ਮੁੱਖ ਮੰਤਰੀ ਦੇ 6 ਸਲਾਹਕਾਰਾਂ ਦੇ ਬਿੱਲ ਨੂੰ ਰਾਜਪਾਲ ਵਲੋਂ ਨਹੀਂ ਮਿਲੀ ਮਨਜ਼ੂਰੀ
Saturday, Jan 18, 2020 - 09:04 AM (IST)
ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਵਲੋਂ 15ਵੀਂ ਵਿਧਾਨ ਸਭਾ ਵਲੋਂ ਪਾਸ ਕੀਤੇ ਗਏ ਬਿਲਾਂ 'ਚੋਂ 3 ਬਿੱਲ ਮਨਜ਼ੂਰ ਕਰ ਦਿੱਤੇ ਗਏ, ਜਦੋਂ ਕਿ ਮੁਖ ਮੰਤਰੀ ਦੇ 6 ਸਲਾਹਕਾਰਾਂ ਤੇ ਤਲਵਾਰ ਅਜੇ ਵੀ ਲਟਕੀ ਹੋਈ ਹੈ ਕਿਉਂਕਿ 6 ਵਿਧਾਇਕਾਂ ਨੂੰ ਲਾਭ ਦੇ ਅਹੁਦੇ ਤੋਂ ਬਾਹਰ ਰੱਖਣ ਲਈ ਵਿਧਾਨ ਸਭਾ 'ਚ ਪੇਸ਼ ਬਿੱਲ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਪੰਜਾਬ ਵਿਧਾਨ ਸਭਾ 'ਚ ਰਾਜਪਾਲ ਵਲੋਂ 3 ਬਿੱਲ ਮਨਜ਼ੂਰ ਕਰਨ ਦੀ ਲਿਖਤੀ ਜਾਣਕਾਰੀ ਦਿੱਤੀ ਗਈ ਹੈ, ਜਿਸ 'ਚ ਸਿਰਫ 3 ਬਿੱਲਾਂ ਦਾ ਜ਼ਿਕਰ ਕੀਤਾ ਗਿਆ ਹੈ।
ਲਾਭ ਦੇ ਅਹੁਦੇ ਵਾਲ਼ੇ ਬਿੱਲ ਦਾ ਜ਼ਿਕਰ ਨਹੀਂ ਹੈ। 6 ਵਿਧਾਇਕਾਂ ਨੂੰ ਸਲਾਹਾਕਰ ਲਾਉਣ ਵਜੋਂ ਲਾਭ ਦੇ ਅਹੁਦੇ ਤੋਂ ਬਾਹਰ ਰੱਖਣ ਲਈ ਪਾਸ ਕੀਤੇ ਬਿੱਲ ਨੂੰ ਰਾਜਪਾਲ ਵਲੋਂ ਮਨਜ਼ੂਰੀ ਨਹੀਂ ਦਿੱਤੀ ਗਈ ਹੈ, ਜਦੋਂ ਕਿ ਜਗਤ ਗੁਰੂ ਨਾਨਕ ਦੇਵ ਪੰਜਾਬ ਓਪਨ ਯੂਨੀਵਰਸਟੀ ਬਿੱਲ 2019, ਗੈਰ ਸਰਕਾਰੀ ਸਹਾਇਤਾ ਪ੍ਰਾਪਤ ਵਿੱਦਿਅਕ ਸੰਸਥਾਵਾਂ ਦੀ ਫੀਸ ਸਬੰਧੀ ਪੰਜਾਬ ਰੈਗੂਲਸ਼ਨ ਸੋਧ ਬਿਲ ਅਤੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਲਈ ਕਮਿਸ਼ਨ ਸੋਧਨਾ ਬਿੱਲ-2019 ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।