ਜ਼ਿਲਾ ਪ੍ਰਬੰਧਕੀ ਦਫਤਰ ’ਚ ਬੰਦ ਪਈਆਂ ਲਿਫਟਾਂ ਤੋਂ ਆਮ ਜਨਤਾ ਪ੍ਰੇਸ਼ਾਨ

Thursday, Aug 30, 2018 - 04:46 AM (IST)

ਜ਼ਿਲਾ ਪ੍ਰਬੰਧਕੀ ਦਫਤਰ ’ਚ ਬੰਦ ਪਈਆਂ ਲਿਫਟਾਂ ਤੋਂ ਆਮ ਜਨਤਾ ਪ੍ਰੇਸ਼ਾਨ

ਤਰਨਤਾਰਨ,   (ਰਮਨ)-   ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਚ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਲਿਫਟਾਂ ਬੰਦ ਹੋਣ ਕਾਰਨ ਜਿਥੇ ਆਮ ਜਨਤਾ ਤੇ ਦਫਤਰੀ ਸਟਾਫ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਬਜ਼ੁਰਗ ਤੌਬਾ ਤੌਬਾ ਕਰਦੇ ਨਜ਼ਰ ਆ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਅੱਜ ਸਥਾਨਕ ਡਿਪਟੀ ਕਨਿਸ਼ਨਰ ਦਫਤਰ ਤੋਂ ਉਸ ਵੇਲੇ ਮਿਲੀ, ਜਦੋਂ ਬਜ਼ੁਰਗਾਂ ਨੂੰ ਆਪਣੀ ਬੁਢਾਪਾ ਪੈਨਸ਼ਨ ਲੈਣ ਲਈ ਪੌਡ਼ੀਆਂ ਰਾਹੀਂ ਤਿੰਨ ਮੰਜ਼ਿਲ ਉਪਰ ਹਾਏ-ਹਾਏ ਕਰਦੇ ਹੋਏ ਜਾਣਾ ਪਿਆ। ਭਾਵੇਂ ਪ੍ਰਸ਼ਾਸਨ ਵੱਲੋਂ ਬਜ਼ੁਰਗਾਂ ਦੀ ਸਹੂਲਤ ਲਈ ਲਿਫਟਾਂ ਜਲਦ ਠੀਕ ਕਰਨ ਅਤੇ ਪੈਨਸ਼ਨ ਦਫਤਰ ਨੂੰ ਹੇਠਲੀ ਮੰਜ਼ਿਲ ’ਤੇ ਲਿਆਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਇਸ ਨੇਕ ਕੰਮ ਨੂੰ ਕਰਨ ਵਿਚ ਕਿੰਨਾ ਸਮਾਂ ਲੱਗਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ।
ਪੈਨਸ਼ਨ ਦਫਤਰ ਮੌਜੂਦ ਹੈ ਤੀਸਰੀ ਮੰਜ਼ਿਲ ’ਤੇ
ਜ਼ਿਲਾ ਪ੍ਰਬੰਧਕੀ ਦਫਤਰ ਵਿਚ ਬੁਢਾਪਾ ਪੈਨਸ਼ਨ ਦਾ ਦਫਤਰ ਤੀਸਰੀ ਅਤੇ ਆਖਰੀ ਮੰਜ਼ਿਲ ’ਤੇ ਪਿਛਲੇ ਲੰਮੇ ਸਮੇਂ ਤੋਂ ਮੌਜੂਦ ਹੈ, ਜਿਥੇ ਪੂਰੇ ਜ਼ਿਲੇ  ਦੇ ਵੱਖ-ਵੱਖ ਪਿੰਡਾਂ ’ਚੋਂ ਬਜ਼ੁਰਗ ਆਪਣੀ ਪੈਨਸ਼ਨ ਸਕੀਮ ਤਹਿਤ ਪਛਾਣ ਕਰਵਾਉਣ ਲਈ ਅਧਿਕਾਰੀਆਂ ਕੋਲ ਡਿੱਗਦੇ-ਢਹਿੰਦੇ ਪੁੱਜਦੇ ਹਨ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਚ ਕੱਲ 5 ਲਿਫਟਾਂ ਜਨਤਾ ਅਤੇ ਸਟਾਫ ਦੀ ਸਹੂਲਤ ਲਈ ਲਾਈਆਂ ਗਈਆਂ ਹਨ, ਜਿਨ੍ਹਾਂ ਵਿਚ ਡਿਪਟੀ ਕਮਿਸ਼ਨਰ ਦਫਤਰ ਦੇ ਕਮਰੇ ਨਜ਼ਦੀਕ ਲੱਗੀ ਲਿਫਟ ਨੂੰ ਛੱਡ ਬਾਕੀ ਸਾਰੀਆਂ ਖਰਾਬ ਪਈਆਂ ਹਨ। ਇਸ ਵਿਚ ਕੋਈ ਸ਼ੱਕ ਨਹੀਂ  ਹੈ ਕਿ ਕਰੋਡ਼ਾਂ ਰੁਪਏ ਦੀ ਲਾਗਤ ਨਾਲ ਤਿਆਰ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਚ ਲੱਗੀਆਂ ਲਿਫਟਾਂ ਵੀ ਨਵੀਂ ਤਕਨੀਕ ਨਾਲ ਤਿਆਰ ਕੀਤੀਆਂ ਗਈਆਂ ਸਨ ਪਰ ਇਨ੍ਹਾਂ ਦਾ ਜਲਦੀ ਬੰਦ ਹੋਣਾ ਅਤੇ ਠੀਕ ਨਾ ਹੋਣਾ ਇਕ ਸਵਾਲੀਆ ਨਿਸ਼ਾਨ ਪੈਦਾ ਕਰਦਾ ਹੈ। ਬੇਸਮੈਂਟ ਵਿਚ ਬੰਦ ਪਈ ਲਿਫਟ ਦਾ ਦਰਵਾਜ਼ਾ ਖੁੱਲ੍ਹਾ ਪਿਆ ਹੈ, ਜਿਸ ਵਿਚ ਕਿਸੇ ਦਾ ਦਾਖਲ ਹੋਣਾ ਉਸ ਦਾ ਜਾਨੀ ਨੁਕਸਾਨ ਵੀ ਕਰ ਸਕਦਾ ਹੈ। 
ਸਾਨੂੰ ਕੀਤਾ ਜਾ ਰਿਹਾ ਹੈ ਪ੍ਰੇਸ਼ਾਨ
ਕੁੱਝ ਬਜ਼ੁਰਗ ਜਿਨ੍ਹਾਂ ਵਿਚ ਜਗੀਰ ਸਿੰਘ, ਕੁਲਵੰਤ ਸਿੰਘ ਵਾਸੀ ਪਿੰਡ ਸਖੀਰਾ, ਜਸਬੀਰ ਸਿੰਘ ਵਾਸੀ ਖੇਮਕਰਨ, ਪਰਮਜੀਤ ਕੌਰ ਵਾਸੀ ਪਿੰਡ ਸਰਹਾਲੀ ਕਲਾਂ ਨੇ ਦੱਸਿਆ ਕਿ ਉਹ ਆਪਣੀ ਪੈਨਸ਼ਨ ਸਬੰਧੀ ਇਸ ਦਫਤਰ ਵਿਚ ਤਿੰਨ ਮੰਜ਼ਿਲਾਂ ਉਪਰ ਚਡ਼੍ਹ ਕੇ ਆਏ ਹਨ, ਜਿਸ ਕਾਰਨ ਉਨ੍ਹਾਂ ਦਾ ਬਹੁਤ ਮਾਡ਼ਾ ਹਾਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦਫਤਰ ਦੇ ਬਾਹਰ ਗਰਮੀ ਵਿਚ ਸਿਰਫ ਇਕ ਪੱਖਾ ਚੱਲ ਰਿਹਾ ਹੈ, ਬੈਠਣ ਲਈ ਕੁੱਝ ਖਾਸ ਪ੍ਰਬੰਧ ਨਾ ਹੋਣ ਕਾਰਨ ਲੋਕ ਜ਼ਮੀਨ ’ਤੇ ਬੈਠਣ ਲਈ ਮਜਬੂਰ ਹਨ। ਉਨ੍ਹਾਂ ਦੱਸਿਆ ਕਿ ਇਸ ਬੁਢਾਪੇ ਵਿਚ ਉਹ ਕਈ ਕਿਲੋਮੀਟਰ ਦੂਰ ਦਾ ਸਫਰ ਤੈਅ ਕਰ ਕੇ ਇਸ ਦਫਤਰ ਵਿਚ ਆਉਂਦੇ ਹਨ ਪਰ ਲਿਫਟਾਂ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਤਿੰਨ ਮੰਜ਼ਿਲਾਂ ਉਪਰ ਆਉਣਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ਦੀ ਸਿਹਤ ’ਤੇ ਕਾਫੀ ਮਾਡ਼ਾ ਅਸਰ ਪੈ ਰਿਹਾ ਹੈ। ਉਨ੍ਹਾਂ ਦੀ ਡੀ. ਸੀ. ਤੋਂ ਮੰਗ ਹੈ ਕਿ ਬਜ਼ੁਰਗਾਂ ਲਈ ਪੈਨਸ਼ਨ ਦਫਤਰ ਬਦਲ ਕੇ ਜ਼ਮੀਨੀ ਮੰਜ਼ਿਲ ’ਤੇ ਲਿਆਂਦਾ ਜਾਵੇ।
ਨਹੀਂ ਚੁੱਕਿਆ ਫੋਨ 
ਜ਼ਿਲਾ ਪੈਨਸ਼ਨ ਅਧਿਕਾਰੀ ਮੈਡਮ ਕਿਰਨ ਸਿਆਲ ਨਾਲ ਜਦੋਂ ਉਨ੍ਹਾਂ ਦੇ ਮੋਬਾਇਲ ’ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।


Related News