CM ਭਗਵੰਤ ਮਾਨ ਦਾ ਦਬਾਅ ਆਖਿਰਕਾਰ ਆਇਆ ਕੰਮ, ਹੋਰ ਮੰਤਰੀ ਵੀ ਸਹਿਮੇ
Sunday, Jan 08, 2023 - 04:51 PM (IST)
ਜਲੰਧਰ (ਧਵਨ)- ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲਿਆਂ ’ਤੇ ਲਏ ਗਏ ਸਖ਼ਤ ਸਟੈਂਡ ਦਾ ਦਬਾਅ ਆਖਿਰਕਾਰ ਕੰਮ ਆ ਗਿਆ ਹੈ। ਉਹ ਆਪਣੇ ਭਾਸ਼ਣਾਂ ਵਿਚ ਲਗਾਤਾਰ ਕਹਿ ਰਹੇ ਸਨ ਕਿ ਉਹ ਭ੍ਰਿਸ਼ਟਾਚਾਰ ਨਾਲ ਕੋਈ ਸਮਝੌਤਾ ਨਹੀਂ ਕਰਨਗੇ। ਉਹ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਮੰਤਰੀਆਂ ’ਤੇ ਵੀ ਲਗਾਤਾਰ ਹਮਲੇ ਕਰ ਰਹੇ ਸਨ।
ਵਿਰੋਧੀ ਧਿਰ ਦੇ ਨੇਤਾ ਫ਼ੌਜਾ ਸਿੰਘ ਸਰਾਰੀ ਦੇ ਮਾਮਲੇ ਨੂੰ ਲੈ ਕੇ ਸਰਕਾਰ ’ਤੇ ਸਿਆਸੀ ਹਮਲਾ ਕਰਨ ’ਚ ਲੱਗੇ ਹੋਏ ਸਨ, ਜਿਸ ਦਾ ਜਵਾਬ ਸ਼ਨੀਵਾਰ ਮੁੱਖ ਮੰਤਰੀ ਨੇ ਸਰਾਰੀ ਦਾ ਅਸਤੀਫ਼ਾ ਦਿਵਾ ਕੇ ਦੇ ਦਿੱਤਾ ਹੈ। ਇਥੇ ਦੱਸ ਦਈਏ ਕਿ ਭਗਵੰਤ ਮਾਨ ਸਰਕਾਰ ਨੇ ਹੁਣ ਤਕ ਸਾਬਕਾ ਕਾਂਗਰਸੀ ਮੰਤਰੀਆਂ ਡਾ. ਸਾਧੂ ਸਿੰਘ ਧਰਮਸੌਤ, ਭਾਰਤ ਭੂਸ਼ਣ ਆਸ਼ੂ, ਸੁੰਦਰ ਸ਼ਿਆਮ ਅਰੋੜਾ ਅਤੇ ਕਈ ਹੋਰਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਕੇਸ ਦਰਜ ਕਰਵਾਏ ਹਨ। ਅਜਿਹੇ ’ਚ ਉਹ ਆਪਣੀ ਸਰਕਾਰ ’ਤੇ ਵਿਰੋਧੀ ਧਿਰ ਦੇ ਹਮਲੇ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਸਨ। ਕਾਂਗਰਸ ਦੇ ਕੁਝ ਸਾਬਕਾ ਚੇਅਰਮੈਨਾਂ ਨੂੰ ਵੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਸਮੁੱਚੇ ਪੰਜਾਬ ਵਿਚ ਇਹ ਪ੍ਰਭਾਵ ਚਲਾ ਗਿਆ ਹੈ ਕਿ ਉਹ ਭ੍ਰਿਸ਼ਟਾਚਾਰ ’ਤੇ ਕੋਈ ਸਮਝੌਤਾ ਕਰਨ ਵਾਲੇ ਨਹੀਂ ਹਨ। ਇਸ ਕਾਰਨ ਉਨ੍ਹਾਂ ਦੀ ਕੈਬਨਿਟ ਦੇ ਹੋਰ ਮੰਤਰੀ ਵੀ ਸਹਿਮ ਗਏ ਹਨ।
ਇਨ੍ਹਾਂ ਮੰਤਰੀਆਂ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਨੂੰ ਹੋਰ ਵੀ ਧਿਆਨ ਨਾਲ ਕੰਮ ਕਰਨਾ ਪਵੇਗਾ। ਪਤਾ ਨਹੀਂ ਕਦੋਂ ਕਿਸ ਦਾ ਨੰਬਰ ਲੱਗ ਜਾਵੇ। ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਕਿਸੇ ਨੂੰ ਵੀ ਸਰਪ੍ਰਸਤੀ ਦੇਣ ਦੇ ਹੱਕ ਵਿਚ ਨਹੀਂ ਹਨ। ਨਹੀਂ ਤਾਂ ਪਿਛਲੀਆਂ ਸਰਕਾਰਾਂ ਦੌਰਾਨ ਤਾਂ ਮੁੱਖ ਮੰਤਰੀ ਆਪਣੇ ਮੰਤਰੀਆਂ ਨੂੰ ਕਲੀਨ ਚਿੱਟ ਦੇ ਦਿੰਦੇ ਸਨ।
ਇਹ ਵੀ ਪੜ੍ਹੋ : ਅਹਿਮ ਖ਼ਬਰ: 17 ਜਨਵਰੀ ਨੂੰ ਜਲੰਧਰ ਤੋਂ ਨਿਕਲੇਗੀ 'ਭਾਰਤ ਜੋੜੋ ਯਾਤਰਾ', ਇਹ ਰਸਤੇ ਰਹਿਣਗੇ ਬੰਦ
