ਨਵਜੋਤ ਸਿੱਧੂ ਖ਼ਿਲਾਫ ਕਾਂਗਰਸ ’ਚ ਵਧਿਆ ਕਲੇਸ਼, ਲੋਹਾ-ਲਾਖਾ ਹੋਏ ਲੀਡਰ

Tuesday, Jan 09, 2024 - 06:26 PM (IST)

ਨਵਜੋਤ ਸਿੱਧੂ ਖ਼ਿਲਾਫ ਕਾਂਗਰਸ ’ਚ ਵਧਿਆ ਕਲੇਸ਼, ਲੋਹਾ-ਲਾਖਾ ਹੋਏ ਲੀਡਰ

ਜਲੰਧਰ : ਪੰਜਾਬ ਕਾਂਗਰਸ ਵਿੱਚ ਚੱਲ ਰਹੇ ਕਾਟੋ ਕਲੇਸ਼ ਦਰਮਿਆਨ ਕਈ ਲੀਡਰਾਂ ਨੇ ਨਵਜੋਤ ਸਿੱਧੂ ਖ਼ਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ। ਹਾਈਕਮਾਂਡ ਤੋਂ ਖੁੱਲ੍ਹੇ ਤੌਰ ’ਤੇ ਸਿੱਧੂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਭਾਵੇਂ ਕਾਂਗਰਸ ਦੇ ਨਵ ਨਿਯੁਕਤ ਇੰਚਾਰਜ ਦਵੇਂਦਰ ਯਾਦਵ ਨੇ ਆਪਣੀ ਪਲੇਠੀ ਫੇਰੀ ਦੌਰਾਨ ਪੰਜਾਬ ਕਾਂਗਰਸ ਵਿਚਾਲੇ ਏਕਤਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਇਸ ਫੇਰੀ ਦੌਰਾਨ ਵੀ ਨਵਜੋਤ ਸਿੱਧੂ ਨੇ ਖੁੱਲ੍ਹੇ ਤੌਰ ’ਤੇ ਆਪਣੇ ਪਾਰਟੀ ਵਿਰੋਧੀ ਧੜੇ ’ਤੇ ਬਿਆਨਬਾਜ਼ੀ ਕਰਕੇ ਮਾਹੌਲ ਹੋਰ ਭਖਾ ਦਿੱਤਾ ਹੈ। ਸਿੱਧੂ ਨੇ ਇੱਥੋਂ ਤਕ ਆਖ ਦਿੱਤਾ ਕਿ ਕੋਈ ਕਾਂਗਰਸੀ ਜੇਕਰ ਆਪਣੀਆਂ ਰੈਲੀਆਂ ਵਿਚ 10 ਹਜ਼ਾਰ ਦਾ ਇਕੱਠ ਕਰਕੇ ਦਿਖਾਏਗਾ ਤਾਂ ਉਹ ਤਾੜੀਆਂ ਮਾਰ ਕੇ ਸਵਾਗਤ ਕਰਨਗੇ। ਅਜਿਹੇ ਬਿਆਨਾਂ ਕਰਕੇ ਕਾਂਗਰਸ ਵਿਚ ਵੱਡੇ ਪੱਧਰ ’ਤੇ ਸਿੱਧੂ ਖ਼ਿਲਾਫ਼ ਕਾਰਵਾਈ ਦੀ ਮੰਗ ਉੱਠ ਰਹੀ ਹੈ। ਕਾਂਗਰਸੀਆਂ ਦਾ ਆਖਣਾ ਹੈ ਕਿ ਸਿੱਧੂ ਨਾ ਸਿਰਫ ਨਿੱਜੀ ਮੁਫਾਦਾਂ ਕਰਕੇ ਅਨੁਸ਼ਾਸਨ ਭੰਗ ਕਰ ਰਹੇ ਹਨ ਸਗੋਂ ਇਸ ਨਾਲ ਪਾਰਟੀ ਦਾ ਵੱਡਾ ਨੁਕਸਾਨ ਹੋ ਰਿਹਾ ਹੈ।

ਇਹ ਵੀ ਪੜ੍ਹੋ : ਕਿੱਕੀ ਢਿੱਲੋਂ ਨੇ ਕੀਤਾ ਗਠਜੋੜ ਦਾ ਵਿਰੋਧ, ਕਿਹਾ ਚੀਫ ਮਨਿਸਟਰੀ ਦੇ ਗਾਹਕਾਂ ਦਾ ਨਬੇੜਾ ਕਰੇ ਕਾਂਗਰਸ

