ਪੰਜਾਬੀ ਕਲਾਕਾਰਾਂ ਨੇ ਦਿੱਲੀ ’ਚ ਚਲਾਈ ਸਫਾਈ ਮੁਹਿੰਮ, ਹਰਫ ਚੀਮਾ ਨੇ ਵੀਡੀਓ ਸਾਂਝੀ ਕਰਕੇ ਦੇਖੋ ਕੀ ਕਿਹਾ
Monday, Dec 21, 2020 - 04:18 PM (IST)
ਨਵੀਂ ਦਿੱਲੀ (ਬਿਊਰੋ)– ਪੰਜਾਬੀ ਗਾਇਕ ਕਿਸਾਨ ਅੰਦੋਲਨ ’ਚ ਵੱਡਾ ਯੋਗਦਾਨ ਪਾ ਰਹੇ ਹਨ। ਹਾਲ ਹੀ ’ਚ ਪੰਜਾਬੀ ਗਾਇਕ ਹਰਫ ਚੀਮਾ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਧਰਨੇ ਦੌਰਾਨ ਉਹ ਦਿੱਲੀ ਵਿਖੇ ਸਫਾਈ ਮੁਹਿੰਮ ਚਲਾ ਰਹੇ ਹਨ। ਦਿੱਲੀ ਜਾਂ ਉਸ ਦੇ ਨਾਲ ਲੱਗਦੇ ਜਿੰਨੇ ਵੀ ਬਾਰਡਰਾਂ ’ਤੇ ਕਿਸਾਨਾਂ ਵਲੋਂ ਧਰਨੇ ਲਗਾਏ ਗਏ ਹਨ, ਉਥੇ ਕਲਾਕਾਰਾਂ ਵਲੋਂ ਸਫਾਈ ਦਾ ਖਾਸ ਧਿਆਨ ਰੱਖਣ ਦੀ ਬੇਨਤੀ ਕੀਤੀ ਜਾ ਰਹੀ ਹੈ।
ਹਰਫ ਚੀਮਾ ਨੇ ਵੀਡੀਓ ਸਾਂਝੀ ਕਰਕੇ ਕਿਹਾ, ‘ਅੱਜ ਅਸੀਂ ਸਫਾਈ ਦੀ ਮੁਹਿੰਮ ਸ਼ੁਰੂ ਕੀਤੀ ਹੈ। ਕਨਵਰ ਗਰੇਵਾਲ, ਰਾਜਵੀਰ ਜਵੰਦਾ, ਗਲਵ ਵੜੈਚ ਤੇ ਸੋਨੀਆ ਮਾਨ ਸਾਥੀਆਂ ਨਾਲ ਮਿਲ ਕੇ ਵੱਖ-ਵੱਖ ਥਾਵਾਂ ’ਤੇ ਸਫਾਈ ਕਰ ਰਹੇ ਹਨ। 8-10 ਕਿਲੋਮੀਟਰ ਤਕ ਅਸੀਂ ਸਫਾਈ ਕੀਤੀ ਹੈ ਤੇ ਸਾਰਾ ਕੂੜਾ ਇਕੱਠਾ ਕਰਕੇ ਸੁੱਟ ਕੇ ਆਏ ਹਾਂ।’
ਧਰਨੇ ’ਚ ਮੌਜੂਦ ਲੋਕਾਂ ਨੂੰ ਬੇਨਤੀ ਕਰਦਿਆਂ ਹਰਫ ਨੇ ਅੱਗੇ ਕਿਹਾ, ‘ਜਿੰਨੀਆਂ ਟਰਾਲੀਆਂ ਇਥੇ ਮੌਜੂਦ ਹਨ, ਉਨ੍ਹਾਂ ਨਾਲ ਵੱਡੇ ਡਿਸਪੋਜ਼ੇਬਲ ਲਿਫਾਫੇ ਜ਼ਰੂਰ ਟੰਗੋ ਤਾਂ ਜੋ ਸਾਰੇ ਦਿਨ ਦਾ ਕੂੜਾ ਉਸ ’ਚ ਸੁੱਟ ਸਕੀਏ ਜਾਂ ਫਿਰ ਸਫਾਈ ਕਰਕੇ ਉਸ ’ਚ ਕੂੜਾ ਭਰ ਕੇ ਉਸ ਨੂੰ ਜਗ੍ਹਾ-ਜਗ੍ਹਾ ਖਿੱਲਰਣ ਤੋਂ ਰੋਕ ਸਕੀਏ।’
ਸੰਘਰਸ਼ ਦੀ ਗੱਲ ਕਰਦਿਆਂ ਹਰਫ ਨੇ ਕਿਹਾ, ‘ਸਾਨੂੰ ਨਹੀਂ ਪਤਾ ਕਿ ਇਹ ਸੰਘਰਸ਼ ਕਿੰਨਾ ਲੰਮਾ ਚੱਲਣਾ ਹੈ। ਜਿੰਨਾ ਗੰਦ ਇਥੇ ਪੈਂਦਾ ਰਿਹਾ, ਉਨਾ ਹੀ ਸਾਡਾ ਇਥੇ ਬੈਠਣਾ ਮੁਸ਼ਕਿਲ ਹੋ ਜਾਣਾ। ਅਸੀਂ ਇਥੇ ਆਪਣਾ ਘਰ ਆਪਣਾ ਪਿੰਡ ਵਸਾ ਲਿਆ ਹੈ, ਇਸ ਲਈ ਸਫਾਈ ਵੀ ਅਸੀਂ ਕਰਨੀ ਹੈ।’
ਨੋਟ– ਹਰਫ ਚੀਮਾ ਦੀ ਇਸ ਵੀਡੀਓ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।