CM ਭਗਵੰਤ ਮਾਨ ਨੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤਯਾਬੀ ਲਈ ਕੀਤੀ ਅਰਦਾਸ
Saturday, Sep 27, 2025 - 07:58 PM (IST)

ਐਂਟਰਟੇਨਮੈਂਟ ਡੈਸਕ- ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਭਿਆਨਕ ਐਕਸੀਡੈਂਟ ਹੋ ਗਿਆ ਹੈ। ਗਾਇਕ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ। ਨਾਜ਼ੁਕ ਹਾਲਤ 'ਚ ਉਨ੍ਹਾਂ ਫੋਰਟਿਸ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਸ ਖਬਰ ਨਾਲ ਪੰਜਾਬੀ ਇੰਡਸਟਰੀ 'ਚ ਚਿੰਤਾ ਦੀ ਲਹਿਰ ਦੌੜ ਗਈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਰਮਾਤਮਾ ਅੱਗੇ ਗਾਇਕ ਦੀ ਸਿਹਤਯਾਬੀ ਲਈ ਅਰਦਾਸ ਕੀਤੀ ਹੈ। ਸੀ.ਐੱਮ. ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਦਿਆਂ ਲਿਖਿਆ ਕਿ ਹਿਮਾਚਲ ਪ੍ਰਦੇਸ਼ ਦੇ ਬੱਦੀ ਨੇੜੇ ਵਾਪਰੇ ਹਾਦਸੇ ਦੌਰਾਨ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਗੰਭੀਰ ਸੱਟਾਂ ਲੱਗਣ ਦੀ ਖ਼ਬਰ ਮਿਲੀ ਹੈ। ਜਿਸ ਦੌਰਾਨ ਉਹਨਾਂ ਦੀ ਹਾਲਤ ਕਾਫ਼ੀ ਨਾਜ਼ੁਕ ਦੱਸੀ ਜਾ ਰਹੀ ਹੈ। ਮੈਂ ਪਰਮਾਤਮਾ ਅੱਗੇ ਉਹਨਾਂ ਦੀ ਸਿਹਤਯਾਬੀ ਲਈ ਅਰਦਾਸ ਕਰਦਾ ਹਾਂ। ਦੁਆ ਹੈ ਕਿ ਉਹ ਜਲਦ ਠੀਕ ਹੋ ਕੇ ਮੁੜ ਆਪਣੇ ਪ੍ਰਸ਼ੰਸਕਾਂ ਅਤੇ ਪਰਿਵਾਰਕ ਮੈਂਬਰਾਂ ਵਿਚਕਾਰ ਪਹੁੰਚਣ।
ਜ਼ਿਕਰਯੋਗ ਹੈ ਕਿ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਹਿਮਾਚਲ ਪ੍ਰਦੇਸ਼ ਦੇ ਬੱਦੀ ਨੇੜੇ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ। ਹਾਦਸੇ ਸਮੇਂ ਗਾਇਕ ਆਪਣੇ ਮੋਟਰਸਾਈਕਲ 'ਤੇ ਸਵਾਰ ਸਨ। ਅੱਜ ਦੁਪਹਿਰ 1.45 ਮਿੰਟ ਉਤੇ ਗੰਭੀਰ ਹਾਲਤ ਵਿੱਚ ਰਾਜਵੀਰ ਜਵੰਦਾ ਨੂੰ ਹਸਪਤਾਲ ਵਿੱਚ ਲਿਆਂਦਾ ਗਿਆ। ਰਾਜਵੀਰ ਜਵੰਦਾ ਦੇ ਸਿਰ ਤੇ ਰੀੜ ਦੀ ਹੱਡੀ ’ਚ ਸੱਟਾਂ ਲੱਗੀਆਂ ਹਨ। ਹਸਪਤਾਲ ਵਿਚ ਲਿਆਉਣ ਤੋਂ ਪਹਿਲਾਂ ਗਾਇਕ ਨੂੰ ਦਿਲਾ ਦਾ ਦੌਰਾ ਵੀ ਪਿਆ ਹੈ।