ਪੁਲਸ ਛਾਉਣੀ 'ਚ ਤਬਦੀਲ ਹੋਇਆ ਫਗਵਾੜਾ
Saturday, Feb 09, 2019 - 06:16 PM (IST)

ਫਗਵਾੜਾ (ਰੁਪਿੰਦਰ)— ਫਗਾਵਾੜਾ ਦੇ ਮੁਹੱਲਾ ਖਲਵਾੜਾ ਗੇਟ ਇਲਾਕੇ 'ਚ ਬੀਤੀ ਰਾਤ ਦੋ ਧਿਰਾਂ ਵਿਚਾਲੇ ਹੋਏ ਝਗੜੇ ਨੂੰ ਲੈ ਕੇ ਫਗਵਾੜਾ ਪੁਲਸ ਛਾਉਣੀ 'ਚ ਤਬਦੀਲ ਹੋ ਗਿਆ ਹੈ। ਦੱਸ ਦੇਈਏ ਕਿ ਫਗਵਾੜਾ 'ਚ ਸਾਵਧਾਨੀ ਦੇ ਤੌਰ 'ਤੇ ਭਾਰੀ ਗਿਣਤੀ 'ਚ ਫੋਰਸ ਦੀ ਤਾਇਨਾਤੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਬੀਤੀ ਰਾਤ ਮੁਹੱਲਾ ਖਲਵਾੜਾ ਗੇਟ ਇਲਾਕੇ 'ਚ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ ਸੀ, ਜਿਸ ਦੌਰਾਨ ਇੱਟਾਂ-ਪੱਥਰ ਵੀ ਚੱਲੇ। ਇਸ ਦੌਰਾਨ ਦੋਵਾਂ ਧਿਰਾਂ ਦੇ 3 ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ।
ਝਗੜੇ ਦੌਰਾਨ ਭੜਕੇ ਦੋਵਾਂ ਧਿਰਾਂ ਦੇ ਲੋਕਾਂ ਨੇ ਥਾਣੇ ਅੱਗੇ ਰੋਸ ਮੁਜ਼ਾਹਰਾ ਵੀ ਕੀਤਾ ਅਤੇ ਡੀ. ਐੱਸ. ਪੀ. ਦੀ ਗੱਡੀ ਦੇ ਸ਼ੀਸ਼ੇ ਵੀ ਭੰਨ੍ਹ ਦਿੱਤੇ ਤੇ ਨਾਲ ਹੀ ਥਾਣੇ ਦੇ ਬਾਹਰ ਲੱਗਾ ਥਾਣੇ ਦਾ ਬੋਰਡ ਵੀ ਭੰਨ੍ਹ ਦਿੱਤਾ। ਬਾਅਦ 'ਚ ਐੱਸ. ਪੀ. ਮਨਦੀਪ ਸਿੰਘ, ਡੀ. ਐੱਸ. ਪੀ. (ਡੀ.) ਮਨਪ੍ਰੀਤ ਸਿੰਘ ਢਿੱਲੋਂ ਮੌਕੇ 'ਤੇ ਪੁੱਜੇ ਅਤੇ ਮੁਜ਼ਾਹਰਾਕਾਰੀਆਂ ਤੋਂ ਘਟਨਾ ਸਥਾਨ ਦਾ ਜਾਇਜ਼ਾ ਲਿਆ ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ।