ਮੁੱਖ ਮੰਤਰੀ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਮੁਹਾਲੀ ਜ਼ਿਲ੍ਹੇ ਲਈ 2 ਵੱਡੇ ਪ੍ਰਾਜੈਕਟਾਂ ਦਾ ਵਰਚੁਅਲ ਉਦਘਾਟਨ

08/16/2020 1:49:56 AM

ਮੁਹਾਲੀ (ਐਸ.ਏ.ਐਸ. ਨਗਰ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਮੁਹਾਲੀ ਜ਼ਿਲ੍ਹੇ ਲਈ 2 ਵੱਡੇ ਪ੍ਰਾਜੈਕਟਾਂ ਦੇ ਵਰਚੁਅਲ ਉਦਘਾਟਨ ਦਾ ਐਲਾਨ ਕੀਤਾ ਜਿਨਾਂ 'ਚ ਇਕ 66 ਕੇ.ਵੀ. ਸਬ ਸਟੇਸ਼ਨ ਅਤੇ ਪੰਜਾਬ ਬਾਇਓਟੈਕਨਾਲੋਜੀ ਇਨਕਿਊਬੇਟਰ ਦੀ ਇਮਾਰਤ ਦੀ ਉਸਾਰੀ ਸ਼ਾਮਲ ਹੈ। ਇਹ ਐਲਾਨ ਮੁੱਖ ਮੰਤਰੀ ਵੱਲੋਂ ਇਥੇ ਕਰਵਾਏ ਗਏ ਆਜ਼ਾਦੀ ਦਿਹਾੜੇ ਦੇ ਰਾਜ ਪੱਧਰੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕੀਤੇ ਗਏ।
66 ਕੇ.ਵੀ. ਸਬ ਸਟੇਸ਼ਨ-1 ਸੈਕਟਰ 82 ਦੀ ਆਈ.ਟੀ. ਸਿਟੀ ਮੁਹਾਲੀ-2 ਵਿਖੇ ਸਥਾਪਤ ਕੀਤਾ ਜਾਵੇਗਾ ਜਦੋਂ ਕਿ ਪੰਜਾਬ ਬਾਇਓਟੈਕਨਾਲੋਜੀ ਇਨਕਿਊਬੇਟਰ ਦੀ ਇਮਾਰਤ ਸੈਕਟਰ 81 ਦੀ 'ਨਾਲੇਜ ਸਿਟੀ' ਵਿਖੇ 31 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀ ਜਾ ਰਹੀ ਹੈ। ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਇਸ ਇਮਾਰਤ ਦੀ ਉਸਾਰੀ ਹਾਲ ਹੀ ਵਿੱਚ ਲੋਕ ਨਿਰਮਾਣ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਹੈ ਅਤੇ ਬੇਸਮੈਂਟ ਉਤੇ ਕੰਮ ਚੱਲ ਰਿਹਾ ਹੈ। ਇਸ ਮੌਕੇ ਮੁੱਖ ਮੰਤਰੀ ਨੇ ਉਨਾਂ ਲੋਕਾਂ ਦਾ ਖਾਸ ਤੌਰ ਉਤੇ ਜ਼ਿਕਰ ਕੀਤਾ ਜਿਨਾਂ ਨੇ ਮਹਾਂਮਾਰੀ ਦੌਰਾਨ ਵੱਡਮੁੱਲੀਆਂ ਸੇਵਾਵਾਂ ਦਿੱਤੀਆਂ ਅਤੇ ਕਿਹਾ ਕਿ ਇਨਾਂ ਨੂੰ 26 ਜਨਵਰੀ 2021 ਵਾਲੇ ਦਿਨ ਉਨਾਂ ਦੀ ਸਰਕਾਰ ਵੱਲੋਂ ਸਨਮਾਨਤ ਕੀਤਾ ਜਾਵੇਗਾ।
