CM ਚੰਨੀ ਵੱਲੋਂ ਪੰਜਾਬ ''ਚ ਸਸਤੀ ਬਿਜਲੀ ਦੇਣਾ ਕੈਪਟਨ ਦੇ ਰੁਜ਼ਗਾਰ ਦੇਣ ਵਾਂਗ ਇਕ ਚੋਣ ਸਟੰਟ : ਰਾਘਵ ਚੱਢਾ

Monday, Nov 01, 2021 - 09:36 PM (IST)

CM ਚੰਨੀ ਵੱਲੋਂ ਪੰਜਾਬ ''ਚ ਸਸਤੀ ਬਿਜਲੀ ਦੇਣਾ ਕੈਪਟਨ ਦੇ ਰੁਜ਼ਗਾਰ ਦੇਣ ਵਾਂਗ ਇਕ ਚੋਣ ਸਟੰਟ : ਰਾਘਵ ਚੱਢਾ

ਦਿੱਲੀ/ਚੰਡੀਗੜ੍ਹ- ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ, ਬੁਲਾਰੇ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਵਿੱਚ ਸਸਤੀ ਬਿਜਲੀ ਦਾ ਦਾਅਵਾ ਡਰਾਮੇਬਾਜ ਚੰਨੀ ਸਾਹਿਬ ਦਾ ਚੋਣਾਵੀ ਸਟੰਟ ਹੈ। ਬਿਜਲੀ ਦਰਾਂ ਵਿੱਚ ਕਟੌਤੀ ਸਿਰਫ਼ 31 ਮਾਰਚ 2022 ਤੱਕ ਕੀਤੀ ਗਈ ਹੈ। ਕਾਂਗਰਸ ਦੇ ਚੋਣਾਵੀ ਸਟੰਟ ਵਿੱਚ ਪੰਜਾਬ ਦੀ ਜਨਤਾ ਜੇ ਫਸ ਗਈ ਤਾਂ 31 ਮਾਰਚ 2022 ਤੋਂ ਬਾਅਦ ਫਿਰ ਤੋਂ ਬਿਜਲੀ ਮਹਿੰਗੀ ਹੋ ਜਾਵੇਗੀ। ਡਰਾਮੇਬਾਜ ਚੰਨੀ ਦਾ ਇਹ ਵਾਅਦਾ ਕੈਪਟਨ ਅਮਰਿੰਦਰ ਦੇ ਰੁਜ਼ਗਾਰ ਦੇ ਵਾਅਦੇ ਜਿਹਾ ਹੀ ਹੈ। ਉਨ੍ਹਾਂ ਕਾਂਗਰਸ ਪਾਰਟੀ ਨੂੰ ਚੁਣੌਤੀ ਦਿੰਦਿਆ ਕਿਹਾ ਕਿ ਜੇ ਇਹ ਚੋਣਾਵੀ ਸਟੰਟ ਨਹੀਂ ਹੈ ਤਾਂ ਕਾਂਗਰਸ ਸ਼ਾਸਿਤ ਰਾਜਸਥਾਨ, ਛੱਤੀਸ਼ਗੜ੍ਹ, ਅਤੇ ਮਹਾਂਰਾਸ਼ਟਰ ਵਿੱਚ ਵੀ ਬਿਜਲੀ ਸਸਤੀ ਕਰੇ। ਆਮ ਆਦਮੀ ਪਾਰਟੀ ਦੀ ਬਿਜਲੀ ਗਰੰਟੀ ਕਾਰਨ ਚਰਨਜੀਤ ਚੰਨੀ ਘਬਰਾ ਗਏ, ਕਿਉਂ ਆਮ ਆਦਮੀ ਪਾਰਟੀ ਪੰਜਾਬ ਵਿੱਚ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਲੋਕਾਂ ਦੀ ਜ਼ੁਬਾਨ ’ਤੇ ਇੱਕ ਹੀ ਨਾਂਅ ਹੈ ਕਿ ਪੰਜਾਬ ਵਿੱਚ 2022 ਦੀਆਂ ਚੋਣਾਂ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਬਣੇਗੀ।  

ਇਹ ਵੀ ਪੜ੍ਹੋ: ਦਸੂਹਾ ਦਾ ਫ਼ੌਜੀ ਨੌਜਵਾਨ ਰਾਜੌਰੀ ਦੇ ਨੌਸ਼ਹਿਰਾ 'ਚ ਸ਼ਹੀਦ, ਇਕ ਮਹੀਨੇ ਬਾਅਦ ਛੁੱਟੀ 'ਤੇ ਆਉਣਾ ਸੀ ਘਰ
ਸੋਮਵਾਰ ਨੂੰ ਦਿੱਲੀ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕੁਝ ਐਲਾਨ ਕੀਤੇ ਹਨ। ਡਰਾਮੇਬਾਜ ਚੰਨੀ ਪੰਜਾਬ ਦੇ ਲੋਕਾਂ ਨੂੰ ਭਰਮਾਉਣ ਅਤੇ ਉਨ੍ਹਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦਾ ਯਤਨ ਕਰ ਰਿਹਾ ਹੈ। ਕਾਂਗਰਸ ਪਾਰਟੀ ਨੇ ਸੂਬੇ ਵਿੱਚ ਪੂਰੇ ਬਹੁਮੱਤ ਨਾਲ ਸਰਕਾਰ ਬਣਾਈ, ਪਰ ਸਾਢੇ ਚਾਰ ਸਾਲ ਤੱਕ ਸਭ ਤੋਂ ਨਿਕੰਮੀ ਸਕਾਰ ਚਲਾਈ। ਪਾਰਟੀ ਦੇ ਵਿਧਾਇਕ, ਮੰਤਰੀ ਅਤੇ ਮੁੱਖ ਮੰਤਰੀ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲੇ ਅਤੇ ਜਨਤਾ ਦਾ ਕੋਈ ਕੰਮ ਨਹੀਂ ਕੀਤਾ। ਪੰਜਾਬ ਦੇ ਲੋਕਾਂ ਨੂੰ ਸਾਢੇ ਚਾਰ ਸਾਲ ਤੱਕ ਪੂਰੇ ਭਾਰਤ ਵਿੱਚੋਂ ਸਭ ਤੋਂ ਮਹਿੰਗੀ ਬਿਜਲੀ ਵੇਚ ਕੇ ਚੋਣਾ ਤੋਂ ਕੁੱਝ ਮਹੀਨੇ ਪਹਿਲਾ ਡਰਾਮੇਬਾਜ ਮੁੱਖ ਮੰਤਰੀ ਚੰਨੀ ਲੋਕਾਂ ਨਾਲ ਝੂਠੇ ਵਾਅਦੇ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਚੰਨੀ ਚੰਗੇ ਤਰੀਕੇ ਨਾਲ ਇਸ ਗੱਲ ਨੂੰ ਜਾਣਦੇ ਹਨ ਅਤੇ ਕਾਂਗਰਸ ਦੇ ਅੰਦਰੂਨੀ ਸਰਵੇ ਵਿੱਚ ਵੀ ਇਹ ਗੱਲ ਆਈ ਹੈ ਕਿ ਆਮ ਆਦਮੀ ਪਾਰਟੀ ਬਹੁਤ ਤੇਜੀ ਨਾਲ ਪੰਜਾਬ ਵਿੱਚ ਅੱਗੇ ਵੱਧ ਰਹੀ ਹੈ। ਹਰ ਜ਼ੁਬਾਨ ’ਤੇ ਇੱਕ ਹੀ ਨਾਂਅ ਹੈ ਕਿ 2022 ਦੀਆਂ ਚੋਣਾ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਪੰਜਾਬ ਵਿੱਚ ਬਣੇਗੀ। ਪੰਜਾਬ ਵਿੱਚ ਆਮ ਆਦਮੀ ਪਾਰਟੀ ਨਾਲ ‘ਕੇਜਰੀਵਾਲ ਦੀ ਮੁਫ਼ਤ ਬਿਜਲੀ ਗਰੰਟੀ’ ਤੋਂ ਬਾਅਦ 30 ਲੱਖ ਪਰਿਵਾਰ ਜੁੜ ਗਏ ਹਨ। ਆਮ ਆਦਮੀ ਪਾਰਟੀ ਦੇ ਬਿਜਲੀ ਗਰੰਟੀ ਦੇਣ ਕਾਰਨ ਚਰਨਜੀਤ ਡਰਾਮੇਬਾਜ ਘਬਰਾ ਗਏ, ਉਨ੍ਹਾਂ ਨੂੰ ਲੱਗਦਾ ਕਿ ਬਿਜਲੀ ਦੇ ਮੁੱਦੇ ’ਤੇ ਹੁਣ ਕੁੱਝ ਝੂਠੇ ਵਾਅਦੇ ਕੀਤੇ ਜਾਣ ਅਤੇ ਲੋਕਾਂ ਨੂੰ ਝੂਠ ਬੋਲਿਆ ਜਾਵੇ। 
ਰਾਘਵ ਚੱਢਾ ਨੇ ਕਿਹਾ ਇਸ ਸਮੇਂ ਕਾਂਗਰਸ ਦੇਸ਼ ਦੇ ਕਈ ਰਾਜਾਂ ਵਿੱਚ ਸਰਕਾਰਾਂ ਚਲਾ ਰਹੀ ਹੈ। ਕਾਂਗਰਸ ਸ਼ਾਸਿਤ ਰਾਜਸਥਾਨ, ਛੱਤੀਸ਼ਗੜ੍ਹ, ਮਹਾਂਰਾਸ਼ਟਰ ਵਿੱਚ ਮਹਿੰਗੀ ਬਿਜਲੀ ਮਿਲਦੀ ਹੈ। ਜੇ ਕਾਂਗਰਸ ਦੇ ਵਿਜ਼ਨ ਵਿੱਚ ਬਿਜਲੀ ਸਸਤੀ ਦੇਣਾ ਹੁੰਦਾ ਤਾਂ ਸਾਰੇ ਰਾਜਾਂ ਵਿੱਚ ਬਿਜਲੀ ਸਸਤੀ ਕਰਦੀ। ਜਿਨਾਂ ਰਾਜਾਂ ਵਿਚ ਚੋਣਾ ਨਹੀਂ ਹਨ, ਉਨਾਂ ਵਿੱਚ ਸਸਤੀ ਬਿਜਲੀ ਕਰਦੀ। ਕਾਂਗਰਸ ਪਾਰਟੀ ਨੇ ਰਾਜਸਥਾਨ, ਛੱਤੀਸ਼ਗੜ੍ਹ, ਮਹਾਂਰਾਸ਼ਟਰ ਵਿੱਚ ਜਿੱਥੇ ਚੋਣਾ ਨਹੀਂ ਹਨ, ਉਥੇ ਬਿਜਲੀ ਦਰਾਂ ਵਿੱਚ ਕਮੀ ਨਹੀਂ ਕੀਤੀ ਹੈ।

