ਮੋਹਾਲੀ : ਕੋਰੋਨਾ ਦੇ ਵੱਧ ਰਹੇ ਕੇਸਾਂ ਦਰਮਿਆਨ ਸਿਵਲ ਸਰਜਨ ਦੀ ਲੋਕਾਂ ਨੂੰ ਅਪੀਲ

Thursday, May 06, 2021 - 01:46 PM (IST)

ਮੋਹਾਲੀ : ਕੋਰੋਨਾ ਦੇ ਵੱਧ ਰਹੇ ਕੇਸਾਂ ਦਰਮਿਆਨ ਸਿਵਲ ਸਰਜਨ ਦੀ ਲੋਕਾਂ ਨੂੰ ਅਪੀਲ

ਮੋਹਾਲੀ (ਪਰਦੀਪ) : ਜ਼ਿਲ੍ਹਾ ਮੋਹਾਲੀ ’ਚ ‘ਕੋਰੋਨਾ ਵਾਇਰਸ’ ਲਾਗ ਦੇ ਵੱਧ ਰਹੇ ਕੇਸਾਂ ਦੇ ਸਨਮੁਖ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਲੋਕਾਂ ਨੂੰ ਮੁੜ ਅਪੀਲ ਕਰਦਿਆਂ ਆਖਿਆ ਕਿ ਇਸ ਮਾਰੂ ਬੀਮਾਰੀ ਤੋਂ ਘਬਰਾਉਣ ਦੀ ਨਹੀਂ ਸਗੋਂ ਤਮਾਮ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੇਸਾਂ ਵਿਚ ਤੇਜ਼ੀ ਨਾਲ ਹੋ ਰਹੇ ਵਾਧੇ ਦਾ ਮੁੱਖ ਕਾਰਨ ਇਹ ਹੈ ਕਿ ਲੋਕ ਅਣਗਹਿਲੀਆਂ ਜ਼ਿਆਦਾ ਕਰ ਰਹੇ ਹਨ ਤਾਂ ਜੋ ਇਹ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਤੋਂ ਚੰਗਾ ਹੈ ਕਿ ਲੋਕ ਮੂੰਹ ਢੱਕ ਕੇ ਰੱਖਣ, ਇਕ ਦੂਜੇ ਤੋਂ ਦੂਰੀ ਰੱਖਣ ਅਤੇ ਵਾਰ-ਵਾਰ ਹੱਥ ਧੋਣ। ਜੋ ਲੋਕ ਬੁਨਿਆਦੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰ ਰਹੇ, ਉਨ੍ਹਾਂ ਦੀ ਜਦੋਂ ਹਾਲਤ ਵਿਗੜ ਜਾਂਦੀ ਹੈ, ਉਦੋਂ ਹੀ ਕੋਵਿਡ ਟੈਸਟ ਕਰਵਾਉਂਦੇ ਹਨ ਜਾਂ ਹਸਪਤਾਲਾਂ ਵਿਚ ਜਾਂਦੇ ਹਨ। ਡਾ. ਆਦਰਸ਼ਪਾਲ ਕੌਰ ਨੇ ਆਖਿਆ,‘‘ਇਸ ਵੇਲੇ ਜ਼ਰੂਰੀ ਸਾਵਧਾਨੀਆਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਬੇਹੱਦ ਜ਼ਰੂਰਤ ਹੈ। ਸਿਹਤ ਮਹਿਕਮੇ  ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬੀਮਾਰੀ ਨੂੰ ਕੰਟਰੋਲ ਕਰਨ ਲਈ ਲੋੜੀਂਦੇ ਪ੍ਰਬੰਧਾਂ ਪੱਖੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਪਰ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ।’ ਉਨ੍ਹਾਂ ਕਿਹਾ ਕਿ ਕਈ ਲੋਕ ਬਿਨਾਂ ਕਿਸੇ ਖ਼ਾਸ ਲੋੜ ਜਾਂ ਕੰਮ ਦੇ ਬਾਜ਼ਾਰਾਂ ਵਿਚ ਜਾਂ ਹੋਰ ਥਾਈਂ ਜਾ ਰਹੇ ਹਨ ਜੋ ਬਹੁਤ ਗ਼ਲਤ ਰੁਝਾਨ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਕੰਮ ਬਹੁਤੇ ਜ਼ਰੂਰੀ ਨਹੀਂ, ਉਨ੍ਹਾਂ ਨੂੰ ਫ਼ਿਲਹਾਲ ਅੱਗੇ ਪਾ ਦਿਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਮਾੜਾ ਦੌਰ ਚੱਲ ਰਿਹਾ ਹੈ ਅਤੇ ਇਸ ਔਖੀ ਘੜੀ ਵਿਚੋਂ ਬਾਹਰ ਨਿਕਲਣ ਲਈ ਸਾਰਿਆਂ ਨੂੰ ਮਿਲ-ਜੁਲ ਕੇ ਯਤਨ ਕਰਨ ਦੀ ਲੋੜ ਹੈ। ਖੰਘ, ਬੁਖ਼ਾਰ, ਸਾਹ ਲੈਣ ਵਿਚ ਤਕਲੀਫ਼ ਜਿਹੇ ਲੱਛਣ ਦਿਸਣ ’ਤੇ ਤੁਰੰਤ ਕੋਵਿਡ ਟੈਸਟ ਕਰਵਾਇਆ ਜਾਵੇ ਜੋ ਸਰਕਾਰੀ ਸਿਹਤ ਸੰਸਥਾਵਾਂ ਵਿਚ ਬਿਲਕੁਲ ਮੁਫ਼ਤ ਹੋ ਰਿਹਾ ਹੈ।

ਇਹ ਵੀ ਪੜ੍ਹੋ :  ਕੋਵਿਡ ਆਫ਼ਤ ’ਚ ਅਮਰਿੰਦਰ ਪੰਜਾਬ ਨੂੰ ਸੰਭਾਲਣ ’ਚ ਹੋਏ ਅਸਫ਼ਲ : ਅਸ਼ਵਨੀ ਸ਼ਰਮਾ

ਬੇਹੱਦ ਜ਼ਰੂਰੀ ਕੰਮ ਪੈਣ ’ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ ਅਤੇ ਬਾਹਰ ਨਿਕਲਣ ਸਮੇਂ ਮਾਸਕ ਨਾਲ ਮੂੰਹ ਢੱਕ ਕੇ ਰਖਿਆ ਜਾਵੇ ਅਤੇ ਇਕ ਦੂਜੇ ਤੋਂ ਜ਼ਰੂਰੀ ਫ਼ਾਸਲਾ ਰਖਿਆ ਜਾਵੇ। ਸਾਬਣ ਆਦਿ ਨਾਲ ਵਾਰ-ਵਾਰ ਹੱਥ ਧੋਣੇ ਵੀ ਬਹੁਤ ਜ਼ਰੂਰੀ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇ ਕਿਸੇ ਕੋਵਿਡ ਮਰੀਜ਼ ਅੰਦਰ ਬੀਮਾਰੀ ਦਾ ਕੋਈ ਲੱਛਣ ਨਹੀਂ ਤਾਂ ਵੀ ਉਸ ਨੂੰ ਪੂਰੀ ਸਾਵਧਾਨੀ ਵਰਤਣ ਦੀ ਲੋੜ ਹੈ ਕਿਉਂਕਿ ਉਹ ਕਿਸੇ ਹੋਰ ਨੂੰ ਆਸਾਨੀ ਨਾਲ ਬੀਮਾਰੀ ਲਾ ਸਕਦਾ ਹੈ। ਸਿਵਲ ਸਰਜਨ ਨੇ ਦੁਹਰਾਇਆ ਕਿ ਪਾਣੀ, ਸੀਵਰੇਜ ਅਤੇ ਬਿਜਲੀ ਦਾ ਬਿੱਲ ਭਰਨ, ਕਰਜ਼ੇ ਦੀ ਕਿਸ਼ਤ ਭਰਨ, ਵਾਹਨ ਦਾ ਬੀਮਾ ਕਰਵਾਉਣ, ਰਸੋਈ ਗੈਸ ਸਿਲੰਡਰ ਭਰਵਾਉਣ ਲਈ ਅਦਾਇਗੀ ਕਰਨ, ਮੋਬਾਈਲ ਫ਼ੋਨ, ਟੀ.ਵੀ. ਡਿਸ਼ ਰਿਚਾਰਜ ਕਰਵਾਉਣ ਜਾਂ ਅਜਿਹੇ ਹੋਰ ਕਈ ਕੰਮ ਘਰ ਵਿਚ ਹੀ ਮੋਬਾਈਲ ਜਾਂ ਕੰਪਿਊਟਰ ’ਤੇ ਆਨਲਾਈਨ ਕੀਤੇ ਜਾ ਸਕਦੇ ਹਨ, ਜਿਨ੍ਹਾਂ ਵਾਸਤੇ ਬਾਹਰ ਬਾਜ਼ਾਰ ਵਿਚ ਜਾਣ ਦੀ ਕੋਈ ਲੋੜ ਨਹੀਂ। ਉਨ੍ਹਾਂ ਕਿਹਾ ਕਿ ਜਿਹੜੀਆਂ ਦੁਕਾਨਾਂ ਖ਼ੁਲ੍ਹੀਆਂ ਹਨ, ਉਨ੍ਹਾਂ ਵਿਚ ਗਾਹਕਾਂ ਦੀ ਭੀੜ ਨਹੀਂ ਹੋਣੀ ਚਾਹੀਦੀ ਅਤੇ ਸਮਾਜਕ ਦੂਰੀ ਹਰ ਹਾਲਤ ਵਿਚ ਕਾਇਮ ਰੱਖੀ ਜਾਣੀ ਚਾਹੀਦੀ ਹੈ। ਦੁਕਾਨ ਵਿਚ ਦਾਖ਼ਲ ਹੋਣ ਵੇਲੇ ਅਤੇ ਬਾਹਰ ਆਉਣ ਸਮੇਂ ਵੀ ਹੱਥ ਧੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਸਿਹਤ ਸਮੱਸਿਆ ਸਬੰਧੀ ਸਿਹਤ ਮਹਿਕਮੇ ਦੀ ਹੈਲਪਲਾਈਨ 104 ’ਤੇ ਸੰਪਰਕ ਕਰ ਕੇ ਮਾਹਰ ਡਾਕਟਰ ਦੀ ਸਲਾਹ ਵੀ ਲਈ ਜਾ ਸਕਦੀ ਹੈ।

ਇਹ ਵੀ ਪੜ੍ਹੋ :  ਕੋਰੋਨਾ ਮਹਾਮਾਰੀ ਦਰਮਿਆਨ ਸ਼ਰਾਬ ਪੀਣ ਵਾਲਿਆਂ ਨੂੰ ਸਖ਼ਤ ਚਿਤਾਵਨੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


author

Anuradha

Content Editor

Related News