ਦੂਜੀਆਂ ਪੋਸਟਾਂ ’ਤੇ ਕੰਮ ਕਰ ਰਹੇ ਸਫਾਈ ਕਰਮਚਾਰੀਆਂ ਦਾ ਰਿਕਾਰਡ ਨਿਗਮ ਵਲੋਂ ਤਲਬ

Friday, Mar 06, 2020 - 01:45 PM (IST)

ਦੂਜੀਆਂ ਪੋਸਟਾਂ ’ਤੇ ਕੰਮ ਕਰ ਰਹੇ ਸਫਾਈ ਕਰਮਚਾਰੀਆਂ ਦਾ ਰਿਕਾਰਡ ਨਿਗਮ ਵਲੋਂ ਤਲਬ

ਜਲੰਧਰ (ਖੁਰਾਣਾ) - ਕੁਝ ਦਿਨ ਪਹਿਲਾਂ 160 ਸੀਵਰਮੈਨਾਂ ਦੀ ਠੇਕੇ ਦੇ ਆਧਾਰ ’ਤੇ ਭਰਤੀ ਨੂੰ ਲੈ ਕੇ ਨਿਗਮ ਦੀ ਸਫਾਈ ਮਜ਼ਦੂਰ ਯੂਨੀਅਨ ਨੇ ਹੜਤਾਲ ਕਰ ਦਿੱਤੀ ਸੀ, ਜੋ ਲਗਾਤਾਰ ਇਕ ਹਫਤਾ ਜਾਰੀ ਰਹੀ। ਇਸ ਹੜਤਾਲ ਨਾਲ ਪੂਰੇ ਸ਼ਹਿਰ ਵਿਚ ਕੂੜੇ ਦੇ ਅੰਬਾਰ ਲੱਗ ਗਏ ਸਨ। ਇਸ ਹੜਤਾਲ ਦੌਰਾਨ ਸ਼ਹਿਰ ਦੇ ਵਿਧਾਇਕਾਂ, ਮੇਅਰ ਅਤੇ ਕੌਂਸਲਰਾਂ ਨੇ ਹੜਤਾਲੀ ਸਫਾਈ ਕਰਮਚਾਰੀਆਂ ਖਿਲਾਫ ਸਟੈਂਡ ਲੈਂਦਿਆਂ ਹੜਤਾਲ ਖੁੱਲ੍ਹਵਾਉਣ ਨੂੰ ਲੈ ਕੇ ਜੋ ਲਿਖਤੀ ਸਮਝੌਤਾ ਕੀਤਾ, ਉਸ ਵਿਚ ਜਿਥੇ ਸਫਾਈ ਕਰਮਚਾਰੀਆਂ ਦੀ ਬਾਇਓਮੈਟ੍ਰਿਕ ਹਾਜ਼ਰੀ ਲਾਉਣ ਦਾ ਫੈਸਲਾ ਹੋਇਆ। ਨਾਲ ਇਹ ਵੀ ਸਮਝੌਤਾ ਹੋਇਆ ਕਿ ਨਿਗਮ ਦਾ ਜੋ ਵੀ ਕਰਮਚਾਰੀ ਕਿਸੇ ਦੂਜੀ ਪੋਸਟ ’ਤੇ ਕੰਮ ਕਰ ਰਿਹਾ ਹੈ, ਉਸ ਨੂੰ ਵਾਪਸ ਆਪਣੀ ਮੂਲ ਪੋਸਟ ’ਤੇ ਲਾਇਆ ਜਾਵੇਗਾ। ਇਸ ਤੋਂ ਇਲਾਵਾ ਸਾਰੇ ਕਰਮਚਾਰੀਆਂ ਦੀਆਂ ਸਰਵਿਸ ਬੁੱਕਾਂ ਕੰਪਿਊਟਰਾਈਜ਼ਡ ਕਰਨ ’ਤੇ ਵੀ ਸਹਿਮਤੀ ਬਣੀ।

