ਡਰੱਗ ਕੇਸ ’ਚ ਮਜੀਠੀਆ ਨੂੰ ਬਚਾਅ ਕੇ CM ਚੰਨੀ ਨੇ ਲਾਹਿਆ ਕਰਜ਼ਾ : ਭਗਵੰਤ ਮਾਨ
Tuesday, Jan 11, 2022 - 11:36 PM (IST)
ਚੰਡੀਗੜ੍ਹ (ਬਿਊਰੋ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ 'ਆਪ' ਪਹਿਲੇ ਦਿਨ ਤੋਂ ਹੀ ਕਹਿੰਦੀ ਰਹੀ ਹੈ ਕਿ ਡਰੱਗ ਮਾਮਲੇ ’ਚ ਚੰਨੀ ਸਰਕਾਰ ਅਤੇ ਬਾਦਲ ਪਰਿਵਾਰ ਰਲ-ਮਿਲ ਕੇ ਚੱਲ ਰਹੇ ਹਨ ਕਿਉਂਕਿ (ਬਾਦਲ-ਮਜੀਠੀਆ) ਨੇ ਲੁਧਿਆਣਾ ਦੇ ਸਿਟੀ ਸੈਂਟਰ ਘਪਲੇ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਨੂੰ ਬਚਾਇਆ ਸੀ ਅਤੇ ਹੁਣ ਡਰੱਗ ਕੇਸ ’ਚ ਮਜੀਠੀਆ ਨੂੰ ਬਚਾਅ ਕੇ ਮੁੱਖ ਮੰਤਰੀ ਚੰਨੀ ਨੇ ਕਰਜ਼ਾ ਲਾਹਿਆ ਹੈ। ਮਾਨ ਨੇ ਇਹ ਵੀ ਕਿਹਾ ਕਿ ਕਾਂਗਰਸ ਦੀ ਚੰਨੀ ਸਰਕਾਰ ਨੇ 111 ਦਿਨ ਮੁਹੱਲੇ ਦੀ ਕ੍ਰਿਕਟ ਟੀਮ ਦੀ ਤਰ੍ਹਾਂ ਕੰਮ ਕੀਤਾ ਹੈ ਤੇ ਸੂਬੇ ’ਚ ਸਰਕਾਰ ਜਾਂ ਕਾਨੂੰਨ ਦੀ ਕੋਈ ਵਿਵਸਥਾ ਨਹੀਂ ਸੀ, ਇਸ ਲਈ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸੱਤਾ ’ਤੇ ਬਿਠਾਉਣਾ।
ਇਹ ਵੀ ਪੜ੍ਹੋ : ਸੋਨੀਆ ਗਾਂਧੀ ਨੇ 13 ਨੂੰ ਬੁਲਾਈ CEC ਦੀ ਬੈਠਕ, ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਹੋਣ ਦੀ ਉਮੀਦ
ਮੰਗਲਵਾਰ ਨੂੰ ਚੰਡੀਗੜ੍ਹ ਵਿਖੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਹਲਕੀ ਤੇ ਡੰਗ ਟਪਾਊ ਪੁਲਸ ਕਾਰਵਾਈ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਅਤੇ (ਬਾਦਲ-ਮਜੀਠੀਆ) ਪਰਿਵਾਰ ਨਾਲ ਪਹਿਲਾਂ ਹੀ ਗੁਪਤ ਸਮਝੌਤਾ ਹੋ ਗਿਆ ਸੀ ਕਿ ਚੰਨੀ ਸਰਕਾਰ ਡਰੱਗ ਮਾਮਲੇ ’ਚ ਮਜੀਠੀਆ ਖ਼ਿਲਾਫ਼ ਹਲਕੇ ਪੱਧਰ ਦੀ ਕਾਰਵਾਈ ਕੀਤੀ ਹੈ। ਇਸੇ ਲਈ ਕਾਂਗਰਸ ਸਰਕਾਰ ਨੇ ਐੱਫ਼. ਆਈ. ਆਰ. ਦਰਜ ਹੋਣ ਦੇ 20-22 ਦਿਨ ਬੀਤਣ ਦੇ ਬਾਵਜੂਦ ਬਿਕਰਮ ਸਿੰਘ ਮਜੀਠੀਆ ਨੂੰ ਜਾਣਬੁੱਝ ਕੇ ਗ੍ਰਿਫ਼ਤਾਰ ਨਹੀਂ ਕੀਤਾ, ਜਦਕਿ ਕਾਫ਼ੀ ਦਿਨ ਪਹਿਲਾਂ ਜ਼ਿਲ੍ਹਾ ਅਦਾਲਤ ਮੋਹਾਲੀ ਵੱਲੋਂ ਮਜੀਠੀਆ ਦੀ ਜ਼ਮਾਨਤ ਅਰਜ਼ੀ ਖ਼ਾਰਿਜ ਕਰ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਅਗਾਊਂ ਜ਼ਮਾਨਤ ਮਿਲਣ ਮਗਰੋਂ ਬੋਲੇ ਬਿਕਰਮ ਮਜੀਠੀਆ, ਕਿਹਾ-ਕਾਂਗਰਸ ਸਰਕਾਰ ਨੇ ਕਾਨੂੰਨ ਛਿੱਕੇ ਟੰਗਿਆ
