ਮਾਮਲਾ ਬੱਚੇ ਦੇ ਕਲਾਸ ਰੂਮ ''ਚ ਬੰਦ ਹੋਣ ਦਾ, ਹੈੱਡ ਟੀਚਰ ਮੁਅੱਤਲ
Saturday, Nov 30, 2019 - 11:47 AM (IST)

ਪਟਿਆਲਾ (ਜੋਸਨ): ਇਥੋਂ ਦੇ ਅਰਬਨ ਅਸਟੇਟ ਫੇ਼ਜ਼-1 'ਚ ਬਣੇ ਸਰਕਾਰੀ ਮਾਡਲ ਐਲੀਮੈਂਟਰੀ ਸਕੂਲ ਦੇ ਨਰਸਰੀ ਕਲਾਸ ਦੇ ਬੱਚੇ ਨੂੰ ਬੀਤੇ ਦਿਨ ਕਮਰੇ ਅੰਦਰ ਹੀ ਬੰਦ ਕਰ ਕੇ ਚਲੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਵਿਚ ਜ਼ਿਲਾ ਸਿੱਖਿਆ ਅਧਿਕਾਰੀ ਇੰਜੀ. ਅਮਰਜੀਤ ਸਿੰਘ ਨੇ ਹੈੱਡ ਟੀਚਰ ਗੁਰਪ੍ਰੀਤ ਕੌਰ ਨੂੰ ਮੁਅੱਤਲ ਕਰ ਦਿੱਤਾ ਹੈ। ਬੇਸ਼ੱਕ ਬੱਚੇ ਦੇ ਮਾਪਿਆਂ ਨੇ ਅਧਿਆਪਕਾਂ ਦੀ ਗਲਤੀ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਫਿਰ ਵੀ ਇਸ ਵੱਡੀ ਗਲਤੀ ਤੋਂਮੁਨਕਰ ਨਹੀਂ ਹੋਇਆ ਜਾ ਸਕਦਾ।
ਜਾਣਕਾਰੀ ਮਿਲੀ ਹੈ ਕਿ ਅੱਜ ਸਕੂਲ 'ਚ 3 ਵਜੇ ਛੁੱਟੀ ਹੋਣ ਸਮੇਂ ਅਧਿਆਪਕਾ ਨਰਸਰੀ ਦੇ ਇਕ ਬੱਚੇ ਨੂੰ ਕਮਰੇ 'ਚ ਹੀ ਸੁੱਤਾ ਪਿਆ ਛੱਡ ਕੇ ਤਾਲਾ ਲਾ ਕੇ ਚਲੀ ਗਈ। ਇਸ ਤੋਂ ਬਾਅਦ ਬਾਕੀ ਦੇ ਅਧਿਆਪਕ ਵੀ ਬਾਹਰਲੇ ਗੇਟ ਨੂੰ ਤਾਲਾ ਲਾ ਕੇ ਜਦੋਂ ਜਾਣ ਲੱਗੇ ਤਾਂ ਇੰਨੀ ਦੇਰ ਨੂੰ ਬੱਚੇ ਦੀ ਮਾਂ ਸਕੂਲ ਪਹੁੰਚ ਗਈ। ਬੱਚੇ ਦੀ ਮਾਂ ਨੂੰ ਸਕੂਲ ਦੇ ਅੰਦਰ ਕਮਰੇ 'ਚੋਂ ਬੱਚੇ ਦੇ ਰੋਣ ਦੀਆਂ ਅਵਾਜ਼ਾਂ ਆਉਣ ਲੱਗੀਆਂ। ਇਸ ਕਾਰਣ ਅਧਿਆਪਕਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਉਨ੍ਹਾਂ ਚਾਬੀਆਂ ਮੰਗਵਾ ਕੇ ਸਕੂਲ ਦੇ ਗੇਟ ਅਤੇ ਕਮਰੇ ਦਾ ਦਰਵਾਜ਼ਾ ਖੁਲ੍ਹਵਾਇਆ ਅਤੇ ਬੱਚੇ ਨੂੰ ਬਹਾਰ ਕੱਢਿਆ।
ਬੱਚੇ ਦੀ ਮਾਂ ਨੇ ਅਧਿਆਪਕਾਂ ਦੀ ਗਲਤੀ ਨਾ ਕਢਦਿਆਂ ਕਿਹਾ ਕਿ ਬੱਚਾ ਬੀਮਾਰ ਸੀ, ਜਿਸ ਕਰ ਕੇ ਉਸ ਨੂੰ ਦਵਾਈ ਦਿੱਤੀ ਸੀ। ਉਨ੍ਹਾਂ ਦਾ ਬੱਚਾ ਸਹੀ-ਸਲਾਮਤ ਹੈ। ਇਸ ਵਿਚ ਕਿਸੇ ਨੂੰ ਵੀ ਉਹ ਕਸੂਰਵਾਰ ਨਹੀਂ ਮੰਨਦੇ।ਹੈੱਡ ਟੀਚਰ ਨੇ ਦੱਸਿਆ ਕਿ ਹੈੱਡ ਟੀਚਰ ਦੀ ਇਸ ਵਿਚ ਅਣਗਹਿਲੀ ਵੀ ਹੈ। ਇਸ ਲਈ ਉਸ ਕੋਲੋਂ ਜਵਾਬ-ਤਲਬੀ ਵੀ ਕੀਤੀ ਗਈ ਹੈ। ਵਿਭਾਗ ਨੇ ਅਧਿਆਪਕਾ ਨੂੰ ਮੁਅੱਤਲ ਕਰ ਕੇ ਨੋਟਿਸ ਜਾਰੀ ਕਰ ਦਿੱਤਾ ਹੈ। ਜ਼ਿਲਾ ਸਿੱਖਿਆ ਅਧਿਕਾਰੀ ਦਾ ਕਹਿਣਾ ਹੈ ਕਿ ਬੇਸ਼ੱਕ ਬੱਚੇ ਦੇ ਮਾਪੇ ਕੁਝ ਵੀ ਕਹਿਣ ਪਰ ਇਹ ਬਹੁਤ ਵੱਡੀ ਲਾਪਰਵਾਹੀ ਹੈ।