CM ਮਾਨ ਨੇ ਬਾਦਲਾਂ 'ਤੇ ਬੋਲਿਆ ਹਮਲਾ, ਕਿਹਾ-ਕੁਰਬਾਨੀਆਂ ਲਈ ਪ੍ਰੇਰਿਤ ਕਰਨ ਵਾਲੇ ਹੁਣ ਕਚਹਿਰੀ ਜਾਣ ਤੋਂ ਡਰਦੇ

Friday, Mar 17, 2023 - 06:29 PM (IST)

CM ਮਾਨ ਨੇ ਬਾਦਲਾਂ 'ਤੇ ਬੋਲਿਆ ਹਮਲਾ, ਕਿਹਾ-ਕੁਰਬਾਨੀਆਂ ਲਈ ਪ੍ਰੇਰਿਤ ਕਰਨ ਵਾਲੇ ਹੁਣ ਕਚਹਿਰੀ ਜਾਣ ਤੋਂ ਡਰਦੇ

ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪਣੇ ਵਿਧਾਨ ਸਭਾ ਹਲਕੇ ਧੂਰੀ ਦੇ ਪਿੰਡ ਕਾਤਰੋਂ ਵਿਖੇ ਪੁੱਜੇ, ਜਿੱਥੇ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ 'ਆਪ' ਪੰਜਾਬ ਦੇ ਆਮ ਲੋਕਾਂ ਦੀ, ਗਰੀਬਾਂ, ਕਿਸਾਨਾਂ, ਵਪਾਰੀਆਂ ਤੇ ਪੰਜਾਬ ਦੇ ਹਰ ਵਰਗ ਦੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਅਸੀਂ ਸੱਤਾ ਸੰਭਾਲਣ ਸਾਰ ਹੀ ਪੰਜਾਬ ’ਚ ਫੈਲੇ ਭ੍ਰਿਸ਼ਟਾਚਾਰ ਨੂੰ ਨਕੇਲ ਪਾਈ ਤੇ ਅੱਜ ਸੂਬੇ ਦੇ ਸਰਕਾਰੀ ਦਫ਼ਤਰਾਂ ਅੰਦਰ ਆਮ ਲੋਕਾਂ ਦੇ ਕੰਮ ਬਿਨਾਂ ਕਿਸੇ ਰਿਸ਼ਵਤ ਤੋਂ ਹੋ ਰਹੇ ਹਨ। ਉਨ੍ਹਾਂ ਬਾਦਲ ਪਰਿਵਾਰ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਬਾਦਲ ਪਰਿਵਾਰ ਆਮ ਲੋਕਾਂ ਨੂੰ ਕੁਰਬਾਨੀਆਂ ਲਈ ਪ੍ਰੇਰਿਤ ਕਰਦਾ ਰਿਹਾ ਤੇ ਖ਼ੁਦ ਹੁਣ ਫਰੀਦਕੋਟ ਅਦਾਲਤ ਤੱਕ ਜਾਣ ਨੂੰ ਤਿਆਰ ਨਹੀਂ ਹਨ।  ਉਨ੍ਹਾਂ ਕਿਹਾ ਅਸੀਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸ਼ਜਾ ਦਿਵਾਉਣ ਲਈ ਐੱਸ. ਆਈ. ਟੀ. ਨੂੰ ਪੂਰੀ ਖੁੱਲ੍ਹ ਦਿੱਤਾ ਤੇ ਐੱਸ. ਆਈ. ਟੀ. ਬਿਨਾਂ ਕਿਸੇ ਦਬਾਅ ਤੋਂ ਆਪਣਾ ਕੰਮ ਕਰ ਰਹੀ ਹੈ। ਮਾਨ ਨੇ ਆਖਿਆ ਕਿ ਪਿਛਲੀਆਂ ਸਰਕਾਰਾਂ ਨੇ ਨਾ ਕੋਈ ਕਾਲਜ, ਨਾ ਯੂਨੀਵਰਸਿਟੀ ਤੇ ਨਾ ਕੋਈ ਸੜਕ ਬਣਾਈ ਫਿਰ ਪਤਾ ਨਹੀਂ ਖ਼ਜ਼ਾਨਾ ਕਿਵੇਂ ਖਾਲੀ ਹੋ ਜਾਂਦੀ ਸੀ। ਉਨ੍ਹਾਂ ਕਿਹਾ ਕਿ ਅਸੀਂ ਬਜਟ ’ਚ ਕੋਈ ਵੀ ਨਵਾਂ ਟੈਕਸ ਨਹੀਂ ਲਗਾਇਆ ਤੇ ਲੋਕਾਂ ਨੂੰ ਸਹੂਲਤਾਂ ਵੀ ਦਿੱਤੀਆਂ ਤੇ ਬਜਟ ’ਚ ਵਾਧਾ ਵੀ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨੀਅਤ ਸਾਫ਼ ਤੇ ਅਸੀਂ ਲੋਕਾਂ ਦੇ ਯਕੀਨ ’ਤੇ ਪੂਰੇ ਉਤਰਾਂਗੇ। ਮਾਨ ਨੇ ਸਰਕਾਰ ਦੀਆਂ ਇਕ ਸਾਲ ਦੀਆਂ ਪ੍ਰਾਪਤੀਆਂ ਗਿਣਵਾਉਂਦਿਆਂ ਕਿਹਾ ਕਿ ਸਰਕਾਰ ਨੇ 1 ਸਾਲ ’ਚ 26,797 ਨੌਕਰੀਆਂ ਦਿੱਤੀਆਂ ਤੇ ਸਾਰੀਆਂ ਭਰਤੀਆਂ ਬਿਨਾਂ ਭ੍ਰਿਸ਼ਟਾਚਾਰ ਤੇ ਸਿਫ਼ਾਇਸ਼ ਨਾਲ ਕੀਤੀਆਂ ਗਈਆਂ। ਸਰਕਾਰ ਨੇ ਮੈਰਿਟ ’ਤੇ ਆਧਾਰ ’ਤੇ ਨੌਕਰੀਆਂ ਦਿੱਤੀਆਂ। 