ਇਕ ਪਾਸੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਕੁਲਬੀਰ ਜੀਰਾ ਹਨ ਜਦਕਿ ਦੂਜੇ ਪਾਸੇ ਨਵਜੋਤ ਸਿੱਧੂ ਇਕੱਲੇ ਹਨ। ਕੁਲਬੀਰ ਜੀਰਾ ਨੇ ਤਾਂ ਇਥੋਂ ਤਕ ਆਖ ਦਿੱਤਾ ਸੀ ਕਿ ਸਿੱਧੂ ਵਰੀ ’ਚ ਮਿਲੇ ਉਨ੍ਹਾਂ ਸੂਟਾਂ ਵਰਗਾ ਹੈ ਜਿਸ ਨੂੰ ਨਾ ਤਾਂ ਪਾ ਸਕਦੇ ਹਾਂ ਅਤੇ ਨਾ ਹੀ ਲਾਹ ਸਕਦੇ ਹਾਂ। ਉਨ੍ਹਾਂ ਕਿਹਾ ਸੀ ਕਿ ਸਿੱਧੂ ਹਮੇਸ਼ਾ ਵੱਖਰੀ ਦੁਕਾਨ ਖੋਲ੍ਹੀ ਰੱਖਦਾ ਹੈ। ਇਸੇ ਦਾ ਨਤੀਜਾ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ 78 ਸੀਟਾਂ ਜਿੱਤਣ ਵਾਲੀ ਕਾਂਗਰਸ 2022 ਵਿਚ ਸਿਰਫ 18 ਸੀਟਾਂ ’ਤੇ ਹੀ ਸੁੰਗੜ ਕੇ ਰਹਿ ਗਈ। ਉਨ੍ਹਾਂ ਮੰਗ ਕੀਤੀ ਸੀ ਕਿ ਸਿੱਧੂ ਵਰਗਾ ਬੰਦਾ ਜਿਸਦੀ ਕਹਿਣੀ ਅਤੇ ਕਰਨੀ ਵਿਚ ਵੱਡਾ ਫਰਕ ਹੈ ਤੇ ਉਹ ਪਾਰਟੀ ਦੀ ਪਿੱਠ ’ਚ ਛੁਰਾ ਮਾਰਦਾ ਹੈ। ਸੁਖਜਿੰਦਰ ਸਿੰਘ ਰੰਧਾਵਾ ਨੇ ਤਾਂ ਇਥੋਂ ਤਕ ਆਖ ਦਿੱਤਾ ਕਿ ਮੇਰੀ ਸਿੱਧੂ ਨਾਲ ਨਹੀਂ ਬਣਦੀ, ਇਸ ਲਈ ਮੇਰੇ ਕੋਲੋਂ ਉਸ ਬਾਰੇ ਸਵਾਲ ਨਾ ਪੁੱਛਿਆ ਕਰੋ। ਰੰਧਾਵਾ ਨੇ ਕਿਹਾ ਕਿ ਜਿਸ ਵਿਅਕਤੀ ਨਾਲ ਮੇਰੀ ਨਹੀਂ ਬਣਦੀ ਮੈਂ ਉਸ ਬਾਰੇ ਬੋਲਣਾ ਚੰਗਾ ਨਹੀਂ ਸਮਝਦਾ। 

ਇਹ ਵੀ ਪੜ੍ਹੋ : ਰਾਜਾ ਵੜਿੰਗ ਦੇ ਸਾਹਮਣੇ ਨਵਜੋਤ ਸਿੱਧੂ ਦੀ ਵੰਗਾਰ, ਰੈਲੀ ’ਚ 10 ਹਜ਼ਾਰ ਦਾ ਇਕੱਠ ਕਰਕੇ ਦਿਖਾਓ

