ਸੀਐੱਮ ਭਗਵੰਤ ਮਾਨ ਨੇ ਪੀਐੱਮ ਮੋਦੀ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ
Saturday, May 24, 2025 - 05:17 PM (IST)

ਨੈਸ਼ਨਲ ਡੈਸਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਨਵੀਂ ਦਿੱਲੀ 'ਚ ਨੀਤੀ ਆਯੋਗ ਦੀ 10ਵੀਂ ਗਵਰਨਿੰਗ ਕੌਂਸਲ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮਹੱਤਵਪੂਰਨ ਮੀਟਿੰਗ ਦਾ ਵਿਸ਼ਾ ਸੀ - 'ਵਿਕਸਤ ਰਾਜਾਂ ਲਈ ਵਿਕਸਤ ਭਾਰਤ @2047'। ਮੀਟਿੰਗ ਚ 2047 ਤੱਕ ਭਾਰਤ ਨੂੰ ਇੱਕ ਵਿਕਸਤ ਰਾਸ਼ਟਰ ਬਣਾਉਣ ਦੇ ਰੋਡਮੈਪ 'ਤੇ ਡੂੰਘਾਈ ਨਾਲ ਚਰਚਾ ਹੋਈ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਸਾਰੇ ਰਾਜਾਂ ਨੂੰ 'ਟੀਮ ਇੰਡੀਆ' ਦੀ ਭਾਵਨਾ ਨਾਲ ਇੱਕਜੁੱਟ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ।
ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਪੰਜਾਬ ਦਾ ਪੱਖ ਬੇਹੱਦ ਮਜ਼ਬੂਤੀ ਨਾਲ ਰੱਖਿਆ। ਇਸ ਮੌਕੇ ਸੀਐੱਮ ਭਗਵੰਤ ਮਾਨ ਨੇ BBMB ਜ਼ਰੀਏ ਪਾਣੀ ਛੱਡਣ ਦੀ ਕੋਸ਼ਿਸ਼, ਡੈਮ ‘ਤੇ CISF ਦੀ ਤਾਇਨਾਤੀ ਤੇ SYL ਦੇ ਹੱਲ YSL ‘ਤੇ ਪੰਜਾਬ ਦਾ ਸਟੈਂਡ ਸਪੱਸ਼ਟ ਕੀਤਾ ਤੇ ਪੰਜਾਬ ਨਾਲ ਹੋ ਰਹੇ ਧੱਕੇ ਬਾਰੇ ਵਿਰੋਧ ਦਰਜ ਕਰਵਾਇਆ। ਹਰੀਕੇ ਹੈੱਡਵਰਕ ਦੀ ਸਫ਼ਾਈ ਲਈ ₹600 ਕਰੋੜ ਦੀ ਵਿਸ਼ੇਸ਼ ਗ੍ਰਾਂਟ ਦੀ ਮੰਗ ਵੀ ਕੀਤੀ ਗਈ। ਭਾਵੇਂ ਦੇਸ਼ ਭਰ ਦੇ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਮੀਟਿੰਗ ਵਿੱਚ ਸ਼ਿਰਕਤ ਕੀਤੀ ਪਰ ਦੱਖਣੀ ਭਾਰਤ ਦੇ ਤਿੰਨ ਵੱਡੇ ਰਾਜਾਂ ਦੇ ਮੁੱਖ ਮੰਤਰੀ ਮੀਟਿੰਗ 'ਚ ਮੌਜੂਦ ਨਹੀਂ ਸਨ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਮੀਟਿੰਗ ਵਿੱਚ ਸਪੱਸ਼ਟ ਕੀਤਾ ਕਿ ਜੇਕਰ ਕੇਂਦਰ ਸਰਕਾਰ ਅਤੇ ਸਾਰੀਆਂ ਰਾਜ ਸਰਕਾਰਾਂ ਇੱਕਜੁੱਟ ਹੋ ਕੇ ਕੰਮ ਕਰਨ ਤਾਂ ਕੋਈ ਵੀ ਟੀਚਾ ਮੁਸ਼ਕਲ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਟੀਮ ਇੰਡੀਆ ਵਾਂਗ ਇਕੱਠੇ ਕੰਮ ਕਰੀਏ ਤਾਂ 2047 ਤੱਕ ਵਿਕਸਤ ਭਾਰਤ ਦਾ ਸੁਪਨਾ ਜ਼ਰੂਰ ਸਾਕਾਰ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ "ਭਾਰਤ ਉਦੋਂ ਹੀ ਵਿਕਾਸ ਕਰੇਗਾ ਜਦੋਂ ਹਰ ਰਾਜ ਵਿਕਸਤ ਹੋਵੇਗਾ। ਇਹ 140 ਕਰੋੜ ਨਾਗਰਿਕਾਂ ਦੀ ਇੱਛਾ ਹੈ।" ਉਨ੍ਹਾਂ ਇਹ ਵੀ ਕਿਹਾ ਕਿ ਵਿਕਸਤ ਭਾਰਤ ਹਰ ਨਾਗਰਿਕ ਦਾ ਸਾਂਝਾ ਸੁਪਨਾ ਹੈ ਜਿਸਨੂੰ ਅਸੀਂ ਸਾਰੇ ਮਿਲ ਕੇ ਸਾਕਾਰ ਕਰ ਸਕਦੇ ਹਾਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8