ਕਪੂਰਥਲਾ ਦੇ ਜਲੌਖਾਨਾ ਚੌਂਕ 'ਚ ਭਿੜੀਆਂ ਦੋ ਧਿਰਾਂ, ਚੱਲੀਆਂ ਗੋਲ਼ੀਆਂ
Friday, Oct 22, 2021 - 06:34 PM (IST)
ਕਪੂਰਥਲਾ (ਭੂਸ਼ਣ)- ਜਲੌਖਾਨਾ ਖੇਤਰ ’ਚ ਹੋਏ ਝਗੜੇ ਦੌਰਾਨ ਇਕ ਨੌਜਵਾਨ ’ਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਉੱਪ ਪ੍ਰਧਾਨ ਅਤੇ ਉਸ ਦੇ ਬੇਟੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਚਾਹਤ ਸੂਦ ਪੁੱਤਰ ਕੇਵਲ ਕਿਸ਼ਨ ਵਾਸੀ ਮੁਹੱਲਾ ਲਾਹੌਰੀ ਗੇਟ, ਕਪੂਰਥਲਾ ਨੇ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਹ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ ਅਤੇ 20 ਅਕਤੂਬਰ ਦੀ ਰਾਤ ਕਰੀਬ 10.30 ਵਜੇ ਉਹ ਆਪਣੇ ਦੋਸਤ ਨਾਲ ਆਈਸਕ੍ਰੀਮ ਖਾਣ ਲਈ ਜਲੌਖਾਨਾ ਚੌਕ ’ਚ ਗਿਆ ਸੀ, ਜਿਸ ਦੌਰਾਨ ਜਦੋਂ ਉਹ ਆਈਸਕ੍ਰੀਮ ਖਾ ਰਿਹਾ ਸੀ ਤਾਂ ਨੀਰਜ ਕੁਮਾਰ ਪੁੱਤਰ ਪਿਆਰਾ ਲਾਲ ਵਾਸੀ ਮੁਹੱਲਾ ਸ਼ੋਰੀਆਂ ਨਜ਼ਦੀਕ ਜਲੌਖਾਨਾ ਕਪੂਰਥਲਾ ਉਨ੍ਹਾਂ ਕੋਲ ਆ ਗਿਆ। ਜਿਸ ਨੇ ਆਉਂਦੇ ਹੀ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਨੇ ਅਤੇ ਉਸ ਦੇ ਦੋਸਤ ਨੇ ਬਹਿਸ ਕਰਨ ਦੀ ਬਜਾਏ ਥਾਣਾ ਸਿਟੀ ਕਪੂਰਥਲਾ ’ਚ ਸ਼ਿਕਾਇਤ ਦਰਜ ਕਰਵਾਈ।
ਇਹ ਵੀ ਪੜ੍ਹੋ: ਦੋਆਬਾ ਵਾਸੀਆਂ ਨੂੰ ਟ੍ਰੈਫਿਕ ਤੋਂ ਮਿਲੇਗੀ ਰਾਹਤ, ਜਲੰਧਰ-ਪਠਾਨਕੋਟ ਹਾਈਵੇਅ ’ਤੇ ਬਣਨਗੇ 4 ਨਵੇਂ ਬਾਈਪਾਸ
ਥਾਣਾ ਸਿਟੀ ਕਪੂਰਥਲਾ ਦੇ ਕਰਮਚਾਰੀ ਪੀ. ਸੀ. ਆਰ. ਟੀਮ ਦੇ ਨਾਲ ਮੌਕੇ ’ਤੇ ਪਹੁੰਚੇ। ਜਿਸ ਤੋਂ ਬਾਅਦ ਜਦੋਂ ਉਹ ਅਤੇ ਉਸ ਦਾ ਦੋਸਤ ਭਾਣੂ ਪ੍ਰਸ਼ਾਦ ਜੋਸ਼ੀ ਆਪਣਾ ਮੋਟਰਸਾਈਕਲ ਲੈਣ ਲਈ ਦੋਬਾਰਾ ਜਲੌਖਾਨਾ ਚੌਂਕ ’ਚ ਗਏ ਤਾਂ ਉੱਥੇ ਪੀ. ਸੀ. ਆਰ. ਕਰਮਚਾਰੀ ਪਹਿਲਾਂ ਹੀ ਮੌਜੂਦ ਸਨ ਅਤੇ ਮੁਹੱਲੇ ਦੇ ਹੋਰ ਵੀ ਲੋਕ ਚੌਂਕ ’ਚ ਮੌਜੂਦ ਸਨ। ਜਦੋਂ ਉਹ ਆਪਣਾ ਮੋਟਰਸਾਈਕਲ ਲੈ ਕੇ ਵਾਪਸ ਆਪਣੇ ਘਰ ਜਾਣ ਲੱਗੇ ਤਾਂ ਨੀਰਜ ਕੁਮਾਰ ਆਪਣੇ ਹੱਥ ’ਚ ਫੜ੍ਹੀ ਗੰਡਾਸੀ ਨਾਲ ਲਲਕਾਰੇ ਮਾਰਦਾ ਰਿਹਾ ਅਤੇ ਗਾਲੀ ਗਲੋਚ ਕਰਦੇ ਹੋਏ ਸਾਡੇ ਵੱਲ ਆਇਆ। ਜਦੋਂ ਉਹ ਆਪਣੇ ਮੋਟਰਸਾਇਕਲ ਤੋਂ ਉਤਰ ਕੇ ਉਸ ਕੋਲੋਂ ਇਸ ਸਬੰਧੀ ਪੁੱਛਿਆ ਤਾਂ ਉਸ ਨੇ ਬਿਨ੍ਹਾਂ ਕੋਈ ਗੱਲ ਕੀਤੇ ਉਸ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਨੇ ਨੀਰਜ ਕੁਮਾਰ ਨੂੰ ਧੱਕਾ ਮਾਰਿਆ ਤਾਂ ਨੀਰਜ ਕੁਮਾਰ ਨੇ ਆਪਣੇ ਹੱਥ ’ਚ ਫੜ੍ਹੀ ਗੰਡਾਸੀ ਨਾਲ ਉਸ ਉੱਪਰ ਹਮਲਾ ਕਰ ਦਿੱਤਾ। ਜਿਸ ਤੋਂ ਬਚਾਅ ਲਈ ਉਸ ਨੇ ਆਪਣਾ ਖੱਬਾ ਹੱਥ ਉੱਪਰ ਕੀਤਾ, ਜੋ ਉਸ ਦੇ ਹੱਥ ਦੀ ਛੋਟੀ ਉਂਗਲੀ (ਚੀਚੀ) ’ਤੇ ਲੱਗਾ। ਦੂਜੀ ਵਾਰ ਨੀਰਜ ਕੁਮਾਰ ਨੇ ਆਪਣੇ ਹੱਥ ’ਚ ਫੜ੍ਹੀ ਗੰਡਾਸੀ ਨਾਲ ਉਸ ਦੇ ਸਿਰ ’ਤੇ ਹਮਲਾ ਕਰ ਦਿੱਤਾ। ਜਿਸ ਤੋਂ ਬਚਾਅ ਲਈ ਉਸ ਨੇ ਹੁਣ ਆਪਣੀ ਬਾਂਹ ਉੱਪਰ ਕੀਤੀ ਤਾਂ ਬਾਂਹ ਦੇ ਹੇਠਲੇ ਹਿੱਸੇ ’ਤੇ ਸੱਟ ਲੱਗ ਗਈ।
ਇਹ ਵੀ ਪੜ੍ਹੋ: ਅਨੂਪ ਪਾਠਕ ਖ਼ੁਦਕੁਸ਼ੀ ਮਾਮਲੇ 'ਚ ਨਵਾਂ ਮੋੜ, ਮੌਤ ਤੋਂ ਪਹਿਲਾਂ ਦੀ ਸਾਹਮਣੇ ਆਈ ਵੀਡੀਓ ਨਾਲ ਉੱਡੇ ਪਰਿਵਾਰ ਦੇ ਹੋਸ਼
ਨੀਰਜ ਕੁਮਾਰ ਨੇ ਤੀਜੀ ਵਾਰ ਉਸ ਦੀ ਵੱਖੀ ’ਤੇ ਹਮਲਾ ਕੀਤਾ। ਇੰਨੇ ’ਚ ਨੀਰਜ ਕੁਮਾਰ ਦਾ ਪਿਤਾ ਪਿਆਰਾ ਲਾਲ ਪੁੱਤਰ ਰੱਖਾ ਰਾਮ ਵਾਸੀ ਮੁਹੱਲਾ ਸ਼ੋਰੀਆਂ ਕਪੂਰਥਲਾ, ਜੋ ਕਿ ਪੰਜਾਬ ਪੁਲਸ ਦਾ ਰਿਟਾਇਰਡ ਇੰਸਪੈਕਟਰ ਹੈ ਅਤੇ ਸ਼ਿਵ ਸੈਨਾ ਬਾਲ ਠਾਕਰੇ ਦਾ ਪੰਜਾਬ ਉੱਪ ਪ੍ਰਧਾਨ ਹੈ, ਆਪਣੀ ਸਕੂਟਰੀ ’ਤੇ ਸਵਾਰ ਹੋ ਕੇ ਆਇਆ, ਜਿਸ ਨੇ ਆਉਂਦੇ ਹੀ ਲਲਕਾਰੇ ਮਾਰੇ ਅਤੇ ਆਪਣੇ ਹੱਥ ’ਚ ਫੜ੍ਹੇ ਰਿਵਾਲਵਰ ਨਾਲ 2 ਫਾਇਰ ਜਾਨ ਤੋਂ ਮਾਰਨ ਦੀ ਨੀਅਤ ਨਾਲ ਉਸ ਉੱਪਰ ਕੀਤੇ। ਜੋ ਉਸ ਦੀ ਸਾਈਡ ਤੋਂ ਹੋ ਕੇ ਨਿਕਲਣ ਦੇ ਕਾਰਨ ਉਹ ਵਾਲ-ਵਾਲ ਬੱਚ ਗਿਆ ਅਤੇ ਉਹ ਡਰ ਦੇ ਮਾਰੇ ਪਿੱਛੇ ਹੋ ਗਿਆ।
ਜਿਸ ਦੌਰਾਨ ਪੀ. ਸੀ. ਆਰ. ਟੀਮ ਦੇ ਆਉਣ ’ਤੇ ਨੀਰਜ ਕੁਮਾਰ ਅਤੇ ਪਿਆਰਾ ਲਾਲ ਆਪਣੇ 3-4 ਅਣਪਛਾਤੇ ਸਾਥੀਆਂ ਜੋ ਕਿ ਵਾਰਦਾਤ ਦੇ ਸਮੇਂ ਇਨ੍ਹਾਂ ਦੇ ਕੋਲ ਖਡ਼੍ਹੇ ਸੀ, ਮੌਕੇ ਤੋਂ ਹਥਿਆਰਾਂ ਸਮੇਤ ਫਰਾਰ ਹੋ ਗਏ। ਉਸ ਦੇ ਸਾਥੀ ਭਾਣੂ ਪ੍ਰਸ਼ਾਦ ਜੋਸ਼ੀ ਨੇ ਉਸ ਨੂੰ ਜ਼ਖ਼ਮੀ ਹਾਲਤ ’ਚ ਇਲਾਜ ਦੇ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ।
ਇਹ ਵੀ ਪੜ੍ਹੋ: ਹਰੀਸ਼ ਰਾਵਤ ਦੀ ਕੈਪਟਨ ਨੂੰ ਦੋ ਟੁੱਕ, ਕਿਹਾ-ਭਾਜਪਾ ਨਾਲ ਹੱਥ ਮਿਲਾਇਆ ਤਾਂ ਸਨਮਾਨ ਗੁਆ ਦੇਣਗੇ ਅਮਰਿੰਦਰ ਸਿੰਘ
ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਪੀ. (ਡੀ.) ਵਿਸ਼ਾਲਜੀਤ ਸਿੰਘ, ਡੀ. ਐੱਸ. ਪੀ. ਸਬ ਡਿਵੀਜ਼ਨ ਸੁਰਿੰਦਰ ਸਿੰਘ ਅਤੇ ਐੱਸ. ਐੱਚ. ਓ. ਸਿਟੀ ਇੰਸਪੈਕਟਰ ਗੌਰਵ ਧੀਰ ਮੌਕੇ ’ਤੇ ਪਹੁੰਚੇ ਅਤੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਉਪਰੰਤ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ। ਸਿਟੀ ਪੁਲਸ ਨੇ ਪੂਰੀ ਜਾਂਚ ਦੇ ਬਾਅਦ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਉੱਪ ਪ੍ਰਧਾਨ ਪਿਆਰਾ ਲਾਲ ਅਤੇ ਉਸ ਦੇ ਬੇਟੇ ਨੀਰਜ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰਕੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