ਹੁਣ ਸਰਕਾਰੀ ਹਲਕਿਆਂ ਵਿਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਭਗਵੰਤ ਮਾਨ ਆਉਣ ਵਾਲੇ ਦਿਨਾਂ ਵਿਚ ਭ੍ਰਿਸ਼ਟਾਚਾਰ ਨੂੰ ਵੱਡਾ ਮੁੱਦਾ ਬਣਾ ਸਕਦੇ ਹਨ। ਹੁਣ ਉਹ ਆਪਣੇ ਭਾਸ਼ਣਾਂ ਵਿਚ ਇਹੀ ਕਹਿਣਗੇ ਕਿ ਨਾ ਤਾਂ ਉਨ੍ਹਾਂ ਨੇ ਆਪਣਿਆਂ ਨੂੰ ਬਖ਼ਸ਼ਿਆ ਹੈ ਅਤੇ ਨਾ ਹੀ ਵਿਰੋਧੀਆਂ ਨੂੰ।
ਮੁੱਖ ਮੰਤਰੀ ਦੇ ਕਰੀਬੀਆਂ ਨੇ ਦੱਸਿਆ ਕਿ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਦੇ ਮਾਮਲਿਆਂ ’ਤੇ ਵਿਜੀਲੈਂਸ ਬਿਊਰੋ ਨੂੰ ਫ੍ਰੀ ਹੈਂਡ ਦਿੱਤਾ ਹੋਇਆ ਹੈ। ਇਸ ਲਈ ਵਿਜੀਲੈਂਸ ਬਿਊਰੋ ਅਗਲੇ ਕੁਝ ਸਮੇਂ ਦੌਰਾਨ ਭ੍ਰਿਸ਼ਟਾਚਾਰ ਦੇ ਮਾਮਲਿਆਂ ਸਬੰਧੀ ਕੁਝ ਹੋਰ ਸਾਬਕਾ ਮੰਤਰੀਆਂ ਵਿਰੁੱਧ ਵੀ ਵੱਡੀ ਕਾਰਵਾਈ ਕਰ ਸਕਦਾ ਹੈ। ਭਗਵੰਤ ਮਾਨ ਵਾਰ-ਵਾਰ ਕਹਿ ਰਹੇ ਹਨ ਕਿ ਕੋਈ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਉਸ ਨੂੰ ਭ੍ਰਿਸ਼ਟਾਚਾਰ ਦੇ ਮਾਮਲਿਆਂ ’ਚ ਕਾਰਵਾਈ ਦਾ ਸਾਹਮਣਾ ਕਰਨਾ ਹੀ ਪਵੇਗਾ। ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਕਈ ਸਾਬਕਾ ਚੇਅਰਮੈਨ ਵੀ ਇਸ ਦੀ ਲਪੇਟ ਵਿਚ ਆ ਸਕਦੇ ਹਨ।
ਕਾਂਗਰਸ ਦੇ ਸਾਬਕਾ ਮੰਤਰੀਆਂ ’ਚ ਵੀ ਭਾਰੀ ਹਲਚਲ
ਭਗਵੰਤ ਮਾਨ ਸਰਕਾਰ ਵੱਲੋਂ ਇਕ ਵਾਰ ਫਿਰ ਭ੍ਰਿਸ਼ਟਾਚਾਰ ਵਿਰੁੱਧ ਜੰਗ ਸ਼ੁਰੂ ਕੀਤੇ ਜਾਣ ਤੋਂ ਬਾਅਦ ਕਾਂਗਰਸ ਦੇ ਸਾਬਕਾ ਮੰਤਰੀਆਂ ਵਿਚ ਵੀ ਭਾਰੀ ਹਲਚਲ ਵੇਖਣ ਨੂੰ ਮਿਲ ਰਹੀ ਹੈ। ਉਹ ਵੀ ਕਾਫ਼ੀ ਸਹਿਮੇ ਹੋਏ ਨਜ਼ਰ ਆ ਰਹੇ ਹਨ ਕਿਉਂਕਿ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲਿਆਂ ’ਚ ਵਿਜੀਲੈਂਸ ਵੱਲੋਂ 2-3 ਸਾਬਕਾ ਮੰਤਰੀਆਂ ਖ਼ਿਲਾਫ਼ ਜਾਂਚ ਦਾ ਕੰਮ ਚੱਲ ਰਿਹਾ ਹੈ। ਸਾਬਕਾ ਮੰਤਰੀ ਸੁੰਦਰ ਸ਼ਿਆਮ ਅਰੋੜਾ ਖ਼ਿਲਾਫ਼ ਤਾਂ 2 ਕੇਸ ਦਰਜ ਹੋ ਚੁੱਕੇ ਹਨ। ਉਨ੍ਹਾਂ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਇਕ ਹੋਰ ਕੇਸ ਵੀ ਚੱਲ ਰਿਹਾ ਹੈ। ਕੁਲ ਮਿਲਾ ਕੇ ਕਾਂਗਰਸ ਦੇ ਕਈ ਸਾਬਕਾ ਮੰਤਰੀ ਵੀ ਹੁਣ ਲਪੇਟ ’ਚ ਜਾਣਗੇ।
ਇਹ ਵੀ ਪੜ੍ਹੋ : ਪੰਜਾਬ 'ਚ ਸੀਤ ਲਹਿਰ ਨੇ ਠਾਰੇ ਲੋਕ, ਇਸ ਦਿਨ ਨੂੰ ਨਿਕਲੇਗੀ ਧੁੱਪ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਅਪਡੇਟ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