ਪ੍ਰਸਿੱਧ ਰਾਗੀ ਭਾਈ ਅਮਰਦੀਪ ਸਿੰਘ ਦਾ ਅਮਰੀਕਾ 'ਚ ਦੇਹਾਂਤ, ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

Tuesday, Jul 16, 2024 - 11:52 PM (IST)

ਪ੍ਰਸਿੱਧ ਰਾਗੀ ਭਾਈ ਅਮਰਦੀਪ ਸਿੰਘ ਦਾ ਅਮਰੀਕਾ 'ਚ ਦੇਹਾਂਤ, ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਹੁਸ਼ਿਆਰਪੁਰ- ਦਸੂਹਾ ਦੇ ਪਿੰਡ ਬੋਦਲ ਦੇ 45 ਸਾਲਾ ਨੌਜਵਾਨ ਅਤੇ ਭਾਰਤੀ ਕਲਾਸਿਕਲ ਸੰਗੀਤ ਦੇ ਪ੍ਰਸਿੱਧ ਗਾਇਕ ਅਤੇ ਰਾਗੀ ਭਾਈ ਅਮਰਦੀਪ ਸਿੰਘ ਦੀ ਅਮਰੀਕਾ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਇਸ ਦੁਖਦ ਖਬਰ ਨਾਲ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਹੈ। 

ਦੱਸ ਦੇਈਏ ਕਿ ਭਾਈ ਅਮਰਦੀਪ ਸਿੰਘ ਨੇ ਭਾਰਤੀ ਕਲਾਸਿਕਲ ਸੰਗੀਤ 'ਚ ਪੰਜਾਬ ਅਤੇ ਦੇਸ਼ ਦਾ ਨਾਂ ਪੂਰੀ ਦੁਨੀਆ 'ਚ ਚਮਕਾਇਆ ਹੈ। ਵਧੇਰੇ ਜਾਣਕਾਰੀ ਦਿੰਦੇ ਹੋਏ ਅਮਰਦੀਪ ਦੇ ਵੱਡੇ ਭਰਾ ਅਕਾਸ਼ਦੀਪ ਸਿੰਘ ਨੇ ਦੱਸਿਆ ਕਿ ਮੇਰਾ ਭਰਾ ਅਮਰਦੀਪ ਸਿੰਘ 2018 'ਚ ਅਮਰੀਕਾ ਗਿਆ ਸੀ ਅਤੇ ਆਪਣੀ ਪਤਨੀ ਅਤੇ ਇਕ ਪੁੱਤਰ ਨਾਲ ਐਰੀਜ਼ੋਨਾ ਸ਼ਹਿਰ 'ਚ ਰਹਿ ਰਿਹਾ ਸੀ। ਅਮਰਦੀਪ ਨੇ ਭਾਰਤੀ ਕਲਾਸਿਕਲ ਸੰਗੀਤ 'ਚ ਐੱਮ.ਏ. ਕੀਤੀ ਸੀ ਅਤੇ ਭਾਰਤ ਦੇ ਨਾਲ-ਨਾਲ ਦੁਨੀਆ ਦੇ ਕਈ ਵੱਡੇ ਸ਼ਹਿਰਾਂ 'ਚ ਉਹ ਸੰਗੀਤ ਦੇ ਪ੍ਰੋਗਰਾਮ ਕਰ ਚੁੱਕ ਹੈ। ਦੇਸ਼ ਦੀਆਂ ਕਈ ਵੱਡੀਆਂ ਹਸਤੀਆਂ ਨੇ ਅਮਰਦੀਪ ਨੂੰ ਸਨਮਾਨਿਤ ਕੀਤਾ ਹੈ। ਸਾਡਾ ਪਰਿਵਾਰ ਬਾਰਾ ਮਰਦਾਨਾ ਜੀ ਦੀ ਗੋਤ ਨਾਲ ਸੰਬੰਧਿਤ ਹੈ ਅਤੇ ਗਾਇਕੀ 'ਚ ਸਾਡਾ ਬੋਦਲ ਘਰਾਣੇ ਨਾਲ ਸੰਬੰਧ ਹੈ। 

ਅਮਰਦੀਪ ਦੇ ਭਰਾ ਨੇ ਦੱਸਿਆ ਕਿ ਜਦੋਂ ਸਾਨੂੰ ਸਾਡੇ ਰਿਸ਼ਤੇਦਾਰ ਨੇ ਅਮਰੀਕਾ ਤੋਂ ਫੋਨ 'ਤੇ ਇਹ ਜਾਣਕਾਰੀ ਦਿੱਤੀ ਤਾਂ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਕਿਉਂਕਿ ਭਾਈ ਅਮਰਦੀਪ ਸਿੰਘ ਨੂੰ ਲੋਕਾਂ ਦਾ ਖੂਬ ਪਿਆਰ ਮਿਲਦਾ ਸੀ। 

ਇਸ ਸੰਬੰਧੀ ਭਾਈ ਅਮਰਦੀਪ ਸਿੰਘ ਦੀ ਮਾਤਾ ਰਜਿੰਦਰ ਕੌਰ ਦਾ ਕਹਿਣਾ ਹੈ ਕਿ ਅਮਰਦੀਪ ਆਪਣੇ ਸਾਰੇ ਭਰਾਵਾਂ ਨਾਲ ਫੋਨ 'ਤੇ ਲਗਾਤਾਰ ਗੱਲ ਕਰਦਾ ਰਹਿੰਦਾ ਸੀ ਪਰ ਮੇਰੇ ਨਾਲ ਕਈ ਮਹੀਨਿਆਂ ਤੋਂ ਗੱਲ ਨਹੀਂ ਹੋਈ। ਹੁਣ ਮੈਨੂੰ ਇਸ ਗੱਲ ਦਾ ਪਛਤਾਵਾ ਹੋ ਰਿਹਾ ਹੈ ਕਾਸ਼ ਮੈਂ ਇਕ ਵਾਰ ਆਪਣੇ ਪੁੱਤਰ ਨਾਲ ਆਖਰੀ ਵਾਰ ਹੀ ਗੱਲ ਕਰ ਸਕਦੀ। 

ਉਨ੍ਹਾਂ ਦੱਸਿਆ ਕਿ ਅਮਰਦੀਪ ਸਿੰਘ ਦਾ ਅੰਤਿਮ ਸੰਸਕਾਰ ਅਮਰੀਕਾ 'ਚ ਹੀ ਕੀਤਾ ਜਾਵੇਗਾ। ਉਥੇ ਹੀ ਸਮੂਹ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਭਾਈ ਅਮਰਦੀਪ ਸਿੰਘ ਦੀ ਯਾਦ ਵਿੱਚ ਪਿੰਡ ਬੋਦਲ ਵਿੱਚ ਯਾਦਗਾਰ ਬਣਾਈ ਜਾਵੇ ਤਾਂ ਜੋ ਲੋਕ ਯੁਗਾਂ-ਯੁਗਾਂਤਰਾਂ ਤੱਕ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੀ ਇਸ ਮਹਾਨ ਸ਼ਖ਼ਸੀਅਤ ਨੂੰ ਯਾਦ ਰੱਖ ਸਕਣ।


author

Rakesh

Content Editor

Related News