ੁਰੂ ਹੋਣ ਵਿਚ ਤਕਰੀਬਨ 1 ਮਹੀਨੇ ਦਾ ਹੀ ਸਮਾਂ ਬਚਿਆ ਸੀ। ਇੰਨੇ ਘੱਟ ਸਮੇਂ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਵੀ ਸਰਕਾਰੀ ਸਕੂਲਾਂ ਵਿਚ ਸੁਧਾਰ ਲਈ ਕੋਈ ਯੋਜਨਾ ਲਿਆਉਣਾ ਮੁਮਕਿਨ ਨਹੀਂ ਸੀ ਪਰ ਸੱਤਾ ਸੰਭਾਲਣ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਜਿਸ ਤਰ੍ਹਾਂ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਲੁਧਿਆਣਾ ਦੇ ਇਕ ਰਿਜ਼ੋਰਟ ਵਿਚ ਮੀਟਿੰਗ ਕਰਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ, ਉਸ ਤੋਂ ਨਵੀਂ ਸਰਕਾਰ ਦਾ ਸਰਕਾਰੀ ਸਕੂਲਾਂ ਦੀ ਸਿੱਖਿਆ ਪ੍ਰਤੀ ਵਿਜ਼ਨ ਹਰ ਕਿਸੇ ਨੂੰ ਨਜ਼ਰ ਆ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ : ਯਾਸੀਨ ਮਲਿਕ ਨੂੰ ਮੌਤ ਦੀ ਸਜ਼ਾ ਦਿਵਾਉਣ ਲਈ NIA ਪੱਜੀ ਹਾਈਕੋਰਟ
ਸਰਕਾਰੀ ਸਕੂਲਾਂ ਪ੍ਰਤੀ ਲੋਕਾਂ ਦਾ ਭਰੋਸਾ ਬਹਾਲ ਕਰਨ ਅਤੇ ਸਕੂਲ ਮੁਖੀਆਂ ਨੂੰ ਮੋਟੀਵੇਟ ਕਰਨ ਦੇ ਮਕਸਦ ਨਾਲ ਮੁੱਖ ਮੰਤਰੀ ਨੇ ਬੀਤੇ ਤਕਰੀਬਨ 1 ਸਾਲ ਵਿਚ ਜੋ ਯੋਜਨਾਵਾਂ ਸ਼ੁਰੂ ਕੀਤੀਆਂ, ਉਸ ਦਾ ਪਹਿਲਾ ਨਤੀਜਾ ਪੀ. ਐੱਸ. ਈ. ਬੀ. ਵੱਲੋਂ ਐਲਾਨੀਆਂ ਬੋਰਡ ਦੀਆਂ ਪ੍ਰੀਖਿਆਵਾਂ ਦੇ ਸ਼ਾਨਦਾਰ ਨਤੀਜਿਆਂ ਦੇ ਰੂਪ ਵਿਚ ਸਾਹਮਣੇ ਆਇਆ ਹੈ। ਅਜਿਹਾ ਸ਼ਾਇਦ ਪਹਿਲੀ ਵਾਰ ਹੀ ਹੋਇਆ ਹੈ ਕਿ ਸੂਬੇ ਦੇ ਵੱਖ-ਵੱਖ 14 ਜ਼ਿਲ੍ਹੇ ਅਜਿਹੇ ਹਨ, ਜਿਨ੍ਹਾਂ ’ਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਸਕੂਲ ਹੀ ਨਹੀਂ, ਸਗੋਂ ਜ਼ਿਲ੍ਹੇ ਵਿਚ ਟਾਪ ਕਰਕੇ ਸਰਕਾਰੀ ਸਕੂਲਾਂ ਵਿਚ ਮਿਲਣੀ ਸ਼ੁਰੂ ਹੋਈ ਕੁਆਲਿਟੀ ਭਰਪੂਰ ਸਿੱਖਿਆ ਦੇ ਸਰਕਾਰੀ ਦਾਅਵਿਆਂ ’ਤੇ ਆਪਣੀ ਸਫ਼ਲਤਾ ਨਾਲ ਮੋਹਰ ਲਗਾ ਦਿੱਤੀ ਹੈ। ਇਨ੍ਹਾਂ ਹੋਣਹਾਰ ਵਿਦਿਆਰਥੀਆਂ ਦੀ ਪ੍ਰਫਾਰਮੈਂਸ ਨੇ ਪਿਛਲੇ ਕਈ ਸਾਲਾਂ ਵਿਚ ਸਰਕਾਰੀ ਸਕੂਲਾਂ ਦੇ ਨਤੀਜਿਆਂ ਬਾਰੇ ਬਣੀ ਲੋਕਾਂ ਦੀ ਆਮ ਧਾਰਨਾ ਨੂੰ ਵੀ ਬਦਲਣ ਦਾ ਕੰਮ ਕੀਤਾ ਹੈ।
ਇਹ ਵੀ ਪੜ੍ਹੋ : 8ਵੀਂ ਪਾਸ ਕੈਫੇ ਮਾਲਕ ਨੇ ਕਰ ’ਤਾ ਵੱਡਾ ਕਾਂਡ, ਪੂਰਾ ਮਾਮਲਾ ਜਾਣ ਕੇ ਉੱਡ ਜਾਣਗੇ ਹੋਸ਼
ਇਨ੍ਹਾਂ ਹੋਣਹਾਰ ਵਿਦਿਆਰਥੀਆਂ ਦੀ ਸਫ਼ਲਤਾ ਨੇ ਲਗਾਏ ਸਕੂਲਾਂ ਦੇ ਨਾਂ ਨੂੰ ਚਾਰ ਚੰਨ
ਗੱਲ ਜੇਕਰ ਜ਼ਿਲ੍ਹੇ ਦੇ ਟਾਪ ਆ ਕੇ ਸਰਕਾਰੀ ਸਕੂਲਾਂ ਦੇ ਨਾਂ ਨੂੰ ਚਾਰ ਚੰਨ ਲਗਾਉਣ ਵਾਲੇ ਹੋਣਹਾਰ ਵਿਦਿਆਰਥੀਆਂ ਦੀ ਕਰੀਏ ਤਾਂ ਇਨ੍ਹਾਂ ਵਿਚ ਲੁਧਿਆਣਾ ਦੇ ਅਜੀਤਸਰ ਸਰਕਾਰੀ ਗਰਲਜ਼ ਸੀ. ਸੈ. ਸਕੂਲ ਰਾਏਕੋਟ ਦੀ ਵਿਦਿਆਰਥਣ ਕਿਰਨਜੀਤ ਕੌਰ ਨੇ 650 ਵਿਚੋਂ 643 ਅੰਕ ਲੈ ਕੇ ਜ਼ਿਲ੍ਹੇ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ, ਜਦਕਿ ਮਾਨਸਾ ਦੇ ਸਰਕਾਰੀ ਹਾਈ ਸਕੂਲ ਮੰਡਾਲੀ ਦੀ ਵਿਦਿਆਰਥਣ ਹਰਮਨਪ੍ਰੀਤ ਕੌਰ ਨੇ 646 ਅੰਕ, ਮੌੜ ਮੰਡੀ ਦੇ ਸਰਕਾਰੀ ਸੀ. ਸੈ. ਸਕੂਲ ਦੀ ਦੀਪਿਕਾ ਨੇ 640 ਅੰਕ, ਰਾਮਪੁਰਾ ਫੂਲ ਦੇ ਸਰਕਾਰੀ ਸੀ. ਸੈ. ਸਕੂਲ ਦੀ ਪ੍ਰਿਯੰਕਾ ਨੇ 633 ਅੰਕ, ਸੰਗਰੂਰ ਦੇ ਸਰਕਾਰੀ ਗਰਲਜ਼ ਸੀ. ਸੈ. ਸਕੂਲ ਭਵਾਨੀਗੜ੍ਹ ਦੀ ਵਿਦਿਆਰਥਣ ਜਸਮੀਤ ਕੌਰ ਨੇ 644, ਫਿਰੋਜ਼ਪੁਰ ਦੇ ਸ਼ਹੀਦ ਸੁਖਵਿੰਦਰ ਸਿੰਘ ਸਰਕਾਰੀ ਸੀ. ਸੈ. ਸਕੂਲ ਦੀ ਜਿਆ ਨੇ 638 ਅੰਕ, ਫਾਜ਼ਿਲਕਾ ਦੇ ਸਰਕਾਰੀ ਹਾਈ ਸਕੂਲ ਸ਼ੇਰਗੜ੍ਹ ਦੀ ਸਪਨਾ ਨੇ 640 ਅੰਕ, ਹੁਸ਼ਿਆਰਪੁਰ ਦੇ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ-2, ਤਲਵਾੜਾ ਦੀ ਅੰਕਿਤਾ ਨੇ 98.46 ਫੀਸਦੀ, ਕਪੂਰਥਲਾ ਦੇ ਸਰਕਾਰੀ ਸੀ. ਸੈ. ਸਕੂਲ ਖੇੜਾ ਦੋਨਾ ਦੀ ਨਿਸ਼ਾ ਰਾਣੀ ਨੇ 98.46 ਫੀਸਦੀ, ਮੋਗਾ ਦੇ ਸਰਕਾਰੀ ਸੀ. ਸੈ. ਸਕੂਲ ਬਧਨੀ ਕਲਾਂ ਦੀ ਜਸਵੀਨ ਕੌਰ ਨੇ 639, ਪਟਿਆਲਾ ਦੇ ਸਰਕਾਰੀ ਸੀ. ਸੈ. ਸਕੂਲ ਮਾਡਲ ਟਾਊਨ ਦੀ ਸੰਜਨਾ ਕੁਮਾਰੀ ਨੇ 643, ਬਰਨਾਲਾ ਦੇ ਤਪਾ ਮੰਡੀ ਦੇ ਸਰਕਾਰੀ ਗਰਲਜ਼ ਸਕੂਲ ਦਰਾਜ ਦੀ ਵਿਦਿਆਰਥਣ ਅਮਨਦੀਪ ਕੌਰ ਨੇ 634, ਗੁਰਦਾਸਪੁਰ ਦੇ ਸ਼ਹੀਦ ਸਿਪਾਹੀ ਗੁਰਬਖ਼ਸ਼ ਸਿੰਘ ਸਰਕਾਰੀ ਸਕੂਲ ਨੈਨੋਕੇਟ ਦੇ ਅਭਿਸ਼ੇਕ ਨੇ 639, ਅਬੋਹਰ ਵਿਚ ਸਰਕਾਰੀ ਮਾਡਲ ਹਾਈ ਸਕੂਲ ਦੀ ਮੁਸਕਾਨ ਨੇ 639, ਅੰਕਾਂ ਦੇ ਨਾਲ ਆਪਣੇ ਆਪਣੇ ਸ਼ਹਿਰਾਂ ਵਿਚ ਟਾਪ ਕੀਤਾ।
ਕਈ ਜ਼ਿਲ੍ਹਿਆਂ ਤੋਂ ਨਿਕਲੇ ਸੈਕਿੰਡ ਟਾਪਰ ਵੀ
ਇਹੀ ਨਹੀਂ, ਜਲੰਧਰ ਦੇ ਸਰਕਾਰੀ ਸੀ. ਸੈ. ਸਕੂਲ ਰੰਧਾਵਾ ਮਸੰਦਾਂ ਦੀ ਖਵਾਹਿਸ਼ ਨੇ 640 ਅੰਕ, ਅੰਮ੍ਰਿਤਸਰ ਦੇ ਕੋਟ ਬਾਬਾ ਦੀਪ ਸਿੰਘ ਸਰਕਾਰੀ ਸਕੂਲ ਦੀ ਵਿਦਿਆਰਥਣ ਪਰੀ ਨੇ 639 ਅੰਕ, ਫਾਜ਼ਿਲਕਾ ਦੇ ਸਰਕਾਰੀ ਸੀ. ਸੈ. ਸਕੂਲ ਖਲੇਰ ਖਾਨਾਪੁਰ ਦੀ ਅੰਕਿਤਾ ਨੇ 