ਇਹ ਵੀ ਪੜ੍ਹੋ- ਉਦੈਵੀਰ ਕਤਲ ਕਾਂਡ 'ਚ ਹੋਇਆ ਵੱਡਾ ਖ਼ੁਲਾਸਾ, ਸਾਹਮਣੇ ਆਇਆ ਹੈਰਾਨ ਕਰ ਦੇਣ ਵਾਲਾ ਸੱਚ

ਉਨ੍ਹਾਂ ਅੱਗੇ ਕਿਹਾ ਕਿ ਵਿਧਾਨ ਸਭਾ ਚੋਣਾਂ ’ਚ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਦਿੱਤੀ ਸਭ ਤੋਂ ਵੱਡੀ ਗਾਰੰਟੀ 600 ਯੂਨਿਟ ਮੁਫ਼ਤ ਬਿਜਲੀ ਵਾਲੀ ਗਾਰੰਟੀ ਵੀ ਪਹਿਲੇ ਸਾਲ ’ਚ ਹੀ ਪੂਰੀ ਕਰ ਦਿੱਤੀ ਤੇ ਅੱਜ ਆਮ ਲੋਕਾਂ ਦੇ ਬਿਜਲੀ ਦੇ ਬਿੱਲ ਜੀਰੋ ਆਉਣ ਲੱਗ ਪਏ ਹਨ। ਸਰਕਾਰ 15 ਅਗਸਤ ਨੂੰ 100 ਮੁਹੱਲੇ ਕਲੀਨਿਕ ਖੋਲ੍ਹੇ ਫਿਰ 26 ਜਨਵਰੀ ਤੱਕ 500 ਕਰ ਦਿੱਤੇ ਉਨ੍ਹਾਂ ਕਿਹਾ ਕਿ ਲੰਘੇ 5 ਮਹੀਨਿਆਂ ’ਚ ਲਗਭਗ 11 ਲੱਖ ਲੋਕਾਂ ਦਾ ਮੁਫ਼ਤ ਇਲਾਜ ਅਤੇ 2 ਲੱਖ ਦੇ ਨੇੜੇ ਮੁਫ਼ਤ ਟੈਸਟ ਆਮ ਆਦਮੀ ਮੁਹੱਲਾ ਕਲੀਨਿਕਾਂ ’ਚ ਹੋਇਆ। ਇਸ ਤੋਂ ਇਲਾਵਾ ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ 5-6 ਮਹੀਨਿਆਂ ’ਚ ਲਗਭਗ 50 ਲੱਖ ਲੋਕਾਂ ਦਾ ਇਲਾਜ ਇਨ੍ਹਾਂ ਮੁਹੱਲਾ ਕਲੀਨਿਕਾਂ ’ਚ ਹੋ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਮੁਹੱਲਾ ਕਲੀਨਿਕ ਨਾਲ ਪਤਾ ਲੱਗ ਸਕੇ ਸੂਬੇ ਦੇ ਕਿਹੜੇ ਹਿੱਸੇ ਕਿਹੜੀ ਬਿਮਾਰੀ ਜ਼ਿਆਦਾ ਫੈਲ ਰਹੀ ਹੈ ਤੇ ਉਸ ਤੋਂ ਬਾਅਦ ਉੱਥੇ ਉਸ ਬਿਮਾਰੀ ਦੇ ਮਾਹਿਰ ਡਾਕਟਰ ਵੀ ਤਾਇਨਾਤ ਕੀਤੇ ਜਾ ਸਕਣਗੇ ਤੇ ਹਸਪਤਾਲ ਵੀ ਖੋਲ੍ਹੇ ਜਾ ਸਕਣਗੇ। ਪਿਛਲੀਆਂ ਸਰਕਾਰਾਂ ਵੇਲੇ ਪੰਜਾਬ ’ਚ ਮੈਡੀਕਲ ਸਹੂਲਤਾਂ ਦਾ ਬੁਰਾ ਹਾਲ ਸੀ। ਹਸਪਤਾਲਾਂ ਦੀਆਂ ਇਮਾਰਤਾਂ ਤੇ ਮਸ਼ੀਨਾਂ ਦੀ ਹਾਲਤ ਖਸਤਾ ਸੀ ਪਰ ਹੁਣ ਸਰਕਾਰ ਸੂਬੇ ’ਚ ਸਿਹਤ ਸਹੂਲਤਾਂ ਦਾ ਨਵੀਂਨਕਰਨ ਕਰ ਰਹੀ ਹੈ ਤੇ ਸੂਬੇ 16 ਨਵੇਂ ਮੈਡੀਕਲ ਕਾਲਜ ਖੋਲ੍ਹ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੈਡੀਕਲ ਕਾਲਜਾਂ ਦੇ ਖੁੱਲ੍ਹਣ ਤੋਂ ਬਾਅਦ ਸੂਬੇ ਦੇ ਨੌਜਵਾਨਾਂ ਨੂੰ ਡਾਕਟਰੀ ਦੀ ਪੜ੍ਹਾਈ ਲਈ ਯੂਕਰੇਨ ਜਾਂ ਹੋਰ ਬਾਹਰਲੇ ਮੁਲਕਾਂ ਦਾ ਰੁੱਖ ਨਹੀਂ ਕਰਨਾ ਪਵੇਗਾ। 

ਇਹ ਵੀ ਪੜ੍ਹੋ- ਮਾਨਸਾ ’ਚ 6 ਸਾਲਾ ਮਾਸੂਮ ਉਦੈਵੀਰ ਦੇ ਕਤਲ ਕਾਂਡ ’ਚ ਨਵਾਂ ਮੋੜ, ਸਾਹਮਣੇ ਆਈ ਵੀਡੀਓ