ਇਹ ਵੀ ਪੜ੍ਹੋ: ਭੈਣਾਂ ਨੇ ਸਿਹਰਾ ਸਜਾ ਕੇ ਸ਼ਹੀਦ ਮਨਜੀਤ ਸਿੰਘ ਨੂੰ ਦਿੱਤੀ ਅੰਤਿਮ ਵਿਦਾਈ, ਭੁੱਬਾਂ ਮਾਰ ਰੋਇਆ ਪਰਿਵਾਰ
ਚੱਢਾ ਨੇ ਕਿਹਾ ਕਿ ਉਹ ਪੰਜਾਬ ਦੀ ਜਨਤਾ ਨੂੰ ਸੁਚੇਤ ਕਰਨਾ ਚਾਹੁੰਦਾ ਹੈ ਕਿ ਕਿ ਡਰਾਮੇਬਾਜ ਚੰਨੀ ਦੇ ਧੋਖ਼ੇ ਅਤੇ ਚੋਣਾਵੀ ਸਟੰਟ ਤੋਂ ਬਚ ਕੇ ਰਹਿਣ । ਸੀ.ਐਮ ਚੰਨੀ ਅੱਖਾਂ ਵਿੱਚ ਘੱਟਾ ਪਾ ਕੇ ਸਾਢੇ ਚਾਰ ਸਾਲ ਦੀ ਭ੍ਰਿਸ਼ਟ ਸਰਕਾਰ ਦੇ ਦਾਗ ਨੂੰ ਮਿਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਵਿਧਾਇਕ ਰਾਘਵ ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਰੋਜ਼ਾਨਾ ਡਰਾਮਾ ਕਰਦੇ ਹਨ। ਉਨ੍ਹਾਂ ਨੂੰ ਕੈਮਰੇ ’ਤੇ ਚੰਗੀ ਤਸਵੀਰ ਖ਼ਿਚਵਾਉਣ ਦਾ ਸ਼ੌਂਕ ਹੈ। ਚੋਣਾ ਜਿੱਤਣ ਲਈ ਲੋਕਾਂ ਲਈ ਕੰਮ ਕਰਨਾ ਪੈਂਦਾ ਹੈ ਅਤੇ ਜ਼ਿੰਦਗੀ ਆਸਾਨ ਕਰਨੀ ਪੈਂਦੀ ਹੈ। ਮੁੱਖ ਮੰਤਰੀ ਚੰਨੀ ਕੁੱਝ ਦਿਨ ਪਹਿਲਾ ਭੰਗੜਾ ਪਾ ਰਹੇ ਸਨ। ਕਿਸੇ ਦਿਨ ਗੋਲਕੀਪਰ ਦੀ ਪੋਸ਼ਾਕ ਪਾ ਕੇ ਹਾਕੀ ਮੈਦਾਨ ਵਿੱਚ ਉਤਰ ਜਾਂਦੇ ਹਨ। ਇਸ ਤੋਂ ਇਲਾਵਾ ਚਲਦੀ ਗੱਡੀ ਰੁਕਵਾ ਕੇ ਦੋ ਆਦਮੀਆਂ ਨਾਲ ਮਿਲ ਕੇ ਫੋਟੋ ਖਿਚਵਾ ਕੇ ਸ਼ਾਦੀ ਵਿਆਹ ਦਾ ਸ਼ਗਨ ਫੜਾ ਦਿੰਦੇ ਹਨ। 
