ਸਫਾਈ ਕਰਮਚਾਰੀ ਬੁੱਧਵਾਰ ਤੋਂ ਕਰਨਗੇ ਅਣਮਿੱਥੇ ਸਮੇਂ ਦੀ ਹੜਤਾਲ

Tuesday, Mar 27, 2018 - 07:06 AM (IST)

ਸਫਾਈ ਕਰਮਚਾਰੀ ਬੁੱਧਵਾਰ ਤੋਂ ਕਰਨਗੇ ਅਣਮਿੱਥੇ ਸਮੇਂ ਦੀ ਹੜਤਾਲ

ਅੰਮ੍ਰਿਤਸਰ,   (ਦਲਜੀਤ)-  ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿਚ ਸਾਫ਼-ਸਫਾਈ ਲਈ ਪ੍ਰਸਿੱਧ ਸਿਵਲ ਹਸਪਤਾਲ ਦੀ ਸਫਾਈ ਵਿਵਸਥਾ ਚਰਮਰਾਉਣ ਵਾਲੀ ਹੈ। ਹਸਪਤਾਲ ਦੇ ਸਫਾਈ ਕਰਮਚਾਰੀਆਂ ਤਨਖਾਹ ਨਾ ਮਿਲਣ ਤੋਂ ਖਫਾ ਹੋ ਕੇ ਬੁੱਧਵਾਰ ਤੋਂ ਅਣਮਿੱਥੇ ਸਮੇਂ ਦੀ ਹੜਤਾਲ 'ਤੇ ਜਾਣ ਦਾ ਫੈਸਲਾ ਲਿਆ ਹੈ। ਕਰਮਚਾਰੀਆਂ ਦੀ ਹੜਤਾਲ ਕਾਰਨ ਜਿਥੇ ਮਰੀਜ਼ਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ, ਉਥੇ ਹੀ ਹਸਪਤਾਲ ਵਿਚ ਸਫਾਈ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ।  
ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿਚ ਕੰਮ ਕਰ ਰਹੇ 32 ਸਫਾਈ ਕਰਮਚਾਰੀਆਂ ਨੂੰ ਇਕ ਕੰਪਨੀ ਵੱਲੋਂ ਠੇਕੇ ਦੀ ਨੌਕਰੀ 'ਤੇ ਰੱਖਿਆ ਗਿਆ ਹੈ। ਸਿਹਤ ਵਿਭਾਗ ਵੱਲੋਂ ਉਕਤ ਹਸਪਤਾਲ ਨੂੰ ਸਾਫ਼-ਸਫਾਈ ਕਾਰਨ ਪੰਜਾਬ ਦੇ ਬਾਕੀ ਹਸਪਤਾਲਾਂ ਦਾ ਆਦਰਸ਼ ਹਸਪਤਾਲ ਕਿਹਾ ਜਾਂਦਾ ਹੈ। ਹਸਪਤਾਲ ਵਿਚ ਠੇਕੇਦਾਰ ਵੱਲੋਂ ਸਫਾਈ ਕਰਮਚਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ। ਕਰਮਚਾਰੀਆਂ ਦਾ ਦੋਸ਼ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਉਨ੍ਹਾਂ ਨੂੰ ਤਨਖਾਹ ਨਹੀਂ ਮਿਲੀ। ਸਵੇਰ ਤੋਂ ਲੈ ਕੇ ਰਾਤ ਤੱਕ ਰੋਟੇਸ਼ਨ ਵਾਈਜ਼ ਡਿਊਟੀ ਕਰਦੇ ਹਨ। ਸਿਵਲ ਹਸਪਤਾਲ ਨੂੰ ਕਾਇਆ-ਕਲਪ ਅਤੇ ਕੁਆਲਟੀ ਇੰਸ਼ੋਰੈਂਸ ਪ੍ਰਾਜੈਕਟ ਵਿਚ ਜੋ ਐਵਾਰਡ ਮਿਲੇ ਹਨ, ਉਸ ਵਿਚ ਸਫਾਈ ਕਰਮਚਾਰੀਆਂ ਦੀ ਅਹਿਮ ਭੂਮਿਕਾ ਹੈ। ਇੰਨਾ ਸਭ ਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਤਨਖਾਹ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ। ਠੇਕੇਦਾਰ ਤੋਂ ਤਨਖਾਹ ਮੰਗਦੇ ਹਾਂ ਤਾਂ ਉਹ ਅੱਜਕਲ ਕਹਿ ਕੇ ਟਾਲ ਦਿੰਦਾ ਹੈ। ਹਸਪਤਾਲ ਪ੍ਰਸ਼ਾਸਨ ਨੂੰ ਆਪਣੀ ਮੰਗ ਦੱਸਦੇ ਹਨ ਤਾਂ ਉਹ ਕਹਿੰਦੇ ਹਨ ਕਿ ਅਸੀਂ ਉਨ੍ਹਾਂ ਦੇ ਕਰਮਚਾਰੀ ਨਹੀਂ।  
ਸਫਾਈ ਕਰਮਚਾਰੀ ਮੁਲਖ ਰਾਜ, ਬਿੱਟੂ, ਅਮਨ, ਬਲਰਾਜ ਆਦਿ ਨੇ ਦੱਸਿਆ ਕਿ ਠੇਕਾ ਪ੍ਰਣਾਲੀ ਵਿਚ ਉਨ੍ਹਾਂ ਦਾ ਸ਼ੋਸ਼ਣ ਹੋ ਰਿਹਾ ਹੈ। ਪਹਿਲਾਂ ਜੋ ਠੇਕੇਦਾਰ ਸੀ, ਉਸ ਦਾ ਕਾਂਟਰੈਕਟ ਖਤਮ ਹੋਣ ਤੋਂ ਬਾਅਦ ਸਰਕਾਰ ਨੇ ਨਵੇਂ ਠੇਕੇਦਾਰ ਨੂੰ ਠੇਕਾ ਦਿੱਤਾ ਹੈ। ਠੇਕੇਦਾਰ ਦੋ ਸਾਲ ਦਾ ਪੀ. ਐੱਫ. ਫੰਡ ਜਾਰੀ ਨਹੀਂ ਕਰ ਰਿਹਾ। ਬੱਚਿਆਂ ਦੀ ਫੀਸ ਭਰਨੀ ਹੈ, ਘਰ ਦਾ ਚੁੱਲ੍ਹਾ ਬਾਲਣਾ ਹੈ ਹੋਰ ਵੀ ਕਈ ਜ਼ਰੂਰਤਾਂ ਹਨ ਜੋ ਪੈਸਿਆਂ ਦੇ ਬਿਨਾਂ ਪੂਰੀਆਂ ਨਹੀਂ ਹੋ ਸਕਦੀਆਂ। ਇਸ ਲਈ ਹੁਣ ਸਾਡੇ ਕੋਲ ਹੜਤਾਲ ਤੋਂ ਇਲਾਵਾ ਕੋਈ ਵਿਕਲਪ ਨਹੀਂ ਬਚਿਆ।  


Related News