ਇਸ ਦੌਰਾਨ ਨਿਗਮ ਯੂਨੀਅਨਾਂ ’ਤੇ ਦਬਾਅ ਬਣਾਉਣ ਦੀ ਜੋ ਕੋਸ਼ਿਸ਼ ਕੀਤੀ ਗਈ, ਹੁਣ ਸੱਤਾ ਧਿਰ ਨੇ ਉਸ ਰਣਨੀਤੀ ’ਤੇ ਚੱਲਣਾ ਸ਼ੁਰੂ ਕਰ ਦਿੱਤਾ ਹੈ, ਜਿਸ ਤਹਿਤ ਨਿਗਮ ਪ੍ਰਸ਼ਾਸਨ ਨੇ ਆਪਣੇ ਸਾਰੇ ਵਿਭਾਗਾਂ ਨੂੰ ਚਿੱਠੀ ਜਾਰੀ ਕੀਤੀ ਹੈ, ਜਿਸ ਵਿਚ ਉਥੇ ਕੰਮ ਕਰ ਰਹੇ ਸਫਾਈ ਕਰਮਚਾਰੀਆਂ ਦੀ ਗਿਣਤੀ ਅਤੇ ਉਹ ਕਿਸ ਪੋਸਟ ’ਤੇ ਕੰਮ ਕਰ ਰਹੇ ਹਨ, ਦੀ ਜਾਣਕਾਰੀ ਮੰਗੀ ਗਈ ਹੈ। ਏ. ਐੱਚ. ਓ. ਭਾਵ ਅਸਿਸਟੈਂਟ ਹੈਲਥ ਆਫੀਸਰ ਵਲੋਂ ਜਾਰੀ ਇਸ ਚਿੱਠੀ ਵਿਚ ਇਹ ਜਾਣਕਾਰੀ ਤੁਰੰਤ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਹੈ।

ਕਿਸ ਵਿਭਾਗ ਤੋਂ ਤਲਬ ਹੋਈ ਜਾਣਕਾਰੀ

ਬੀ. ਐਂਡ ਆਰ. ਵਿਭਾਗ
ਓ. ਐਂਡ ਐੱਮ. ਵਿਭਾਗ
ਪ੍ਰਾਪਰਟੀ ਟੈਕਸ ਵਿਭਾਗ
ਵਾਟਰ ਸਪਲਾਈ ਵਿਭਾਗ
ਹਾਰਟੀਕਲਚਰ ਵਿਭਾਗ
ਲਾਇਸੈਂਸ ਵਿਭਾਗ
ਇਸ਼ਤਿਹਾਰ ਵਿਭਾਗ
ਤਹਿਬਾਜ਼ਾਰੀ ਵਿਭਾਗ
ਅਕਾਊਂਟਸ ਵਿਭਾਗ
ਵਰਕਸ਼ਾਪ ਵਿਭਾਗ
ਲੀਗਲ ਸ਼ਾਖਾ
ਸਟ੍ਰੀਟ ਲਾਈਟ ਵਿਭਾਗ
ਲਾਇਬ੍ਰੇਰੀ ਸ਼ਾਖਾ
ਕੰਪਿਊਟਰ ਸ਼ਾਖਾ
ਅਸਟੈਬਲਿਸ਼ਮੈਂਟ ਵਿਭਾਗ