ਰਾਘਵ ਚੱਢਾ ਨੇ ਕਿਹਾ ਕਿ ਚੰਨੀ ਜਿਸ ਸੂਬੇ ਦੇ ਮੁੱਖ ਮੰਤਰੀ ਬਣੇ ਹਨ, ਉਸ ਸੂਬੇ ’ਤੇ ਤਿੰਨ ਲੱਖ ਕਰੋੜ ਦਾ ਕਰਜਾ ਹੈ। ਭਾਰਤ ਵਿੱਚੋਂ ਸਭ ਤੋਂ ਜ਼ਿਆਦਾ ਬੇਰੁਜ਼ਗਾਰੀ ਪੰਜਾਬ ਵਿੱਚ ਹੈ। ਪੰਜਾਬ ਸੂਬੇ ਦੇ ਕਿਸਾਨ ਇੱਕ ਸਾਲ ਤੋਂ ਸੜਕਾਂ ’ਤੇ ਸੰਘਰਸ਼ ਕਰ ਰਹੇ ਹਨ। ਪੰਜਾਬ ਦੀ ਕਈ ਪੀੜ੍ਹੀਆਂ ਨਸ਼ੇ ਨਾਲ ਬਰਬਾਦ ਹੋ ਚੁੱਕੀਆਂ ਹਨ। ਅਜਿਹੇ ਸੂਬੇ ਦੇ ਮੁੱਖ ਮੰਤਰੀ ਨੂੰ ਰੋਜ਼ਾਨਾ ਭੰਗੜਾ ਪਾਉਣਾ, ਫ਼ੋਟੋ ਖਿਚਵਾਉਣਾ, ਫੁਟਬਾਲ ਖੇਡਣਾ, ਗੋਲਕੀਪਰ ਦੀ ਪੋਸ਼ਾਕ ਪਾ ਕੇ ਫੋਟੋਆਂ ਖਿਚਵਾਉਣਾ ਸ਼ੋਭਾ ਨਹੀਂ ਦਿੰਦਾ। 
ਚੱਢਾ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੀਆਂ ਚੋਣਾ ਵਿੱਚ ਕਾਂਗਰਸ ਦੇ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਕੈਪਟਨ ਅਮਰਿੰਦਰ ਨੇ ਜਾਬ ਕਾਰਡ ਵੰਡ ਕੇ ਕਿਹਾ ਸੀ ਕਿ ਲੋਕਾਂ ਨੂੰ ਘਰ ਘਰ ਨੌਕਰੀਆਂ ਦੇਵਾਂਗਾ। ਪਰ ਇੱਕ ਵੀ ਨੌਕਰੀ ਨਹੀਂ ਮਿਲੀ। ਮੁਹਿੰਮ ਵਿੱਚ ਜਿਸ ਵਿਅਕਤੀ ਨਾਲ ਫੋਟੋ ਖ਼ਿਚਵਾਈ ਸੀ , ਉਸ ਨੂੰ ਵੀ ਨੌਕਰੀ ਨਹੀਂ ਮਿਲੀ । ਉਹ ਵੀ ਬੇਰੁਜ਼ਗਾਰੀ ਦਾ ਸ਼ਿਕਾਰ ਹੈ। ਡਰਾਮੇਬਾਜ ਚੰਨੀ ਦਾ ਇਹ ਵਾਅਦਾ ਕੈਪਟਨ ਅਮਰਿੰਦਰ ਦੇ ਰੋਜ਼ਗਾਰ ਦੇ ਵਾਅਦੇ ਜਿਹਾ ਹੈ। ਇਨਾਂ ਵਿੱਚ ਕੋਈ ਅੰਤਰ ਨਹੀਂ ਹੈ। 