ਕੀ ਕਿਹਾ ਸੀ ਪ੍ਰਤਾਪ ਬਾਜਵਾ ਨੇ 

ਪ੍ਰਤਾਪ ਸਿੰਘ ਬਾਜਵਾ ਨੇ ਨਵਜੋਤ ਸਿੱਧੂ ਵੱਲੋਂ ਕੀਤੀ ਗਈ ਇਕ ਰੈਲੀ ਸਬੰਧੀ ਕਿਹਾ ਸੀ ਕਿ ਉਹ ਵੱਖਰੀਆਂ ਰੈਲੀਆਂ ਕਰਨ ਦੀ ਬਜਾਏ ਸਾਂਝੇ ਮੰਚ ’ਤੇ ਆਉਣ ਕਾਂਗਰਸ ਦੇ ਪ੍ਰਦਸ਼ਨ ਵਿਚ ਸ਼ਾਮਲ ਹੋ ਕੇ ਆਪਣੀ ਗੱਲ ਰੱਖਣ। ਬਾਜਵਾ ਨੇ ਇਹ ਵੀ ਕਿਹਾ ਸੀ ਕਿ ਸਿੱਧੂ ਦੀ ਪ੍ਰਧਾਨਗੀ ਹੇਠ ਕਾਂਗਰਸ 78 ਵਿਧਾਇਕਾਂ ਤੋਂ 18 ’ਤੇ ਸਿਮਟ ਗਈ ਹੈ। ਹੁਣ ਸਿੱਧੂ ਦਾ ਫ਼ਰਜ਼ ਬਣਦਾ ਹੈ ਕਿ ਉਹ ਪਾਰਟੀ ਨਾਲ ਚੱਲਣ। ਇਸ ’ਤੇ ਪ੍ਰਤੀਕਿਰਿਆ ਦਿੰਦਿਆਂ ਨਵਜੋਤ ਸਿੱਧੂ ਨੇ ਕਈ ਸਵਾਲ ਖੜ੍ਹੇ ਕੀਤੇ। ਉਨ੍ਹਾਂ ਬਾਜਵਾ ਨੂੰ ਪੁੱਛਿਆ ਕਿ ਤੁਸੀਂ ਇੰਡੀਆ ਗੱਠਜੋੜ ਦੀ ਸਿਆਸਤ ਨੂੰ ਨਕਾਰੋ ਤੇ ਬੋਲੋ ਕਿ ਅਸੀਂ ਕਾਂਗਰਸ ਹਾਈਕਮਾਂਡ ਵੱਲੋਂ ਇਸ ਗੱਠਜੋੜ ਦੇ ਸਿਆਸੀ ਫ਼ੈਸਲਿਆਂ ਨੂੰ ਲਾਗੂ ਨਹੀਂ ਕਰਾਂਗੇ ਤਾਂ ਇਹ ਵੱਖਰਾ ਅਖਾੜਾ ਨਹੀਂ ਹੈ? ਪਰ ਜੇ ਕੋਈ ਹੋਰ ਇਹ ਆਖੇ ਕਿ ਹਾਈਕਮਾਂਡ ਨਾਲ ਖੜ੍ਹਾਂਗਾ ਅਤੇ ਪੰਜਾਬ ਲਈ ਲੜਾਂਗਾ ਤਾਂ ਇਹ ਵੱਖਰਾ ਅਖਾੜਾ ਕਿਵੇਂ ਹੋ ਗਿਆ?’ 

ਇਹ ਵੀ ਪੜ੍ਹੋ : ਸਕੂਲਾਂ ਵਿਚ ਛੁੱਟੀਆਂ ਦੌਰਾਨ ਪੰਜਾਬ ਸਰਕਾਰ ਵਲੋਂ ਨਵੇਂ ਹੁਕਮ ਜਾਰੀ, ਲਿਆ ਗਿਆ ਵੱਡਾ ਫ਼ੈਸਲਾ

