PM ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਕੀਤੀ ਗੱਲਬਾਤ, ਅਹਿਮ ਮੁੱਦਿਆਂ ''ਤੇ ਕੀਤੀ ਚਰਚਾ
Thursday, Mar 19, 2026 - 04:59 PM (IST)
ਨਵੀਂ ਦਿੱਲੀ- ਇਰਾਨ, ਇਜ਼ਰਾਈਲ ਅਤੇ ਅਮਰੀਕਾ ਵਿਚਕਾਰ ਤੇਜ਼ ਹੁੰਦੀ ਜਾ ਰਹੀ ਜੰਗ ਵਿਚਾਲੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਫ਼ੋਨ 'ਤੇ ਵਿਸਥਾਰਪੂਰਵਕ ਗੱਲਬਾਤ ਕੀਤੀ। ਇਸ ਗੱਲਬਾਤ ਦੌਰਾਨ ਦੋਵਾਂ ਆਗੂਆਂ ਨੇ ਪੱਛਮੀ ਏਸ਼ੀਆ 'ਚ ਬਣੀ ਹੋਈ ਨਾਜ਼ੁਕ ਸਥਿਤੀ 'ਤੇ ਡੂੰਘੀ ਚਿੰਤਾ ਪ੍ਰਗਟਾਈ ਅਤੇ ਖੇਤਰ ਵਿੱਚ ਤਣਾਅ ਘਟਾਉਣ ਲਈ ਤੁਰੰਤ ਕਦਮ ਚੁੱਕਣ ਦੀ ਲੋੜ 'ਤੇ ਸਹਿਮਤੀ ਜਤਾਈ। ਪ੍ਰਧਾਨ ਮੰਤਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਿਸੇ ਵੀ ਵਿਵਾਦ ਦਾ ਹੱਲ ਜੰਗ ਨਾਲ ਨਹੀਂ, ਸਗੋਂ ਗੱਲਬਾਤ ਅਤੇ ਕੂਟਨੀਤੀ ਰਾਹੀਂ ਹੀ ਸੰਭਵ ਹੈ। ਦੋਵਾਂ ਨੇਤਾਵਾਂ ਨੇ ਸਹਿਮਤੀ ਜਤਾਈ ਕਿ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਬਹਾਲ ਕਰਨ ਲਈ ਭਾਰਤ ਅਤੇ ਫਰਾਂਸ ਆਪਸੀ ਤਾਲਮੇਲ ਜਾਰੀ ਰੱਖਣਗੇ।
PM ਮੋਦੀ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ, "ਮੇਰੀ ਪਿਆਰੇ ਦੋਸਤ ਰਾਸ਼ਟਰਪਤੀ ਮੈਕਰੋਂ ਨਾਲ ਗੱਲਬਾਤ ਹੋਈ। ਅਸੀਂ ਪੱਛਮੀ ਏਸ਼ੀਆ ਦੇ ਹਾਲਾਤ ਅਤੇ ਸ਼ਾਂਤੀ ਦੀ ਮੁੜ ਬਹਾਲੀ ਲਈ ਰਣਨੀਤਕ ਤਾਲਮੇਲ ਵਧਾਉਣ 'ਤੇ ਚਰਚਾ ਕੀਤੀ ਤੇ ਅਸੀਂ ਆਪਣੇ ਸਹਿਯੋਗ ਨੂੰ ਅੱਗੇ ਹੋਰ ਜਾਰੀ ਰੱਖਣ ਅਤੇ ਇਲਾਕੇ 'ਚ ਸ਼ਾਂਤੀ ਤੇ ਸਥਿਰਤਾ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਰੱਖਾਂਗੇ।"

ਇਹ ਵੀ ਪੜ੍ਹੋ- ਸਮੁੰਦਰ ਵਿਚਾਲੇ ਪਲਟ ਗਈ Game ! ਚੀਨ ਨੂੰ ਜਾਂਦੇ ਤੇਲ ਨਾਲ ਲੱਦੇ ਟੈਂਕਰਾਂ ਨੇ ਭਾਰਤ ਵੱਲ ਮਾਰਿਆ U-Turn
