ਫਰੀਦਕੋਟ ਜ਼ਿਲ੍ਹੇ ਦੀਆਂ ਪ੍ਰਾਪਤ 251 ਰਿਪੋਰਟਾਂ ਨੈਗੇਟਿਵ : ਸਿਵਲ ਸਰਜਨ
Friday, Jun 12, 2020 - 05:52 PM (IST)
ਫਰੀਦਕੋਟ (ਬਾਂਸਲ, ਜਸਬੀਰ ਕੌਰ) : ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਦੇ ਮੈਡੀਕਲ, ਪੈਰਾ-ਮੈਡੀਕਲ ਅਤੇ ਮਾਸ ਮੀਡੀਆ ਸਟਾਫ ਵੱਲੋਂ ਕੋਵਿਡ-19 ਤਹਿਤ ਆਪਣੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਸਿਵਲ ਸਰਜਨ ਡਾ.ਰਜਿੰਦਰ ਕੁਮਾਰ ਨੇ ਸਿਹਤ ਵਿਭਾਗ ਫਰੀਦਕੋਟ ਵੱਲੋਂ ਕੋਵਿਡ-19 ਦੇ ਹੁਣ ਤੱਕ 6610 ਸੈਂਪਲ ਲੈਬ ਵਿਚ ਭੇਜੇ ਜਾ ਚੁੱਕੇ ਹਨ। ਜਿਨ੍ਹਾਂ ਵਿੱਚੋਂ 328 ਸੈਂਪਲਾਂ ਦੇ ਨਤੀਜੇ ਆਉਣੇ ਅਜੇ ਬਾਕੀ ਹਨ। ਉਨ੍ਹਾਂ ਦੱਸਿਆ ਕਿ ਅੱਜ ਪ੍ਰਾਪਤ ਨਤੀਜਿਆਂ ਵਿਚ 328 ਰਿਪੋਰਟਾਂ ਨੈਗੇਟਿਵ ਆਈਆਂ ਹਨ। ਇਸ ਤਰ੍ਹਾਂ ਹੁਣ ਜ਼ਿਲ੍ਹਾ ਫਰੀਦਕੋਟ 'ਚ ਐਕਟਿਵ ਕੇਸਾਂ ਦੀ ਗਿਣਤੀ 20 ਰਹਿ ਗਈ ਹੈ।
ਉਨ੍ਹਾਂ ਕਿਹਾ ਕਿ ਪਾਜ਼ੇਟਿਵ ਪਾਏ ਗਏ ਸਾਰੇ ਮਰੀਜ਼ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ 'ਚ ਆਈਸੋਲੇਸ਼ਨ ਵਾਰਡ ਵਿਚ ਜੇਰੇ ਇਲਾਜ ਹਨ। ਵਿਭਾਗ ਵੱਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਕੋਟਕਪੂਰਾ, ਜੈਤੋ, ਬਾਜਾਖਾਨਾ, ਸਾਦਿਕ ਅਤੇ ਫਰੀਦਕੋਟ ਵਿਖੇ ਸਥਾਪਿਤ ਫਲੂ ਕਾਰਨਰ ਵਿਖੇ ਸੈਂਪਲ ਇਕੱਤਰ ਕਰ ਲੈਬ ਨੂੰ ਜਾਂਚ ਲਈ ਭੇਜੇ ਜਾ ਰਹੇ ਹਨ। ਅੱਜ ਸਿਹਤ ਵਿਭਾਗ ਦੀ ਟੀਮ ਨੇ 120 ਕੋਰੋਨਾ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਹਨ। ਡਿਪਟੀ ਕਮਿਸ਼ਨਰ ਫਰੀਦਕੋਟ ਕੁਮਾਰ ਸੌਰਭ ਰਾਜ ਆਈ.ਏ.ਐਸ ਦੇ ਦਿਸ਼ਾ-ਨਿਰਦੇਸਾਂ ਤਹਿਤ ਜ਼ਿਲੇ ਅੰਦਰ ਵੱਖ-ਵੱਖ ਸਥਾਨਾਂ 'ਤੇ ਕਿਸੇ ਐਂਮਰਜੈਂਸੀ ਨਾਲ ਨਜਿੱਠਣ ਲਈ ਆਈਸੋਲੇਸ਼ਨ ਵਾਰਡ ਵੀ ਸਥਾਪਿਤ ਕੀਤੇ ਗਏ ਹਨ।
ਕੋਵਿਡ-19 ਦੇ ਜ਼ਿਲ੍ਹਾ ਨੋਡਲ ਅਫਸਰ ਡਾ. ਮਨਜੀਤ ਕ੍ਰਿਸ਼ਨ ਭੱਲਾ ਅਤੇ ਮੀਡੀਆ ਇੰਚਾਰਜ ਕੋਵਿਡ-19 ਡਾ. ਪ੍ਰਭਦੀਪ ਸਿੰਘ ਚਾਵਲਾ ਨੇ ਦੱਸਿਆ ਕਿ ਲੋਕਾਂ ਨੂੰ ਕੋਰੋਨਾ ਦੀ ਰੋਕਥਾਮ ਲਈ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਘਰ ਇਕਾਂਤਵਾਸ ਕੀਤੇ ਵਿਅਕਤੀਆਂ ਨੂੰ ਕੋਵਾ ਐਪ ਡਾਊਨਲੋਡ ਕਰਨ ਦੀ ਹਦਾਇਤ ਕੀਤੀ ਗਈ ਹੈ ਤਾਂ ਜੋ ਉਹ ਘਰ ਰਹਿ ਕੇ ਆਪਣੀ ਸਿਹਤ ਸਬੰਧੀ ਜਾਣਕਾਰੀ ਸਾਂਝੀ ਕਰ ਸਕਣ।