ਪੰਜਾਬ ''ਚ ਨਿਵੇਸ਼ ਲਈ ਵੱਡੇ ਉਦਯੋਗਪਤੀਆਂ ਨੂੰ ਲੁਭਾਉਣ ਦੀ ਤਿਆਰੀ ''ਚ CM ਭਗਵੰਤ ਮਾਨ, ਜਾਣਗੇ ਮੁੰਬਈ
Friday, Jan 20, 2023 - 01:30 PM (IST)
ਜਲੰਧਰ (ਧਵਨ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਮਹਾਰਾਸ਼ਟਰ ਦੇ ਵੱਡੇ ਉਦਯੋਗਪਤੀਆਂ ਨੂੰ ਲੁਭਾਉਣ ਲਈ 23 ਅਤੇ 24 ਜਨਵਰੀ ਨੂੰ 2 ਦਿਨਾਂ ਦੌਰੇ ’ਤੇ ਮੁੰਬਈ ਜਾ ਰਹੇ ਹਨ। ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ ਚੇਨਈ ਅਤੇ ਹੈਦਰਾਬਾਦ ਦਾ ਦੌਰਾ ਕੀਤਾ ਸੀ ਜਿਸ ਦੌਰਾਨ ਉਨ੍ਹਾਂ ਉਦਯੋਗ ਜਗਤ ਦੀਆਂ ਵੱਡੀਆਂ ਹਸਤੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਸੀ। ਭਗਵੰਤ ਮਾਨ ਨੇ ਉਦਯੋਗਪਤੀਆਂ ਨੂੰ 23 ਜਨਵਰੀ ਨੂੰ ਮੁੰਬਈ ਵਿੱਚ ਮੀਟਿੰਗ ਲਈ ਸੱਦਾ ਦਿੱਤਾ ਹੈ। ਉਹ ਉਨ੍ਹਾਂ ਨੂੰ ਪੰਜਾਬ ’ਚ ਨਿਵੇਸ਼ ਕਰਨ ਲਈ ਕਹਿਣਗੇ। ਮੁੱਖ ਮੰਤਰੀ ਮਹਾਰਾਸ਼ਟਰ ਦੇ ਉੱਦਮੀਆਂ ਨੂੰ ਪੰਜਾਬ ਵਿੱਚ ਸਰਕਾਰ ਵੱਲੋਂ ਨਿਵੇਸ਼ ਲਈ ਪੂਰੀਆਂ ਸਹੂਲਤਾਂ ਦੇਣ ਦਾ ਭਰੋਸਾ ਵੀ ਦੇਣਗੇ। ਭਗਵੰਤ ਮਾਨ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਪੰਜਾਬ ਵਿੱਚ ਪੂੰਜੀ ਨਿਵੇਸ਼ ਕਰਨ ਵਾਲੀਆਂ ਸਨਅਤੀ ਇਕਾਈਆਂ ਨੂੰ ‘ਸਿੰਗਲ ਵਿੰਡੋ ਸਿਸਟਮ’ ਉਪਲਬਧ ਕਰਵਾਇਆ ਜਾਵੇਗਾ, ਜਿਸ ਤਹਿਤ ਉਦਯੋਗਾਂ ਨੂੰ ਵੱਖ-ਵੱਖ ਸਰਕਾਰੀ ਵਿਭਾਗਾਂ ਤੋਂ ਕਲੀਅਰੈਂਸ ਲੈਣ ਦੀ ਲੋੜ ਨਹੀਂ ਪਵੇਗੀ।
ਇਹ ਵੀ ਪੜ੍ਹੋ : ਕਪੂਰਥਲਾ: ਹਮੀਰਾ ਫਲਾਈਓਵਰ 'ਤੇ ਵਾਪਰਿਆ ਭਿਆਨਕ ਹਾਦਸਾ, ਪੁਲਸ ਮੁਲਾਜ਼ਮ ਸਣੇ 4 ਨੌਜਵਾਨਾਂ ਦੀ ਮੌਤ