ਨਾਲ ਹੀ ਉਨ੍ਹਾਂ ਆਖਿਆ ਕਿ ਸਰਕਾਰ ਵੱਲੋਂ ਸਕੂਲਾਂ ਦਾ ਵੀ ਕਾਇਆ ਕਲਪ ਕੀਤਾ ਜਾ ਰਿਹਾ ਹੈ ਤੇ ਸਰਕਾਰ ਨੇ ਵੱਡਾ ਫ਼ੈਸਲਾ ਕੀਤਾ ਹੈ ਕਿ ਹੈ ਅਧਿਆਪਕਾਂ ਤੋਂ ਸਿਰਫ਼ ਪੜ੍ਹਾਈ ਦਾ ਹੀ ਕੰਮ ਲਾਇਆ ਜਾਵੇਗਾ ਤੇ  ਉਸ ਇਲਾਵਾ ਉਨ੍ਹਾਂ ਤੋਂ ਕੋਈ ਹੋਰ ਕੰਮ ਨਹੀਂ ਕਰਵਾਇਆ ਜਾਵੇਗਾ। ਲੋਕਾਂ ਦੀ ਗਰੀਬੀ ਲਾਲ ਪੀਲੇ ਕਾਰਡ ਵੰਡਕੇ ਨਹੀਂ ਸਗੋਂ ਗਰੀਬ ਦੇ ਬੱਚਿਆਂ ਨੂੰ ਸਿੱਖਿਅਤ ਕਰਕੇ ਉਨ੍ਹਾਂ ਇੰਜਨੀਅਰ , ਡਾਕਟਰ, ਜੱਜ ਤੇ ਹੋਰ ਉੱਚ ਅਧਿਕਾਰੀ ਬਣਾਉਣ ਨਾਲ ਗਰੀਬ ਦੂਰ ਹੋਵੇਗੀ ਤੇ ਇਸ ਲਈ ਸਰਕਾਰ ਸਿੱਖਿਆ ’ਤੇ ਸਭ ਤੋਂ ਵੱਧ ਜ਼ੋਰ ਦੇ ਰਹੀ ਹੈ। ਸਰਕਾਰ ਨੇ ਜਿਹੜੇ ਵਿਧਾਇਕ 5-6 ਪੈਨਸ਼ਨਾਂ ਲੈ ਰਹੇ ਸਨ ਉਸਨੂੰ ਬੰਦ ਕਰਕੇ ਸਿਫ਼ਰ 1 ਪੈਨਸ਼ਨ ਕਰ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਰਾਜਨੀਤੀ ਸੇਵਾ ਹੈ ਤਾਂ ਸੇਵਾ ਦੀ ਕੋਈ ਪੈਨਸ਼ਨ ਨਹੀਂ ਹੁੰਦੀ ਤੇ ਸਰਕਾਰ ਨੇ 1 ਪੈਨਸ਼ਨ ਕਰਕੇ ਪੰਜਾਬ ਦਾ ਬਹੁਤ ਵੱਡਾ ਸਰਮਾਇਆ ਬਚਾਇਆ ਤੇ ਇਸੇ ਪੈਸੇ ਨਾਲ ਨਵੇਂ ਭਰਤੀ ਕੀਤੇ ਮੁਲਾਜ਼ਮਾਂ ਨੂੰ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਰੇਤਾ ਮਾਫ਼ੀਆ ਨੂੰ ਖ਼ਤਮ ਕਰ ਦਿੱਤਾ ਤੇ ਸਾਢੇ 5 ਰੁਪਏ ਫੁੱਟ ਰੇਤਾ ਕਰ ਦਿੱਤਾ ਤੇ ਆਉਣ ਵਾਲੇ ਦਿਨਾਂ ’ਚ ਫਿਰੋਜ਼ਪੁਰ ਮਾਇਨ ਨੂੰ ਖੋਲ੍ਹਿਆ ਜਾਵੇਗਾ।। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਰਕਾਰ ਨੇ ਟਰਾਂਸਪੋਰਟ ਮਾਫ਼ੀਆ ਵੀ ਖ਼ਤਮ ਕੀਤਾ ਤੇ ਅੱਜ ਰੋਡਵੇਜ ਦੀਆਂ ਬੱਸਾਂ ਦਿੱਲੀ ਏਅਰਪੋਰਟ ਤੱਕ ਚੱਲਣ ਲਾ ਦਿੱਤੀਆਂ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News