ਸਿੱਧੂ ਦੀ ਹਮਾਇਤੀਆਂ ਨੇ ਦਿੱਤਾ ਸੀ ਜਵਾਬ

ਸਿੱਧੂ ਦੀ ਹਮਾਇਤ ਵਿਚ ਆਏ ਸਾਬਕਾ ਵਿਧਾਇਕਾਂ ਤੇ ਹਲਕਾ ਇੰਚਾਰਜਾਂ ਨੇ ਕਿਹਾ ਸੀ ਕਿ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਨਾ ਸਾਨੂੰ ਅਤੇ ਨਾ ਹੀ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦੇ ਸਮਾਗਮਾਂ ਵਿੱਚ ਸੱਦਿਆ ਜਾਂਦਾ ਹੈ ਅਤੇ ਜੇ ਅਸੀਂ ਕਾਂਗਰਸ ਦੀ ਬਿਹਤਰੀ ਲਈ ਪਾਰਟੀ ਵਰਕਰਾਂ ਦੇ ਸੱਦੇ ’ਤੇ ਰੈਲੀ ਰੱਖ ਕੇ ਅੱਠ ਹਜ਼ਾਰ ਤੋਂ ਵੱਧ ਦਾ ਇਕੱਠ ਕੀਤਾ ਤਾਂ ਸਾਡਾ ਹੌਸਲਾ ਵਧਾਉਣ ਦੀ ਬਜਾਏ ਸਾਨੂੰ ਮਾੜਾ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨਾਲ ਨੇੜਤਾ ਕਰਕੇ ਸਾਡੇ ਨਾਲ ਪਾਰਟੀ ਵਿਚ ਪੱਖਪਾਤ ਕਿਉਂ ਕੀਤਾ ਜਾ ਰਿਹਾ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਪਿਛਲੇ ਲਗਪਗ ਇਕ ਮਹੀਨੇ ਤੋਂ ਪ੍ਰਤਾਪ ਬਾਜਵਾ ਨੇ ਵਿਰੋਧੀ ਧਿਰ ਵਜੋਂ ਕੋਈ ਵੱਡਾ ਸਮਾਗਮ ਨਹੀਂ ਕੀਤਾ ਜਦਕਿ ਉਹ ਖੁੱਲ੍ਹੀ ਰੈਲੀ ਰਾਹੀਂ ਲੋਕਾਂ ਦੇ ਸਵਾਲ ਸਰਕਾਰ ਅੱਗੇ ਰੱਖ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸੀ ਕਾਰਕੁਨਾਂ ਨੂੰ ਮਾਣ-ਸਤਿਕਾਰ ਤੇ ਨੁਮਾਇੰਦਗੀ ਨਹੀਂ ਮਿਲ ਰਹੀ।

ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵੱਡਾ ਫ਼ੈਸਲਾ, ਹੁਣ ਵਿਦਿਆਰਥੀ ਪੰਜਾਬੀ ’ਚ ਪੜ੍ਹਨਗੇ ਸਾਇੰਸ ਤੇ ਗਣਿਤ

ਕੋਈ ਵੀ ਕਾਂਗਰਸੀ 10 ਹਜ਼ਾਰ ਦਾ ਇਕੱਠ ਕਰਕੇ ਦਿਖਾਵੇ : ਸਿੱਧੂ

ਸੋਮਵਾਰ ਨੂੰ ਅੰਮ੍ਰਿਤਸਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੂੰ ਇਕਜੁੱਟ ਕਰਨ ਤੇ ਉਤਸ਼ਾਹਿਤ ਕਰਨ ਲਈ ਰੈਲੀ ਕਰਨਾ ਕੋਈ ਗਲਤ ਨਹੀਂ ਹੈ ਅਤੇ ਉਹ ਇਸ ਨੂੰ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਕਾਂਗਰਸੀ ਆਗੂ 10 ਹਜ਼ਾਰ ਵਰਕਰਾਂ ਦਾ ਇਕੱਠ ਕਰਦਾ ਹੈ ਤਾਂ ਉਹ ਉਸ ਦਾ ਤਾੜੀਆਂ ਮਾਰ ਕੇ ਸਵਾਗਤ ਕਰਨਗੇ। ਉਹ ਪੰਜਾਬ ਅਤੇ ਵਿਦੇਸ਼ ਵਿਚ ਵੱਸਦੇ ਪੰਜਾਬੀਆਂ ਲਈ ਆਪਣੀ ਲੜਾਈ ਜਾਰੀ ਰੱਖਣਗੇ ਤੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਦਵੇਂਦਰ ਯਾਦਵ ਨੂੰ ਪੂਰਾ ਸਹਿਯੋਗ ਦੇਣਗੇ। 

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਵੱਡੀ ਅਪਡੇਟ, ਇਨ੍ਹਾਂ ਇਲਾਕਿਆਂ ਵਿਚ ਪੈ ਸਕਦਾ ਹੈ ਮੀਂਹ

 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News