ਨਿਗਮ ਲਈ ਮੁਸ਼ਕਲ ਭਰਿਆ ਕੰਮ
ਸਫਾਈ ਕਰਮਚਾਰੀਆਂ ਦੀ ਗੱਲ ਕਰੀਏ ਤਾਂ 100 ਤੋਂ ਵੱਧ ਸਫਾਈ ਕਰਮਚਾਰੀ ਇਸ ਸਮੇਂ ਨਿਗਮ ਦੇ ਵੱਖ-ਵੱਖ ਵਿਭਾਗਾਂ ਵਿਚ ਸਫਾਈ ਤੋਂ ਇਲਾਵਾ ਦੂਜੇ ਕੰਮਾਂ ’ਤੇ ਲੱਗੇ ਹੋਏ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਡਰਾਈਵਰ ਹਨ ਅਤੇ ਕਈ ਤਾਂ ਕਲਰਕ, ਸੇਵਾਦਾਰ ਅਤੇ ਹੋਰ ਕੰਮ ਵੀ ਕਰ ਰਹੇ ਹਨ। ਨਿਗਮ ਕੋਲ ਇਸ ਸਮੇਂ ਡਰਾਈਵਰਾਂ ਸਣੇ ਹੋਰ ਪੋਸਟਾਂ ਦੀ ਭਾਰੀ ਕਮੀ ਹੈ, ਜਿਸ ਕਾਰਣ ਸਫਾਈ ਕਰਮਚਾਰੀਆਂ ਕੋਲੋਂ ਦੂਜੇ ਕੰਮ ਖੋਹ ਲੈਣਾ ਨਿਗਮ ਲਈ ਔਖਾ ਮੰਨਿਆ ਜਾ ਰਿਹਾ ਹੈ। ਨਿਗਮ ਪ੍ਰਸ਼ਾਸਨ ਅਤੇ ਯੂਨੀਅਨਾਂ ਦਰਮਿਆਨ ਹੋਏ ਸਮਝੌਤੇ ਵਿਚ ਇਹ ਲਿਖਿਆ ਕਿ ਨਿਗਮ ਦਾ ਕੋਈ ਵੀ ਕਰਮਚਾਰੀ ਦੂਜੀ ਪੋਸਟ ’ਤੇ ਕੰਮ ਨਹੀਂ ਕਰੇਗਾ। ਅਜਿਹੇ ਵਿਚ ਨਿਗਮ ਨੂੰ ਦੂਜੇ ਕਰਮਚਾਰੀਆਂ ਨੂੰ ਦਿੱਤੇ ਗਏ ਚਾਰਜ ਵਾਪਸ ਲੈਣੇ ਪੈ ਸਕਦੇ ਹਨ, ਜੋ ਉਸ ਤੋਂ ਵੱਡੀ ਮੁਸ਼ਕਲ ਵਾਲਾ ਕੰਮ ਹੋਵੇਗਾ। ਨਿਗਮ ਦੇ ਜੋ ਡਾਕਟਰ ਡਿਸਪੈਂਸਰੀਆਂ ਵਿਚ ਤਾਇਨਾਤ ਹਨ, ਉਨ੍ਹਾਂ ਕੋਲੋਂ ਹੈਲਥ ਆਫੀਸਰ ਦਾ ਕੰਮ ਲਿਆ ਜਾ ਰਿਹਾ ਹੈ। ਇਸ ਦੇ ਨਾਲ ਦਰਜਨਾਂ ਅਜਿਹੇ ਅਧਿਕਾਰੀ ਅਤੇ ਕਰਮਚਾਰੀ ਹਨ, ਜੋ ਹੋਰ ਪੋਸਟਾਂ ’ਤੇ ਕੰਮ ਕਰ ਰਹੇ ਹਨ। ਹੁਣ ਨਿਗਮ ਇਸ ਮਾਮਲੇ ਵਿਚ ਅੱਗੇ ਕੀ ਕਾਰਵਾਈ ਕਰਦਾ ਹੈ, ਇਹ ਵੇਖਣ ਵਾਲੀ ਗੱਲ ਹੋਵੇਗੀ।

100 ਤੋਂ ਵੱਧ ਕਰਮਚਾਰੀ 31 ਮਾਰਚ ਨੂੰ ਹੀ ਹੋ ਰਹੇ ਰਿਟਾਇਰ
ਪੰਜਾਬ ਸਰਕਾਰ ਨੇ ਹਾਲ ਹੀ ਵਿਚ ਸਰਕਾਰੀ ਕਰਮਚਾਰੀਆਂ ਨੂੰ ਦਿੱਤੀ ਜਾਣ ਵਾਲੀ ਐਕਸਟੈਂਸ਼ਨ ਬੰਦ ਕਰ ਕੇ ਪਹਿਲੇ ਸਾਲ ਦੀ ਐਕਸਟੈਂਸ਼ਨ ਵਾਲੇ ਕਰਮਚਾਰੀਆਂ ਨੂੰ 31 ਮਾਰਚ ਜਦੋਂਕਿ ਹੋਰਨਾਂ ਨੂੰ 30 ਸਤੰਬਰ ਤੱਕ ਰਿਟਾਇਰ ਕਰਨ ਦਾ ਫੈਸਲਾ ਲਿਆ ਹੈ, ਜਿਸ ਦਾ ਸਭ ਤੋਂ ਮਾੜਾ ਅਸਰ ਜਲੰਧਰ ਨਗਰ ਨਿਗਮ ’ਤੇ ਪਵੇਗਾ ਕਿਉਂਕਿ ਇਸ ਦੇ 100 ਤੋਂ ਵੱਧ ਕਰਮਚਾਰੀ 31 ਮਾਰਚ ਨੂੰ ਹੀ ਰਿਟਾਇਰ ਹੋ ਜਾਣਗੇ। ਇਨ੍ਹਾਂ ਵਿਚੋਂ ਕਾਫੀ ਗਿਣਤੀ ਸਫਾਈ ਸੇਵਕਾਂ ਦੀ ਵੀ ਹੋਵੇਗੀ। ਅਜਿਹੀ ਸਥਿਤੀ ਵਿਚ ਨਿਗਮ ਕਿਵੇਂ ਕੰਮ ਚਲਾਵੇਗਾ, ਇਹ ਵੇਖਣ ਵਾਲੀ ਗੱਲ ਹੋਵੇਗੀ।

