CM ਮਾਨ ਤੇ ਰਾਜਪਾਲ ਵਿਚਾਲੇ ਟਕਰਾਅ ਜਾਰੀ, ਬਜਟ ਸੈਸ਼ਨ ਨੂੰ ਲੈ ਕੇ ਇਸ ਗੱਲ ਦਾ ਖ਼ਦਸ਼ਾ ਬਰਕਰਾਰ
Wednesday, Feb 15, 2023 - 09:53 AM (IST)
ਜਲੰਧਰ (ਨਰਿੰਦਰ ਮੋਹਨ) : ਪੰਜਾਬ ਦੇ ਆਉਣ ਵਾਲੇ ਬਜਟ ਸੈਸ਼ਨ 'ਚ ਰਾਜਪਾਲ ਦੇ ਭਾਸ਼ਣ ਨੂੰ ਲੈ ਕੇ ਪੇਚ ਫਸਣ ਦੇ ਖ਼ਦਸ਼ੇ ਪੈਦਾ ਹੋ ਗਏ ਹਨ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਟਕਰਾਅ ਲਗਾਤਾਰ ਵੱਧ ਰਿਹਾ ਹੈ। ਮਾਰਚ 'ਚ ਸੂਬੇ ਦਾ ਬਜਟ ਸੈਸ਼ਨ ਹੋਣ ਦੀ ਸੰਭਾਵਨਾ ਹੈ। ਰਾਜਪਾਲ ਦਾ ਭਾਸ਼ਣ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਦਾ ਚਿੱਠਾ ਹੁੰਦਾ ਹੈ, ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਰਾਜਪਾਲ ਅਤੇ ਮੁੱਖ ਮੰਤਰੀ ਦਰਮਿਆਨ ਟਕਰਾਅ ਵੱਧ ਰਿਹਾ ਹੈ। ਉੱਥੇ ਹੀ ਇਹ ਮੁੱਦਾ ਸੂਬਾ ਸਰਕਾਰ ਦੀਆਂ ਉਪੱਲਬਧੀਆਂ 'ਚ ਸ਼ਾਮਲ ਹੈ। ਬਜਟ ਸੈਸ਼ਨ 'ਚ ਰਾਜਪਾਲ ਦਾ ਭਾਸ਼ਣ ਹੋਵੇਗਾ ਜਾਂ ਨਹੀਂ, ਇਸੇ ਗੱਲ ’ਤੇ ਖ਼ਦਸ਼ੇ ਬਣ ਰਹੇ ਹਨ। ਜਦਕਿ ਇਸ ਮਾਮਲੇ ’ਤੇ ਰਾਜ ਭਵਨ ਵਲੋਂ ਕਾਨੂੰਨੀ ਰਾਏ ਵੀ ਲਈ ਜਾ ਰਹੀ ਹੈ। 13 ਫਰਵਰੀ ਨੂੰ ਰਾਜਪਾਲ ਵਲੋਂ ਮੀਡੀਆ ਨੂੰ ਜਾਰੀ ਕੀਤੀ ਚਿੱਠੀ ਤੋਂ ਬਾਅਦ ਰਾਜਪਾਲ ਅਤੇ ਮੁੱਖ ਮੰਤਰੀ ਦੇ ਦਰਮਿਆਨ ਟਕਰਾਅ ਵੱਧ ਗਿਆ ਸੀ।
ਇਹ ਵੀ ਪੜ੍ਹੋ : ਲੁਧਿਆਣਾ 'ਚ DC ਦਫ਼ਤਰ ਦੇ ATM 'ਚ ਫਸੀ ਔਰਤ, ਸਫ਼ਾਈ ਕਰਨ ਵੜੀ ਸੀ ਅੰਦਰ ਤਾਂ ਅਚਾਨਕ...
