ਨਸ਼ਿਆਂ ’ਤੇ ਕੰਟਰੋਲ ਦੇ ਮਾਮਲੇ ’ਚ CM ਮਾਨ ਦੀ ਸਿਆਸਤਦਾਨਾਂ 'ਤੇ ਵੀ ਨਜ਼ਰ, ਗੰਭੀਰਤਾ ਤੋਂ ਅਧਿਕਾਰੀ ਸਹਿਮੇ
Saturday, May 14, 2022 - 11:02 AM (IST)
ਜਲੰਧਰ (ਧਵਨ)– ਨਸ਼ਿਆਂ ’ਤੇ ਕਾਬੂ ਪਾਉਣ ਦੇ ਮਾਮਲੇ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਖ਼ਤੀ ਕਾਰਨ ਜਿੱਥੇ ਇਕ ਪਾਸੇ ਅਧਿਕਾਰੀ ਸਹਿਮ ਗਏ ਹਨ, ਉਥੇ ਹੀ ਦੂਜੇ ਪਾਸੇ ਮੁੱਖ ਮੰਤਰੀ ਦੀਆਂ ਨਜ਼ਰਾਂ ਨਸ਼ਾ ਸਮੱਗਲਰਾਂ ਦੇ ਨਾਲ ਹੀ ਸਿਆਸਤਦਾਨਾਂ ਦੀ ਮਿਲੀਭੁਗਤ ਵੱਲ ਵੀ ਲੱਗੀਆਂ ਹੋਈਆਂ ਹਨ। ਮੁੱਖ ਮੰਤਰੀ ਨੇ ਸੂਬੇ ਦੇ ਸਾਰੇ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਐੱਸ. ਐੱਸ. ਪੀਜ਼ ਨਾਲ ਉੱਚ ਪੱਧਰੀ ਬੈਠਕ ਕੀਤੀ ਸੀ, ਜਿਸ ਵਿਚ ਡੀ. ਜੀ. ਪੀ. ਅਤੇ ਹੋਰ ਉੱਚ ਪੁਲਸ ਅਧਿਕਾਰੀ ਵੀ ਮੌਜੂਦ ਸਨ। ਮੁੱਖ ਮੰਤਰੀ ਨੇ ਸਪਸ਼ਟ ਕਹਿ ਦਿੱਤਾ ਹੈ ਕਿ ਉਹ ਨਸ਼ਿਆਂ ਦੀ ਵਿਕਰੀ ਹਰ ਹਾਲਤ ’ਚ ਰੋਕਣੀ ਚਾਹੁੰਦੇ ਹਨ ਅਤੇ ਇਸ ਦੇ ਰਸਤੇ ਵਿਚ ਜੋ ਵੀ ਆਵੇਗਾ, ਉਸ ਨੂੰ ਕਿਸੇ ਵੀ ਕੀਮਤ ’ਤੇ ਸਰਕਾਰ ਸਹਿਣ ਨਹੀਂ ਕਰੇਗੀ।
ਇਹ ਵੀ ਪੜ੍ਹੋ: ਜਲੰਧਰ ਰੇਲਵੇ ਸਟੇਸ਼ਨ ’ਤੇ ਮਿਲੇ ਬੰਬ ਦੇ ਇਨਪੁੱਟ, ਪੁਲਸ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
ਭਗਵੰਤ ਮਾਨ ਨੇ ਹੁਣ ਹਰ ਮਹੀਨੇ ਡੀ. ਜੀ. ਪੀ. ਅਤੇ ਹੋਰ ਉੱਚ ਪੁਲਸ ਅਧਿਕਾਰੀਆਂ ਵੱਲੋਂ ਨਸ਼ੇ ਵਾਲੇ ਪਦਾਰਥਾਂ ਦੀ ਸਪਲਾਈ ਚੇਨ ਤੋੜਨ ਅਤੇ ਨਸ਼ਾ ਸਮੱਗਲਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦੇ ਮਾਮਲੇ ’ਚ ਬੈਠਕਾਂ ਕਰਨ ਦਾ ਫ਼ੈਸਲਾ ਲਿਆ ਹੈ। ਇਸ ਲਈ ਹੁਣ ਪੁਲਸ ’ਤੇ ਵੀ ਦਬਾਅ ਬਣਿਆ ਰਹੇਗਾ ਕਿ ਉਹ ਆਪਣੀ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਸਰਕਾਰ ਦੇ ਸਾਹਮਣੇ ਕਰੇ।
ਸੱਤਾਧਾਰੀ ਸਿਆਸਤਦਾਨਾਂ ’ਤੇ ਵੀ ਬਣਿਆ ਰਹੇਗਾ ਦਬਾਅ
ਮੁੱਖ ਮੰਤਰੀ ਨੇ ਜਿਸ ਤਰ੍ਹਾਂ ਨਸ਼ਾ ਸਮੱਗਲਰਾਂ ਖ਼ਿਲਾਫ਼ ਕਾਰਵਾਈ ਕਰਨ ਲਈ ਪੁਲਸ ਨੂੰ ਖੁੱਲ੍ਹੀ ਛੋਟ ਦਿੱਤੀ ਹੈ ਤਾਂ ਦੂਜੇ ਪਾਸੇ ਹੁਣ ਸੱਤਾਧਾਰੀ ਸਿਆਸਤਦਾਨਾਂ ’ਤੇ ਵੀ ਪੂਰਾ ਦਬਾਅ ਬਣਿਆ ਰਹੇਗਾ। ਉਹ ਇਹ ਵੀ ਵੇਖ ਰਹੇ ਹਨ ਕਿ ਨਸ਼ਿਆਂ ਦੀ ਵਿਕਰੀ ਕਰਵਾਉਣ ’ਚ ਕਿਹੜੇ-ਕਿਹੜੇ ਸਿਆਸਤਦਾਨਾਂ ਦਾ ਹੱਥ ਸਾਹਮਣੇ ਆਉਂਦਾ ਹੈ। ਸੱਤਾਧਾਰੀ ਸਿਆਸਤਦਾਨਾਂ ਨੂੰ ਵੀ ਮੁੱਖ ਮੰਤਰੀ ਨੇ ਇਕ ਤਰ੍ਹਾਂ ਸੰਕੇਤ ਦੇ ਦਿੱਤੇ ਹਨ ਕਿ ਉਹ ਕਿਸੇ ਵੀ ਨਸ਼ਾ ਸਮੱਗਲਰ ਦੀ ਮਦਦ ਲਈ ਅੱਗੇ ਨਾ ਆਉਣ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਬਿਲਾਸਪੁਰ 'ਚ ਕਬਜ਼ਾ ਛੁਡਾਉਣ ਗਈ ਪੁਲਸ 'ਤੇ ਹੋਈ ਥੱਪੜਾਂ ਦੀ ਬਰਸਾਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