ਮਮਦੋਟ : ਦੋ ਧਿਰਾਂ ਵਿਚਾਲੇ ਭਿਆਨਕ ਝੜਪ, ਚੱਲੀ ਗੋਲੀ, ਵਰ੍ਹਾਏ ਇੱਟਾਂ-ਰੋੜੇ

03/31/2018 7:25:01 PM

ਮਮਦੋਟ (ਸੰਜੀਵ, ਧਵਨ)— ਪੁਰਾਣੀ ਰੰਜਿਸ਼ ਕਾਰਨ ਸ਼ਨੀਵਾਰ ਬਾਅਦ ਦੁਪਹਿਰ ਸਥਾਨਕ ਸਟੇਡੀਅਮ ਦੇ ਸਾਹਮਣੇ ਦੋ ਧਿਰਾਂ ਵਿਚਾਲੇ ਲੜਾਈ ਹੋ ਗਈ, ਜਿਸ ਦੌਰਾਨ ਕਾਫੀ ਇੱਟਾਂ-ਰੋੜੇ ਚੱਲਣ ਤੋਂ ਇਲਾਵਾ ਗੋਲੀ ਚੱਲਣ ਦਾ ਵੀ ਮਾਮਲਾ ਸਾਹਮਣੇ ਆਇਆ ਹੈ। ਇਸ ਲੜਾਈ ਦੌਰਾਨ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਤੋਂ ਬਾਅਦ ਮੈਡੀਕਲ ਕਾਲਜ ਫਰੀਦਕੋਟ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਉਧਰ ਦੂਸਰੀ ਧਿਰ ਦੇ ਇਕ ਵਿਅਕਤੀ ਦੇ ਵੀ ਜ਼ਖਮੀ ਹੋਣ ਦਾ ਪਤਾ ਲੱਗਾ ਹੈ। ਥਾਣਾ ਮਮਦੋਟ ਦੇ ਐੱਸ. ਐੱਚ. ਓ. ਰਸ਼ਪਾਲ ਸਿੰਘ ਵੀ ਟੀਮ ਸਮੇਤ ਮੌਕੇ 'ਤੇ ਪੁੱਜ ਗਏ।
PunjabKesari
ਫਿਰੋਜ਼ਪੁਰ ਵਿਖੇ ਜ਼ੇਰੇ ਇਲਾਜ ਜ਼ਖਮੀ ਹਰਦੀਪ ਸਿੰਘ ਅਤੇ ਪ੍ਰੀਤਮ ਸਿੰਘ ਦੇ ਭਰਾ ਸੁਰਜੀਤ ਸਿੰਘ ਵਾਸੀ ਬਸਤੀ ਗੁਲਾਬ ਸਿੰਘ ਵਾਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਉਹ ਪੁਲਸ ਥਾਣੇ 'ਚ ਸ਼ਿਕਾਇਤ ਸਬੰਧੀ ਅੱਜ ਬਾਅਦ ਦੁਪਹਿਰ ਆ ਰਹੇ ਸਨ ਕਿ ਮਮਦੋਟ ਦੇ ਸਟੇਡੀਅਮ ਸਾਹਮਣੇ ਰਾਹ 'ਚ ਦਰਜਨਾਂ ਦੀ ਗਿÎਣਤੀ 'ਚ ਖੜ੍ਹੇ ਵਿਅਕਤੀਆਂ ਨੇ ਇੱਟਾਂ-ਰੋੜੇ ਵਰਾਉਣੇ ਅਤੇ ਗੱਡੀ ਦੀ ਭੰਨ-ਤੋੜ ਕਰਨੀ ਸ਼ੁਰੂ ਕਰ ਦਿੱਤੀ। ਤੈਸ਼ 'ਚ ਆਏ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਗੋਲੀ ਵੀ ਚਲਾਈ, ਜਿਸ 'ਚ ਉਸ ਦੇ ਉਕਤ ਦੋਵੇਂ ਭਰਾ ਜ਼ਖਮੀ ਹੋ ਗਏ।
ਥਾਣਾ ਮੁਖੀ ਰਸ਼ਪਾਲ ਸਿੰਘ ਦਾਸੂਵਾਲ ਨੇ ਦੱਸਿਆ ਹੈ ਕਿ ਇਨ੍ਹਾਂ ਦੋ ਧਿਰਾਂ ਵਿਚਾਲੇ ਪੁਰਾਣੀ ਸਰਪੰਚੀ ਦੇ ਵਿਵਾਦ ਕਾਰਨ ਘਟਨਾ ਵਾਪਰੀ ਹੈ, ਜਿਸ ਸਬੰਧੀ ਜ਼ਖਮੀ ਦੇ ਬਿਆਨ ਲੈਣ ਲਈ ਪੁਲਸ ਟੀਮ ਭੇਜੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।


Related News