ਪੰਜਾਬ ਦੇ ਸਰਕਾਰੀ ਅਧਿਆਪਕਾਂ ਨੂੰ ਟ੍ਰੇਨਿੰਗ ਲਈ ਸਿੰਗਾਪੁਰ ਭੇਜਣ ਦੇ ਮੁੱਦੇ ’ਤੇ ਰਾਜਪਾਲ ਨੇ ਮੁੱਖ ਮੰਤਰੀ ਦੇ ਕਈ ਜਵਾਬ ਮੰਗੇ ਸਨ। ਇਸ ਮਾਮਲੇ ਦੇ ਨਾਲ ਆਈ. ਪੀ. ਐੱਸ. ਅਧਿਕਾਰੀ ਕੁਲਦੀਪ ਚਾਹਲ, ਸੁਰੱਖਿਆ ਦੀ ਇਕ ਬੈਠਕ 'ਚ ਨਵਲ ਅਗਰਵਾਲ ਦੀ ਹਾਜ਼ਰੀ, ਐੱਸ. ਸੀ. ਸਕਾਲਰਸ਼ਿਪ, ਗੁਜਰਾਤ ਚੋਣਾਂ ਦੌਰਾਨ ਪ੍ਰਕਾਸ਼ਿਤ ਵਿਗਿਆਪਨਾਂ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਨੂੰ ਲੈ ਕੇ ਸਵਾਲ ਸਨ, ਜਿਨ੍ਹਾਂ ’ਤੇ ਰਾਜਪਾਲ ਦਾ ਦੋਸ਼ ਸੀ ਕਿ ਮੁੱਖ ਮੰਤਰੀ ਉਨ੍ਹਾਂ ਦੀਆਂ ਚਿੱਠੀਆਂ ਦੇ ਜਵਾਬ ਨਹੀਂ ਦੇ ਰਹੇ, ਇਸ ਲਈ ਉਨ੍ਹਾਂ ਨੂੰ ਮੀਡੀਆ ਦਾ ਸਹਿਯੋਗ ਲੈਣਾ ਪੈ ਰਿਹਾ ਹੈ। ਇਧਰ ਸੂਬੇ ਦਾ ਬਜਟ ਸੈਸ਼ਨ ਵੀ ਮਾਰਚ ਮਹੀਨੇ ਦੇ ਪਹਿਲੇ ਹਫ਼ਤੇ ਸੰਭਾਵਿਤ ਹੈ। ਵਿਧਾਨ ਸਭਾ ਸੈਸ਼ਨ ਦੀ ਸ਼ੁਰੂਆਤ ਰਾਜਪਾਲ ਦੇ ਭਾਸ਼ਣ ਨਾਲ ਹੁੰਦੀ ਹੈ। ਰਾਜਪਾਲ ਦਾ ਭਾਸ਼ਣ ਸਰਕਾਰ ਵਲੋਂ ਲਿਖ਼ਤੀ ਹੁੰਦਾ ਹੈ। ਸੂਤਰਾਂ ਮੁਤਾਬਕ ਰਾਜਪਾਲ ਦੇ ਭਾਸ਼ਣ 'ਚ ਸਰਕਾਰ ਦੀਆਂ ਉਹ ਪ੍ਰਾਪਤੀਆਂ ਸ਼ਾਮਲ ਹਨ, ਜਿਸ ’ਤੇ ਰਾਜਪਾਲ ਨੇ ਮੁੱਖ ਮੰਤਰੀ ਕੋਲੋਂ ਜਵਾਬ ਮੰਗਿਆ ਹੋਇਆ ਹੈ।
ਇਹ ਵੀ ਪੜ੍ਹੋ : ਚਿੰਤਾ ਭਰੀ ਖ਼ਬਰ : ਡੂੰਘੇ ਸੰਕਟ 'ਚ ਪੈ ਸਕਦੇ ਨੇ ਪੰਜਾਬ ਵਾਸੀ, ਮਾਨ ਸਰਕਾਰ ਨੇ ਵਧਾ ਦਿੱਤੀ ਸਰਗਰਮੀ