810 ਸਫਾਈ ਕਰਮਚਾਰੀਆਂ ਦੀ ਭਰਤੀ ’ਤੇ ਲੱਗਾ ਆਬਜ਼ੈਕਸ਼ਨ ਕਲੀਅਰ ਹੋ ਹੀ ਨਹੀਂ ਸਕਦਾ
ਇਕ ਪਾਸੇ ਜਿਥੇ ਸਫਾਈ ਕਰਮਚਾਰੀਆਂ ਦੀ ਕਮੀ ਅਤੇ ਉਨ੍ਹਾਂ ਦੀ ਭਰਤੀ ਨੂੰ ਲੈ ਕੇ ਸ਼ਹਿਰ ਵਿਚ ਹੰਗਾਮਾ ਹੁੰਦਾ ਹੀ ਰਹਿੰਦਾ ਹੈ, ਉਥੇ ਚੰਡੀਗੜ੍ਹ ਬੈਠੇ ਸਰਕਾਰ ਦੇ ਅਧਿਕਾਰੀ ਸਫਾਈ ਕਰਮਚਾਰੀਆਂ ਦੀ ਭਰਤੀ ਦੇ ਮਾਮਲਿਆਂ ਨੂੰ ਜ਼ਰਾ ਵੀ ਗੰਭੀਰਤਾ ਨਾਲ ਨਹੀਂ ਲੈਂਦੇ। ਇਨ੍ਹਾਂ ਅਧਿਕਾਰੀਆਂ ਨੇ ਨਿਗਮ ਵਲੋਂ ਪਿਛਲੇ ਸਾਲ ਪਾਸ ਕੀਤੇ ਗਏ 810 ਸਫਾਈ ਕਰਮਚਾਰੀਆਂ ਦੀ ਭਰਤੀ ਦੇ ਪ੍ਰਸਤਾਵ ’ਤੇ 3 ਮਹੀਨੇ ਬਾਅਦ ਕਈ ਆਬਜ਼ੈਕਸ਼ਨ ਲਾ ਕੇ ਉਸ ਨੂੰ ਵਾਪਸ ਨਿਗਮ ਭੇਜ ਦਿੱਤਾ ਹੈ। ਇਨ੍ਹਾਂ ਵਿਚ ਇਕ ਆਬਜ਼ੈਕਸ਼ਨ ਹੈ ਕਿ ਇਸ ਭਰਤੀ ’ਤੇ ਨਿਗਮ ਦੇ ਖਜ਼ਾਨੇ ’ਤੇ ਕਿੰਨਾ ਵਿੱਤੀ ਬੋਝ ਪਵੇਗਾ। ਵੇਖਿਆ ਜਾਵੇ ਤਾਂ ਇਹ ਆਬਜ਼ੈਕਸ਼ਨ ਕਦੀ ਕਲੀਅਰ ਹੋ ਹੀ ਨਹੀਂ ਸਕਦਾ ਕਿਉਂਕਿ ਜਿੰਨਾ ਵੀ ਬੋਝ ਪਵੇਗਾ, ਨਿਗਮ ਉਸ ਨੂੰ ਝੱਲਣ ਦੀ ਹਾਲਤ ਵਿਚ ਨਹੀਂ ਹੈ।
 


author

rajwinder kaur

Content Editor

Related News