ਇਹ ਗੱਲਬਾਤ ਅਜਿਹੇ ਸਮੇਂ ਹੋਈ ਹੈ ਜਦੋਂ ਇਜ਼ਰਾਈਲ ਨੇ ਇਰਾਨ ਦੇ ਕਈ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ ਹਨ ਅਤੇ ਇਰਾਨ ਨੇ ਜਵਾਬ ਵਿੱਚ ਖਾੜੀ ਖੇਤਰ ਵਿੱਚ ਮਿਜ਼ਾਈਲਾਂ ਦਾਗੀਆਂ ਹਨ। ਬੇਸ਼ੱਕ ਫਰਾਂਸ ਨੇ ਇਸ ਜੰਗ ਤੋਂ ਆਪਣੇ ਪੈਰ ਪਿੱਛੇ ਖਿੱਚ ਲਏ ਹਨ, ਪਰ ਹਾਲੇ ਵੀ ਇਲਾਕੇ 'ਚ ਹਮਲੇ ਲਗਾਤਾਰ ਜਾਰੀ ਹਨ। ਭਾਰਤ ਲਈ ਇਹ ਸਥਿਤੀ ਇਸ ਲਈ ਵੀ ਚਿੰਤਾਜਨਕ ਹੈ ਕਿਉਂਕਿ ਲੱਖਾਂ ਭਾਰਤੀ ਮੱਧ-ਪੂਰਬੀ ਦੇਸ਼ਾਂ ਵਿੱਚ ਕੰਮ ਕਰ ਰਹੇ ਹਨ, ਜਿਨ੍ਹਾਂ ਦੀ ਸੁਰੱਖਿਆ ਭਾਰਤ ਦੀ ਪਹਿਲੀ ਤਰਜੀਹ ਹੈ। ਇਸ ਤੋਂ ਇਲਾਵਾ ਸਮੁੰਦਰੀ ਰਸਤਿਆਂ ਵਿੱਚ ਰੁਕਾਵਟ ਕਾਰਨ ਭਾਰਤ ਨੂੰ ਤੇਲ ਅਤੇ ਗੈਸ ਦੀ ਸਪਲਾਈ ਵਿੱਚ ਦਿੱਕਤ ਆ ਸਕਦੀ ਹੈ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵਿਸ਼ਵ ਨੇਤਾਵਾਂ ਦੇ ਸੰਪਰਕ ਵਿੱਚ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਖਾੜੀ ਦੇਸ਼ਾਂ ਦੇ ਆਗੂਆਂ ਨਾਲ ਵੀ ਗੱਲਬਾਤ ਕੀਤੀ ਸੀ। ਫਰਾਂਸ ਨਾਲ ਇਹ ਗੱਲਬਾਤ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਫਰਾਂਸ ਯੂਰਪੀਅਨ ਯੂਨੀਅਨ ਵਿੱਚ ਇੱਕ ਮਜ਼ਬੂਤ ਆਵਾਜ਼ ਹੈ ਅਤੇ ਭਾਰਤ ਦਾ ਇੱਕ ਭਰੋਸੇਮੰਦ ਰਣਨੀਤਕ ਭਾਈਵਾਲ ਹੈ। ਪ੍ਰਧਾਨ ਮੰਤਰੀ ਮੋਦੀ ਦੀ ਇਹ ਪਹਿਲਕਦਮੀ ਦਰਸਾਉਂਦੀ ਹੈ ਕਿ ਭਾਰਤ ਇਸ ਸੰਕਟ ਵਿੱਚ ਇੱਕ 'ਸ਼ਾਂਤੀ ਦੂਤ' ਵਜੋਂ ਆਪਣੀ ਭੂਮਿਕਾ ਨਿਭਾਉਣ ਲਈ ਪੂਰੀ ਤਰ੍ਹਾਂ ਸਰਗਰਮ ਹੈ।
ਇਹ ਵੀ ਪੜ੍ਹੋ- 39,000,000,000,000 ਡਾਲਰ ਦਾ ਕਰਜਾਈ ਹੋਇਆ ਅਮਰੀਕਾ ! ਇਰਾਨ ਜੰਗ ਨੇ ਵਧਾ'ਤੀ ਟਰੰਪ ਦੀ ਟੈਨਸ਼ਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
