1 ਨਵੰਬਰ ਨੂੰ ਲੁਧਿਆਣਾ ਵਿਖੇ ਹੋਵੇਗਾ ‘ਖੇਡਾਂ ਵਤਨ ਪੰਜਾਬ ਦੀਆਂ-2022’ ਦਾ ਸਮਾਪਤੀ ਸਮਾਰੋਹ

Tuesday, Oct 11, 2022 - 09:14 PM (IST)

1 ਨਵੰਬਰ ਨੂੰ ਲੁਧਿਆਣਾ ਵਿਖੇ ਹੋਵੇਗਾ ‘ਖੇਡਾਂ ਵਤਨ ਪੰਜਾਬ ਦੀਆਂ-2022’ ਦਾ ਸਮਾਪਤੀ ਸਮਾਰੋਹ

ਚੰਡੀਗੜ੍ਹ (ਬਿਊਰੋ) : ਸੂਬੇ ਵਿਚ ਖੇਡਾਂ ਦਾ ਮਾਹੌਲ ਸਿਰਜਣ ਲਈ ਵੱਡੇ ਪੱਧਰ ਉਤੇ ਉਲੀਕੀਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ-2022’ ਦਾ ਸਮਾਪਤੀ ਸਮਾਰੋਹ ਪੰਜਾਬ ਦਿਵਸ ਵਾਲੇ ਦਿਨ ਪਹਿਲੀ ਨਵੰਬਰ ਨੂੰ ਲੁਧਿਆਣਾ ਵਿਖੇ ਹੋਵੇਗਾ। ਇਹ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਭਵਨ ਵਿਖੇ ਖੇਡ ਵਿਭਾਗ ਦੀ ਮੀਟਿੰਗ ਦੌਰਾਨ ਕੀਤਾ। ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਹੋਣ ਵਾਲੇ ਇਸ ਸਮਾਗਮ ਵਿਚ ਮੁੱਖ ਮੰਤਰੀ ਵੱਲੋਂ ਜੇਤੂਆਂ ਨੂੰ 6 ਕਰੋੜ ਰੁਪਏ ਦੇ ਇਨਾਮ ਵੰਡੇ ਜਾਣਗੇ। ਜ਼ਿਕਰਯੋਗ ਹੈ ਕਿ ਇਨ੍ਹਾਂ ਖੇਡਾਂ ਦੀ ਸ਼ੁਰੂਆਤ ਕੌਮੀ ਖੇਡ ਦਿਵਸ ਵਾਲੇ ਦਿਨ 29 ਅਗਸਤ ਨੂੰ ਰੰਗਾਰੰਗ ਉਦਘਾਟਨੀ ਸਮਾਰੋਹ ਨਾਲ ਹੋਈ ਸੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਰਕਾਰੀ ਸਕੂਲਾਂ ਨੁਹਾਰ ਬਦਲਣ ਲਈ 'ਆਪ' ਸਰਕਾਰ ਨੇ ਚੁੱਕਿਆ ਅਹਿਮ ਕਦਮ

ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਗੁਜਰਾਤ ਵਿਖੇ ਚੱਲ ਰਹੀਆਂ 36ਵੀਆਂ ਕੌਮੀ ਖੇਡਾਂ ਦੇ ਤਮਗ਼ਾ ਜੇਤੂ ਪੰਜਾਬੀ ਖਿਡਾਰੀਆਂ ਨੂੰ ਨਗਦ ਇਨਾਮ ਦੇਣ ਲਈ ਜਲਦ ਹੀ ਸਮਾਗਮ ਕਰਵਾਉਣ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਸੂਬੇ ਦੇ ਖਿਡਾਰੀਆਂ ਨੂੰ ਦਿੱਤੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਨੂੰ ਹਰ ਸਾਲ ਕਰਵਾਉਣਾ ਯਕੀਨੀ ਬਣਾਉਣ ਦੀਆਂ ਵੀ ਹਦਾਇਤਾਂ ਦਿੱਤੀਆਂ ਗਈਆਂ। ਮਾਨ ਨੇ ਕਿਹਾ ਕਿ ਪੰਜਾਬ ਦੀ ਖੇਡਾਂ ਵਿਚ ਅਮੀਰ ਪਰੰਪਰਾ ਰਹੀ ਹੈ ਅਤੇ ਖੇਡਾਂ ਵਿਚ ਸੂਬੇ ਦੀ ਗੁਆਚੀ ਸ਼ਾਨ ਨੂੰ ਬਹਾਲ ਕਰਨ ਲਈ ਕੋਈ ਕਸਰ ਬਾਕੀ ਨਹੀ ਛੱਡੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ - ਟਰਾਂਸਪੋਰਟ ਮੰਤਰੀ ਵੱਲੋਂ ਐਸ.ਟੀ.ਸੀ. ਤੇ ਡਾਇਰੈਕਟਰ ਸਟੇਟ ਟਰਾਂਸਪੋਰਟ ਦਫ਼ਤਰਾਂ ਦੀ ਚੈਕਿੰਗ, ਕੰਮਕਾਜ ਦਾ ਲਿਆ ਜਾਇਜ਼ਾ

ਇਸ ਮੌਕੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਬਲਾਕ ਤੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੀ ਸਫਲਤਾ ਤੋਂ ਬਾਅਦ ਹੁਣ 14 ਤੋਂ 28 ਅਕਤੂਬਰ ਤੱਕ ਵੱਖ-ਵੱਖ 9 ਥਾਵਾਂ 'ਤੇ 29 ਖੇਡਾਂ ਦੇ ਰਾਜ ਪੱਧਰੀ ਮੁਕਾਬਲੇ ਕਰਵਾਏ ਜਾ ਰਹੇ ਹਨ। ਮੀਟਿੰਗ 'ਚ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਣੂ ਪ੍ਰਸਾਦ, ਪ੍ਰਮੁੱਖ ਸਕੱਤਰ ਖੇਡਾਂ ਰਾਜ ਕਮਲ ਚੌਧਰੀ ਤੇ ਡਾਇਰੈਕਟਰ ਖੇਡਾਂ ਰਾਜੇਸ਼ ਧੀਮਾਨ ਵੀ ਹਾਜ਼ਰ ਸਨ।


author

Harnek Seechewal

Content Editor

Related News