98.15 ਫੀਸਦੀ ਅੰਕ, ਸਰਕਾਰੀ ਸੀ. ਸੈ. ਸਕੂਲ ਖੇੜਾ ਦੋਨਾ ਦੀ ਸ਼ੁਭਰੀਤ, ਸਰਕਾਰੀ ਸਕੂਲ ਹਮੀਰਾ ਦੀ ਮਨੁਪ੍ਰੀਤ ਨੇ ਸਾਂਝੇ ਤੌਰ ’ਤੇ 97.85, ਸਰਕਾਰੀ ਹਾਈ ਸਕੂਲ ਸੰਧੂ ਚੱਟਾ ਦੀ ਸੁਖਮਨ ਕੌਰ ਨੇ 97.85 ਫੀਸਦੀ ਅੰਕਾਂ ਦੇ ਨਾਲ ਸ਼ਹਿਰ ਵਿਚ ਦੂਜਾ ਸਥਾਨ ਹਾਸਲ ਕੀਤਾ। ਮੋਗਾ ਦੇ ਬੱਧਨੀ ਕਲਾਂ ਦੇ ਸਰਕਾਰੀ ਸੀ. ਸੈ. ਸਕੂਲ ਕੈਲਾਂ ਦੀ ਸਨੇਹਾ ਨੇ 638, ਸਰਕਾਰੀ ਸੀ. ਸੈ. ਸਕੂਲ ਲੰਘਿਆਣਾ ਖੁਰਦ ਦੀ ਏਕਮਵੀਰ ਨੇ 637 ਅੰਕ ਲੈ ਕੇ ਜ਼ਿਲ੍ਹੇ ਵਿਚ ਲੜੀਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪ੍ਰੀਖਿਆਵਾਂ ਤੋਂ ਕੁਝ ਸਮਾਂ ਪਹਿਲਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਵਿਦਿਆਰਥੀਆਂ ਦਾ ਬਿਹਤਰ ਨਤੀਜਾ ਲਿਆਉਣ ਲਈ ਸ਼ੁਰੂ ਕੀਤੀ ਮਿਸ਼ਨ 100 ਪਰਸੈਂਟ ਗਿਵ ਯੂਅਰ ਬੈਸਟ ਮੁਹਿੰਮ ਨੇ ਵੀ ਅਧਿਆਪਕਾਂ ਨੂੰ ਕਾਫੀ ਮੋਟੀਵੇਟ ਕੀਤਾ। ਮੰਤਰੀ ਵੱਲੋਂ ਲਈਆਂ ਜਾਣ ਵਾਲੀਆਂ ਮੀਟਿੰਗਾਂ ਵਿਚ ਵੀ ਲਗਾਤਾਰ ਸਟੱਡੀ ’ਤੇ ਫੋਕਸ ਕੀਤਾ ਗਿਆ, ਜਿਸ ਨਾਲ ਅਧਿਆਪਕਾਂ ਨੇ ਐਕਸਟ੍ਰਾ ਕਲਾਸਾਂ ਲਗਾ ਕੇ ਛੁੱਟੀਆਂ ਵਿਚ ਵੀ ਵਿਦਿਆਰਥੀਆਂ ਨੂੰ ਪੜ੍ਹਾਈ ਕਰਵਾਈ। ਅੱਜ ਜੇਕਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਟਾਪਰ ਆਉਣ ਦਾ ਇਤਿਹਾਸ ਰਚਿਆ ਹੈ ਤਾਂ ਇਸ ਵਿਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਬੈਂਸ ਦੀਆਂ ਯੋਜਨਾਵਾਂ ਦਾ ਵੀ ਬਹੁਤ ਯੋਗਦਾਨ ਹੈ।