ਮਾਨ ਨੇ ਕਿਹਾ ਕਿ ਜਿਹੋ-ਜਿਹੀ ਕਾਨੂੰਨੀ ਕਾਰਵਾਈ ਦਾ ਹਾਲ ਮਜੀਠੀਆ ਕੇਸ ’ਚ ਹੋਇਆ ਹੈ, ਉਹੋ ਜਿਹਾ ਹਾਲ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੀ ਬਾਦਲਾਂ ਦੀਆਂ ਬੱਸਾਂ ਖ਼ਿਲਾਫ਼ ਕੀਤੀ ਕਾਨੂੰਨੀ ਕਾਰਵਾਈ ਦਾ ਹੋਇਆ ਹੈ। ਰਾਜਾ ਵੜਿੰਗ ਨੇ ਬਾਦਲਾਂ ਦੀਆਂ ਬੱਸਾਂ ਨੂੰ ਤਕੜੇ ਹੱਥ ਨਹੀਂ ਪਾਏ, ਸਗੋਂ ਲੋਕਾਂ ਦੇ ਅੱਖੀਂ ਘੱਟਾ ਪਾਉਣ ਦੀ ਕਾਰਵਾਈ ਕੀਤੀ ਸੀ। ਇਸ ਕਾਰਨ ਅੱਜ ਬਾਦਲਾਂ ਦੀਆਂ ਸਾਰੀਆਂ ਬੱਸਾਂ ਸੜਕਾਂ 'ਤੇ ਚੱਲਦੀਆਂ ਹਨ। ਉਨਾਂ ਕਿਹਾ ਕਿ 'ਆਪ' ਦੀ ਸਰਕਾਰ ਬਣਨ 'ਤੇ ਡਰੱਗ ਮਾਮਲੇ ਸਮੇਤ ਬਾਦਲਾਂ, ਕਾਂਗਰਸੀਆਂ ਅਤੇ ਮਾਫੀਆ ਦੀਆਂ ਸਾਰੀਆਂ ਫਾਈਲਾਂ ਖੋਲ੍ਹੀਆਂ ਜਾਣਗੀਆਂ ਅਤੇ ਮਿਸਾਲੀ ਕਾਰਵਾਈ ਕੀਤੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਦੇ ਹੀ ਸਾਬਕਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਪੰਜਾਬ ’ਚੋਂ ਚਾਰ ਹਫ਼ਤਿਆਂ 'ਚ ਨਸ਼ਾ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਸਾਢੇ ਚਾਰ ਸਾਲ ਸਰਕਾਰ ’ਚ ਰਹਿ ਕੈਪਟਨ ਨੇ ਮਜੀਠੀਆ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਪੱਸ਼ਟ ਹੋ ਚੁੱਕਾ ਹੈ ਕਿ ਕਾਂਗਰਸ, ਅਕਾਲੀ ਦਲ ਬਾਦਲ, ਭਾਰਤੀ ਜਨਤਾ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਸਭ ਆਪਸ ’ਚ ਰਲੇ-ਮਿਲੇ ਹੋਏ ਹਨ। ਹੁਣ ਲੋਕਾਂ ਲਈ ਬਸ ਇਹ ਸਮਝਣਾ ਬਾਕੀ ਰਹਿ ਗਿਆ ਹੈ ਕਿ ਇਹ (ਕਾਂਗਰਸ, ਬਾਦਲ, ਭਾਜਪਾ, ਕੈਪਟਨ) ਸਾਰੇ ਚੋਣਾਂ ਵੇਲੇ ਆਪਸ 'ਚ ਰਲਦੇ ਹਨ ਜਾਂ ਲੜਦੇ ਹਨ।
ਇਹ ਵੀ ਪੜ੍ਹੋ : ਡਰੱਗ ਕੇਸ ’ਚ ਮਜੀਠੀਆ ਨੂੰ ਬਚਾਅ ਕੇ CM ਚੰਨੀ ਨੇ ਲਾਹਿਆ ਕਰਜ਼ਾ : ਭਗਵੰਤ ਮਾਨ
ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਇਸ ਵਾਰ ਸੂਬੇ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ ਕਿਉਂਕਿ ਹਰ ਵਾਰ ਦੇ ਰਾਜਨੀਤਕ ਸਰਵੇ ਵਿਚ 'ਆਪ' ਦੀਆਂ ਸੀਟਾਂ ਦੀ ਗਿਣਤੀ ਵਧਦੀ ਜਾਂਦੀ ਹੈ ਅਤੇ ਲੋਕ ਆਪ ਮੁਹਾਰੇ ਰੈਲੀਆਂ ’ਚ ਸ਼ਾਮਲ ਹੋ ਰਹੇ ਹਨ, ਜੋ 'ਆਪ' ਦੀ ਸਰਕਾਰ ਬਣਨ ਦਾ ਪੱਕਾ ਸਬੂਤ ਹੈ। ਮਾਨ ਨੇ ਕਿਹਾ, ''ਆਮ ਆਦਮੀ ਪਾਰਟੀ ਕੋਲ ਪੰਜਾਬ ਦੇ ਵਿਕਾਸ ਲਈ ਰੋਡਮੈਪ ਹੈ। ਖੇਤੀ ਦੇ ਵਿਕਾਸ ਦਾ ਰੋਡਮੈਪ, ਉਦਯੋਗਾਂ ਦੇ ਵਿਕਾਸ ਦਾ ਰੋਡਮੈਪ, ਸਿੱਖਿਆ ਅਤੇ ਇਲਾਜ ਦਾ ਰੋਡਮੈਪ, ਬੇਰੁਜ਼ਗਾਰੀ ਤੇ ਗਰੀਬੀ ਖ਼ਤਮ ਕਰਨ ਦਾ ਰੋਡਮੈਪ ਪਾਰਟੀ ਵੱਲੋਂ ਤਿਆਰ ਕੀਤਾ ਗਿਆ ਹੈ। ਸੂਬੇ 'ਚ ਭਾਈਚਾਰਕ ਸਾਂਝ ਅਤੇ ਸਾਰਥਿਕ ਰਾਜਨੀਤੀ ਕਾਇਮ ਕੀਤੀ ਜਾਵੇਗੀ ਕਿਉਂਕਿ 'ਆਪ' ਧਰਮ ਨਿਰਪੱਖ ਪਾਰਟੀ ਹੈ।''
ਆਮ ਆਦਮੀ ਪਾਰਟੀ ਦੇ ਨਾਂ ਥੱਲੇ ਪ੍ਰਚਾਰੇ ਜਾ ਰਹੇ ਇਕ ਪੋਸਟਰ ਦਾ ਖੰਡਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪਾਰਟੀ ਨੇ ਅਜਿਹਾ ਕੋਈ ਪੋਸਟਰ ਜਾਰੀ ਨਹੀਂ ਕੀਤਾ, ਜਿਸ 'ਚ ਲੋਕਾਂ ਨੂੰ ਕਿਹਾ ਗਿਆ ਹੋਵੇ ਕਿ 'ਪੈਸੇ ਸਭ ਤੋਂ ਲੈ ਲਵੋ, ਵੋਟ 'ਆਪ' ਨੂੰ ਹੀ ਪਾਇਓ'। ਇਸ ਤਰ੍ਹਾਂ ਦੇ ਪੋਸਟਰ ਨਾਲ 'ਆਪ' ਦਾ ਕੋਈ ਸੰਬੰਧ ਨਹੀਂ। ਪਾਰਟੀ ਵੱਲੋਂ ਟਿਕਟਾਂ ਵੇਚਣ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਮਾਨ ਨੇ ਦਾਅਵਾ ਕੀਤਾ ਕਿ ਜੇ ਕਿਸੇ ਕੋਲ਼ ਪੈਸੇ ਲੈ ਕੇ ਟਿਕਟਾਂ ਦੇਣ ਦਾ ਸਬੂਤ ਹੈ ਤਾਂ ਉਨ੍ਹਾਂ ਨੂੰ ਦਿੱਤਾ ਜਾਵੇ ਕਿਉਂਕਿ 'ਆਪ' ਤਾਂ ਐਂਟੀ-ਕੁਰੱਪਸ਼ਨ ਮੁਹਿੰਮ ਵਿਚੋਂ ਨਿਕਲੀ ਹੋਈ ਪਾਰਟੀ ਹੈ। ਉਨ੍ਹਾਂ ਕਿਹਾ, ''ਪਾਰਟੀ ਏਜੰਡੇ 'ਤੇ ਚਲਦੀ ਹੈ। ਨੇਤਾ ਬਦਲ ਸਕਦੇ ਹਨ ਪਰ ਨੀਤੀਆਂ ਨਹੀਂ ਬਦਲਦੀਆਂ।''
ਭਗਵੰਤ ਮਾਨ ਨੇ ਨਵੇਂ ਬਣੇ ਸੰਯੁਕਤ ਸਮਾਜ ਮੋਰਚੇ ਦੀ ਕਾਇਮੀ ਲਈ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੂੰ ਸ਼ੁੱਭ ਕਾਮਨਾਵਾਂ ਦਿੰਦਿਆਂ ਕਿਹਾ ਕਿ 'ਆਪ' ਵੱਲੋਂ ਕਿਸੇ ਨੂੰ ਵੀ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਨਹੀਂ ਕੀਤੀ ਗਈ ਸੀ। ਪਾਰਟੀ ਬਹੁਤ ਜਲਦ ਹੀ ਮੁੱਖ ਮੰਤਰੀ ਦਾ ਨਾਂ ਐਲਾਨ ਕੇ ਮੁਹਿੰਮ ਵਿੱਚ ਉਤਰੇਗੀ।