ਪੰਜਾਬ ਸਰਕਾਰ ਨੇ ਉੱਦਮੀਆਂ ਨੂੰ ਹਰ ਸੰਭਵ ਸਹੂਲਤਾਂ ਦੇਣ ਦਾ ਫ਼ੈਸਲਾ ਲਿਆ ਹੈ। ਜਲਦੀ ਹੀ ਪੰਜਾਬ ਸਰਕਾਰ ਦੀ ਨਵੀਂ ਉਦਯੋਗਿਕ ਨੀਤੀ ਵੀ ਤਿਆਰ ਹੋਣ ਵਾਲੀ ਹੈ। ਇਸ ਸਬੰਧੀ ਮੁੱਖ ਮੰਤਰੀ ਵੱਲੋਂ ਉੱਦਮੀਆਂ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। ਭਗਵੰਤ ਮਾਨ ਨੇ ਸੂਬੇ ਦੇ ਉੱਦਮੀਆਂ ਦੇ ਨਾਲ ਹੀ ਬਾਹਰਲੇ ਉੱਦਮੀਆਂ ਨੂੰ ਵੀ ਨਿਵੇਸ਼ ਕਰਨ ਦਾ ਖੁੱਲ੍ਹਾ ਸੱਦਾ ਦਿੱਤਾ ਹੈ। ਮੁੱਖ ਮੰਤਰੀ ਪੰਜਾਬ ਵਿੱਚ ਸਨਅਤੀ ਮਾਹੌਲ ਨੂੰ ਸੁਧਾਰਨਾ ਚਾਹੁੰਦੇ ਹਨ ਤਾਂ ਜੋ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਇੱਥੇ ਹੀ ਨੌਕਰੀਆਂ ਮਿਲ ਸਕਣ। ਭਗਵੰਤ ਮਾਨ 26 ਜਨਵਰੀ ਨੂੰ ਗਣਤੰਤਰ ਦਿਵਸ ਸਮਾਰੋਹ ਵਿੱਚ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਸੂਬੇ ਵਿੱਚ 500 ‘ਆਮ ਆਦਮੀ ਕਲੀਨਿਕਾਂ’ ਦਾ ਉਦਘਾਟਨ ਵੀ ਕਰਨਗੇ।
ਇਸ ਤੋਂ ਬਾਅਦ ਮੁੱਖ ਮੰਤਰੀ 28, 29 ਅਤੇ 30 ਜਨਵਰੀ ਨੂੰ ਓਡਿਸ਼ਾ ਦੇ ਦੌਰੇ ’ਤੇ ਜਾਣਗੇ ਜਿੱਥੇ ਉਹ ਚੱਲ ਰਹੇ ਵਿਸ਼ਵ ਹਾਕੀ ਕੱਪ ’ਚ ਭਾਰਤੀ ਖਿਡਾਰੀਆਂ ਦਾ ਮਨੋਬਲ ਵਧਾਉਣਗੇ। ਓਡਿਸ਼ਾ ਸਰਕਾਰ ਨੇ ਖਿਡਾਰੀਆਂ ਦਾ ਮਨੋਬਲ ਵਧਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਸ਼ਵ ਹਾਕੀ ਕੱਪ ਲਈ ਆਪਣੇ ਸੂਬੇ ਦਾ ਦੌਰਾ ਕਰਨ ਦਾ ਸੱਦਾ ਦਿੱਤਾ ਹੈ। ਹਾਲ ਹੀ ਵਿੱਚ ਓਡਿਸ਼ਾ ਦੇ ਖੇਡ ਮੰਤਰੀ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਓਡਿਸ਼ਾ ਦਾ ਦੌਰਾ ਕਰਨ ਦਾ ਰਸਮੀ ਸੱਦਾ ਦਿੱਤਾ ਸੀ।
ਇਹ ਵੀ ਪੜ੍ਹੋ : ਮੱਲਿਕਾਰਜੁਨ ਖੜਗੇ ਦਾ ਭਾਜਪਾ 'ਤੇ ਤਿੱਖਾ ਹਮਲਾ, ਕਾਂਗਰਸ ਦੀਆਂ 6 ਸੂਬਿਆਂ ਦੀਆਂ ਸਰਕਾਰਾਂ ਦੀ ਕੀਤੀ ਚੋਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।