ਮੀਤ ਹੇਅਰ ਦੀ ਰਿਹਾਇਸ਼ ਅੱਗੇ ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨਾਂ 'ਤੇ ਲਾਠੀਚਾਰਜ, ਭਜਾ-ਭਜਾ ਕੁੱਟੇ ਅਧਿਆਪਕ
Tuesday, Sep 20, 2022 - 11:35 AM (IST)
ਬਰਨਾਲਾ(ਵਿਵੇਕ ਸਿੰਧਵਾਨੀ,ਰਵੀ) : 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫਰੰਟ ਪੰਜਾਬ ਵੱਲੋਂ ਆਪਣੀ ਭਰਤੀ ਪ੍ਰਕਿਰਿਆ ਨੂੰ ਬਹਾਲ ਕਰਵਾਉਣ ਲਈ ਉਚੇਰੀ ਸਿੱਖਿਆ ਮੰਤਰੀ ਮੀਤ ਹੇਅਰ ਦੀ ਰਿਹਾਇਸ਼ ਨੇੜੇ ਰੋਡ ਜਾਮ ਕਰ ਕੇ ਧਰਨਾ ਦਿੱਤਾ। ਜਦ ਉਕਤ ਧਰਨਾਕਾਰੀ ਸਿੱਖਿਆ ਮੰਤਰੀ ਦੀ ਰਿਹਾਇਸ਼ ਵੱਲ ਵਧ ਰਹੇ ਸਨ ਤਾਂ ਪੁਲਸ ਨੇ ਅਧਿਆਪਕਾਂ, ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨ ’ਤੇ ਲਾਠੀਚਾਰਜ ਸ਼ੁਰੂ ਕਰ ਦਿੱਤਾ, ਇੱਥੋਂ ਤੱਕ ਮਹਿਲਾ ਅਧਿਆਪਕਾਂ ਨੂੰ ਸੜਕ ’ਤੇ ਭਜਾ-ਭਜਾ ਕੇ ਕੁੱਟਿਆ ਗਿਆ। ਜਦੋਂ ਇਕ ਮਹਿਲਾ ਅਧਿਆਪਕ ’ਤੇ ਲਾਠੀਚਾਰਜ ਕੀਤਾ ਜਾ ਰਿਹਾ ਸੀ ਤਾਂ ਉਹ ਪੁਲਸ ਮੁਲਾਜ਼ਮਾਂ ਨੂੰ ਪੁੱਛ ਰਹੀ ਸੀ ਕਿ ਮੈਨੂੰ ਦੱਸੋ ਉਨ੍ਹਾਂ ਦਾ ਕੀ ਕਸੂਰ ਹੈ, ਉਹ ਤਾਂ ਇੱਥੇ ਨੌਕਰੀ ਮੰਗਣ ਆਏ ਹਨ।
ਇਹ ਵੀ ਪੜ੍ਹੋ- ਖੁਸ਼ੀਆਂ ’ਚ ਪਏ ਵੈਣ, ਆਈਲੈਟਸ ਕਰਨ ਜਾ ਰਹੀ ਕੁੜੀ ਨੂੰ ਰਸਤੇ ’ਚ ਮਿਲੀ ਮੌਤ, ਕੁੱਝ ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਲਾਠੀਚਾਰਜ ਕਰਦਿਆਂ ਕਈ ਪੁਲਸ ਮੁਲਾਜ਼ਮ ਜ਼ਮੀਨ ’ਤੇ ਵੀ ਡਿੱਗ ਪਏ, ਪੁਲਸ ਦੇ ਲਾਠੀਚਾਰਜ ਦੇ ਬਾਵਜੂਦ ਪ੍ਰੋਫੈਸਰ ਕੁੜੀਆਂ-ਮੁੰਡਿਆਂ ਵੱਲੋਂ ਸੂਬੇ ਦੀ ‘ਆਪ’ ਸਰਕਾਰ ਅਤੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਰਹੇ। ਅਖ਼ੀਰ ਪੁਲਸ ਨੇ ਲਾਠੀਚਾਰਜ ਕਰ ਕੇ ਪ੍ਰਦਰਸ਼ਨਕਾਰੀਆਂ ਨੂੰ ਭਜਾ ਦਿੱਤਾ ਅਤੇ ਪੁਲਸ ਨੇ ਧਰਨਾਕਾਰੀਆਂ ਨੂੰ ਪੁਲਸ ਬੱਸਾਂ ’ਚ ਬਿਠਾ ਕੇ ਵੱਖ-ਵੱਖ ਥਾਣਿਆਂ ’ਚ ਲਿਜਾ ਕੇ ਬੰਦ ਕਰ ਦਿੱਤਾ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਫਰੰਟ ਦੇ ਕਨਵੀਨਰ ਡਾ. ਸੋਹਣ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 1158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਦੀ ਭਰਤੀ ਦਾ ਇਸ਼ਤਿਹਾਰ ਰੱਦ ਕੀਤੇ ਜਾਣ ’ਤੇ ਲਿਖਤੀ ਫੈਸਲਾ ਆਉਣ ਉਪਰੰਤ ਬਣੀ ਸਥਿਤੀ ਬਾਰੇ ਮੁੱਖ ਮੰਤਰੀ ਤੇ ਉਚੇਰੀ ਸਿੱਖਿਆ ਮੰਤਰੀ ਨਾਲ ਸਾਡੀ ਪੈਨਲ ਮੀਟਿੰਗ ਕਰਵਾਈ ਜਾਵੇ। ਸਰਕਾਰ ਵੱਲੋਂ ਬਕਾਇਦਾ ਪ੍ਰੈੱਸ ਕਾਨਫਰੰਸ ’ਚ ਐਲਾਨ ਕਰ ਕੇ ਫ਼ੈਸਲੇ ਖ਼ਿਲਾਫ਼ ਹਾਈ ਕੋਰਟ ’ਚ ਡਬਲ ਬੈਂਚ ’ਤੇ ਕੇਸ ਲੜਿਆ ਜਾਵੇ।
ਇਹ ਵੀ ਪੜ੍ਹੋ- ਗੁਰਦੁਆਰਾ ਝੜਪ ਮਾਮਲੇ 'ਚ ਅਕਾਲ ਤਖ਼ਤ ਦੀ ਪੜਤਾਲੀਆ ਕਮੇਟੀ ਪੁੱਜੀ ਫਰੀਦਕੋਟ, ਜਲਦ ਪੇਸ਼ ਕਰੇਗੀ ਰਿਪੋਰਟ
ਇਸ ਭਰਤੀ ਪ੍ਰਕਿਰਿਆ ਤਹਿਤ ਕਾਲਜਾਂ ’ਚ ਨਿਯੁਕਤ ਹੋ ਕੇ ਸਹਾਇਕ ਪ੍ਰੋਫੈਸਰਾਂ ਦੇ ਰੋਜ਼ਗਾਰ ਦੀ ਸੁਰੱਖਿਆ ਦੀ ਗਾਰੰਟੀ ਦਿੱਤੀ ਜਾਵੇ, ਜਿਹੜੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਪ੍ਰਾਪਤ ਹੋਏ ਹਨ ਅਤੇ ਜਿਨ੍ਹਾਂ ਦੀਆਂ ਚੋਣ ਲਿਸਟਾਂ ਨਹੀਂ ਆਈਆਂ, ਉਨ੍ਹਾਂ ਦੇ ਰੋਜ਼ਗਾਰ ਦਾ ਸਥਾਈ ਪ੍ਰਬੰਧ ਕਰਨ ਲਈ ਹਾਈ ਕੋਰਟ ’ਚ ਪੈਰਵਾਈ ਕਰਦਿਆਂ ਇਸ ਭਰਤੀ ਨੂੰ ਸਿਰੇ ਚੜ੍ਹਾਇਆ ਜਾਵੇ। ਉਨ੍ਹਾਂ ਕਿਹਾ ਕਿ ਪਿਛਲੇ 25 ਸਾਲਾਂ ਤੋਂ ਪੰਜਾਬ ਦੇ ਸਰਕਾਰੀ ਕਾਲਜਾਂ ’ਚ ਪ੍ਰੋਫੈਸਰਾਂ ਦੀ ਭਰਤੀ ਨਾ ਹੋਣ ਕਾਰਨ ਇਨ੍ਹਾਂ ਕਾਲਜਾਂ ’ਚ ਰੈਗੂਲਰ ਪ੍ਰੋਫੈਸਰਾਂ ਦੀ ਗਿਣਤੀ ਨਾ ਮਾਤਰ ਹੈ। ਆਉਂਦੇ ਸਾਲਾਂ ਨੂੰ ਉਹ ਵੀ ਸੇਵਾ ਮੁਕਤ ਹੋ ਜਾਣਗੇ। ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਾਡੇ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।