ਮੁੱਖ ਮੰਤਰੀ ਵੱਲੋਂ ਮੁਹਾਲੀ ਦੀਆਂ ਜਿਨਾਂ ਸਖਸ਼ੀਅਤਾਂ ਦਾ ਕੋਵਿਡ ਮਹਾਂਮਾਰੀ ਦੇ ਔਖੇ ਸਮੇਂ ਦੌਰਾਨ ਇਕ ਸਰਕਾਰੀ ਅਧਿਕਾਰੀ ਵਜੋਂ ਆਪਣੇ ਫਰਜ਼ ਪੂਰੀ ਤਨਦੇਹੀ ਨਾਲ ਨਿਭਾਉਣ ਸਬੰਧੀ ਜ਼ਿਕਰ ਕੀਤਾ ਗਿਆ ਅਤੇ ਜੋ ਅੱਜ ਦੇ ਸਮਾਗਮ ਦੌਰਾਨ ਮੌਜੂਦ ਸਨ, ਉਨਾਂ ਵਿੱਚ ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਸ਼ਾਮਲ ਸਨ। ਉਨਾਂ ਨੇ ਮੂਹਰਲੀ ਕਤਾਰ ਵਿੱਚ ਰਹਿ ਕੇ ਆਪਣੀਆਂ ਸੇਵਾਵਾਂ ਨਿਭਾਉਦੇ ਹੋਏ ਸੀਮਤ ਜ਼ੋਨਾਂ/ਉਚ ਖਤਰੇ ਵਾਲੇ ਜ਼ੋਨਾਂ ਵਿੱਚ ਨਿੱਜੀ ਤੌਰ 'ਤੇ ਜਾ ਕੇ ਆਪਣੀਆਂ ਸੇਵਾਵਾਂ ਦਿੱਤੀਆਂ ਅਤੇ ਇਸ ਸਭ ਦੇ ਇਸ ਦੇ ਬਾਵਜੂਦ ਕਿ ਉਹ ਲਿਊਕੇਮੀਆ ਨਾਲ ਜੂਝ ਰਹੇ ਹਨ। ਉਨਾਂ ਤੋਂ ਇਲਾਵਾ ਜ਼ਿਲਾ ਐਪੀਡਿਮੌਲੋਸਟ ਡਾ. ਹਰਮਨਦੀਪ ਕੌਰ ਨੇ ਵੀ ਕੋਰੋਨਾ ਨਾਲ ਨਜਿੱਠਣ ਸਬੰਧੀ ਬਿਹਤਰੀਨ ਸੇਵਾਵਾਂ ਦਿੰਦੇ ਹੋਏ ਆਪਣੇ ਇਕ ਵਰਿਆਂ ਦੇ ਬੱਚੇ ਨੂੰ ਉਸ ਦੀ ਸੁਰੱਖਿਆ ਹਿੱਤ ਆਪਣੇ ਪੇਕੇ ਘਰ ਛੱਡ ਦਿੱਤਾ ਅਤੇ ਖੁਦ ਦਿਨ-ਰਾਤ ਫੀਲਡ ਵਿੱਚ ਜਾ ਕੇ ਸੰਪਰਕ ਟਰੇਸਿੰਗ, ਟੈਸਟਿੰਗ ਨੂੰ ਯਕੀਨੀ ਬਣਾਇਆ ਅਤੇ ਇਸ ਮਹਾਂਮਾਰੀ ਤੋਂ ਬਚਾਅ ਸਬੰਧੀ ਕਾਰਜਾਂ ਨੂੰ ਸਫਲਤਾ ਨਾਲ ਨੇਪਰੇ ਚਾੜਿਆ।
ਇਸ ਮੌਕੇ ਮੁੱਖ ਸਕੱਤਰ ਵਿਨੀ ਮਹਾਜਨ ਅਤੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਵੱਲੋਂ ਮੁੱਖ ਮੰਤਰੀ ਨੂੰ ਜ਼ਿਲੇ ਦੇ ਲੋਕਾਂ ਵੱਲੋਂ ਸੰਵਿਧਾਨ ਦੀ ਪ੍ਰਸਤਾਵਨਾ ਦਾ ਫਰੇਮ ਕੀਤਾ ਹੋਇਆ ਚਿੱਤਰ ਭੇਂਟ ਕੀਤਾ ਗਿਆ।


Bharat Thapa

Content Editor

Related News