ਅਜਿਹੇ 'ਚ ਰਾਜਪਾਲ ਉਸ ਭਾਸ਼ਣ ਨੂੰ ਕਿਵੇਂ ਪੜ੍ਹ ਸਕਣਗੇ, ਇਸ ਨੂੰ ਲੈ ਕੇ ਸ਼ੱਕ ਹੈ। ਕੁੱਝ ਮਹੀਨੇ ਪਹਿਲਾਂ ਤਾਮਿਲਨਾਡੂ 'ਚ ਵੀ ਰਾਜਪਾਲ ਐੱਨ. ਆਰ. ਰਵੀ ਅਤੇ ਮੁੱਖ ਮੰਤਰੀ ਸਟਾਲਿਨ ਦੇ ਦਰਮਿਆਨ ਵੀ ਟਕਰਾਅ ਵਧਿਆ ਸੀ ਅਤੇ ਤਾਮਿਲਨਾਡੂ ਦੇ ਰਾਜਪਾਲ ਨੇ ਇਸ ਭਾਸ਼ਣ ਵਿਚ ਕੁਝ ਪੈਰੇ ਆਪਣੀ ਮਰਜ਼ੀ ਨਾਲ ਜੋੜ ਦਿੱਤੇ ਸਨ, ਇਸ ਨੂੰ ਲੈ ਕੇ ਵਿਵਾਦ ਹੋ ਗਿਆ ਸੀ। ਮਾਮਲਾ ਹੱਥੋਪਾਈ ਤੱਕ ਆ ਗਿਆ ਸੀ। ਤਾਮਿਲਨਾਡੂ ਵਿਚ ਤਾਂ ਰਾਜਪਾਲ ਆਪਣੇ ਭਾਸ਼ਣ ਤੋਂ ਬਾਅਦ ਵਿਰੋਧ ਵਜੋਂ ਰਾਜ ਭਵਨ ਛੱਡ ਕੇ ਚਲ ਗਏ ਸਨ। ਰਾਜਪਾਲ ਅਤੇ ਮੁੱਖ ਮੰਤਰੀ ਦਰਮਿਆਨ ਵਿਵਾਦ ਤਾਂ ਕੇਰਲ, ਪੱਛਮੀ ਬੰਗਾਲ, ਦਿੱਲੀ, ਮਹਾਰਾਸ਼ਟਰ 'ਚ ਵੀ ਚੱਲਿਆ ਅਤੇ ਹੁਣ ਪੰਜਾਬ 'ਚ ਵੀ ਰਾਜਪਾਲ ਅਤੇ ਮੁੱਖ ਮੰਤਰੀ ਦਰਮਿਆਨ ਇਹ ਵਿਵਾਦ ਵੱਧਦਾ ਹੀ ਜਾ ਰਿਹਾ ਹੈ। ਅਜਿਹਾ ਹੀ ਵਿਵਾਦ ਤੇਲੰਗਾਨਾ 'ਚ ਸੀ, ਉੱਥੇ ਤਾਂ ਸੈਸ਼ਨ ਦਾ ਉਠਾਨ ਹੀ ਨਹੀਂ ਕੀਤਾ ਗਿਆ ਸੀ ਅਤੇ ਬਜਟ ਸੈਸ਼ਨ 'ਚ ਇਸ ਤਰ੍ਹਾਂ ਰਾਜਪਾਲ ਦਾ ਭਾਸ਼ਣ ਛੱਡ ਦਿੱਤਾ ਗਿਆ ਪਰ ਪੰਜਾਬ 'ਚ ਵੀ ਲੰਘੀ 3 ਫਰਵਰੀ ਨੂੰ ਰਾਜਪਾਲ ਨੇ ਅਕਤੂਬਰ, 2022 ਦੇ ਸੈਸ਼ਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਸੀ ਅਰਥਾਤ ਆਉਣ ਵਾਲੇ ਬਜਟ ਸੈਸ਼ਨ 'ਚ ਰਾਜਪਾਲ ਦਾ ਭਾਸ਼ਣ ਹੋਵੇਗਾ ਪਰ ਕੀ ਰਾਜਪਾਲ ਭਾਸ਼ਣ ਦੇਣਗੇ ਜਾਂ ਓਹੀ ਭਾਸ਼ਣ ਦੇਣਗੇ, ਜੋ ਸਰਕਾਰ ਦਾ ਲਿਖਿਆ ਹੋਇਆ ਹੋਵੇਗਾ, ਇਸ ਨੂੰ ਲੈ ਕੇ ਪੰਜਾਬ ਰਾਜ ਭਵਨ ਵਲੋਂ ਵੀ ਕਾਨੂੰਨ ਰਾਏ ਲਈ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