ਇਹ ਵੀ ਪੜ੍ਹੋ: ਕਾਂਗਰਸ ਦਾ ਗੰਨਾ ਉਤਪਾਦਕ ਕਿਸਾਨਾਂ ਨਾਲ ਧੋਖ਼ਾ, ਲੱਡੂ ਖੁਆ ਕੇ ਪਿੱਠ ’ਚ ਮਾਰਿਆ ਛੁਰਾ : ਸੰਧਵਾਂ
ਵਿਧਾਇਕ ਰਾਘਵ ਚੱਢਾ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਦੀ ਪਹਿਲੀ ਗਰੰਟੀ ਪੰਜਾਬ ਦੇ ਲੋਕਾਂ ਨੂੰ ਦਿੱਤੀ ਕਿ ਕੇਜਰੀਵਾਲ ਸਰਕਾਰ ਪੰਜਾਬ ਵਿੱਚ 24 ਘੰਟੇ 7 ਦਿਨ ਬਿਜਲੀ ਦੇਵੇਗੀ। ਇਸ ਤੋਂ ਇਲਾਵਾ 300 ਯੂਨਿਟ ਤੱਕ ਮੁਫ਼ਤ ਬਿਜਲੀ ਦੇਵੇਗੀ। ਬਿਨਾਂ ਕਿਸੀ ਕਟੌਤੀ ਦੇ ਬਿਜਲੀ ਪੂਰਤੀ ਕੀਤੀ ਜਾਵੇਗੀ। ਵਾਅਦਿਆਂ ਨੂੰ ਪੂਰਾ ਕਰਨਾ ਕੇਵਲ ਇੱਕ ਆਦਮੀ ਜਾਣਦਾ ਹੈ, ਉਸ ਦਾ ਨਾਂਅ ਹੈ ਅਰਵਿੰਦ ਕੇਜਰੀਵਾਲ। ਇਹ ਦਿੱਲੀ ਵਿੱਚ ਕਰਕੇ ਦਿਖਾਇਆ ਹੈ। ਪੰਜਾਬ ਵਿੱਚ ਅੱਜ 10 ਤੋਂ 15 ਘੰਟੇ ਦੇ ਬਿਜਲੀ ਕੱਟ ਲੱਗਦੇ ਹਨ। ਇਸ ਤੋਂ ਪਹਿਲਾਂ ਦਿੱਲੀ ਵਿੱਚ ਵੀ ਲੱਗਿਆ ਕਰਦੇ ਸਨ, ਪਰ  ਦਿੱਲੀ ਵਿੱਚ ਜਦੋਂ ਤੋਂ ਅਰਵਿੰਦ ਕੇਜਰੀਵਾਲ ਦੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ਬਿਜਲੀ 24 ਘੰਟੇ ਸੱਤੇ ਦਿਨ ਆਉਂਦੀ ਹੈ। ਹੁਣ ਦਿੱਲੀ ਵਿੱਚ ਕੋਈ ਇਨਵੈਟਰ ਜਨਰੇਟਰ ਨਹੀਂ ਖ਼ਰੀਦਦਾ ਹੈ। ਬਿਜਲੀ ਪੂਰੇ ਸਮੇਂ ਆਉਂਦੀ ਹੈ ਅਤੇ ਮੁਫ਼ਤ ਮਿਲਦੀ ਹੈ।


author

Bharat Thapa

Content Editor

Related News